ਤੱਥ ਜਾਂਚ: ਭੁਪਿੰਦਰ ਹੁੱਡਾ ਤੇ CM ਖੱਟਰ ਦੀ ਇਹ ਤਸਵੀਰ ਪੁਰਾਣੀ, ਬੇਭਰੋਸਗੀ ਮਤੇ ਨਾਲ ਨਹੀਂ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2019 ਵਿਚ ਖਿੱਚੀ ਗਈ ਸੀ ਅਤੇ ਇਸ ਦੇ ਹਾਲੀਆ ਬੇਭਰੋਸਗੀ ਮਤੇ ਦੇ ਖਾਰਜ ਹੋਣ ਨਾਲ ਕੋਈ ਸਬੰਧ ਨਹੀਂ ਹੈ

Fake Image

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- 10 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਭਾਜਪਾ-ਜੇਜੇਪੀ ਸਰਕਾਰ ਵਿਰੁਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਜੋ ਕਿ ਡਿੱਗ ਗਿਆ ਸੀ। ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਅਤੇ ਵਰਤਮਾਨ CM ਮਨੋਹਰ ਲਾਲ ਖੱਟਰ ਨੂੰ ਇਕੱਠੇ ਹੱਸਦੇ ਵੇਖਿਆ ਜਾ ਸਕਦਾ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬੇਭਰੋਸਗੀ ਮਤਾ ਖਾਰਜ ਹੋਣ ਤੋਂ ਬਾਅਦ ਦੀ ਹੈ। ਪੋਸਟ ਜ਼ਰੀਏ ਤਨਜ਼ ਕੱਸਿਆ ਜਾ ਰਿਹਾ ਹੈ ਕਿ ਸਾਰੇ ਰਾਜਨੀਤਿਕ ਆਗੂ ਆਪਸ ਵਿਚ ਮਿਲੇ ਹੋਏ ਹਨ ਅਤੇ ਇਸੇ ਕਰਕੇ ਇਹ ਮਤਾ ਖਾਰਜ ਹੋਇਆ ਹੈ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2019 ਵਿਚ ਖਿੱਚੀ ਗਈ ਸੀ ਅਤੇ ਇਸ ਦੇ ਹਾਲੀਆ ਬੇਭਰੋਸਗੀ ਮਤੇ ਦੇ ਖਾਰਜ ਹੋਣ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ਼ "Political Stars" ਨੇ 11 ਮਾਰਚ ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "आज की यह फोटो बता रही है कि कौन किससे मिला हुआ है...!!!
सियासत में दो मुंहे सांप ज्यादा हो गए हैं..."

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ਼ ਹੋਇਆ ਕਿ ਵਾਇਰਲ ਤਸਵੀਰ ਦਾ ਹਾਲੀਆ ਖਾਰਜ ਹੋਏ ਬੇਭਰੋਸਗੀ ਮਤੇ ਨਾਲ ਕੋਈ ਸਬੰਧ ਨਹੀਂ ਹੈ।

ਸਾਨੂੰ ਇਹ ਤਸਵੀਰ Deccan Herald ਦੀ ਇਕ ਖਬਰ ਵਿਚ ਅਪਲੋਡ ਮਿਲੀ। ਇਹ ਖ਼ਬਰ 26 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖ਼ਬਰ ਅਨੁਸਾਰ ਇਹ ਤਸਵੀਰ ਚੰਡੀਗੜ੍ਹ ਵਿਚ ਖਿੱਚੀ ਗਈ ਸੀ ਜਦੋਂ ਹਰਿਆਣਾ ਵਿਚ ਭਾਜਪਾ ਦੇ ਵਿਧਾਇਕ ਰਣਬੀਰ ਸਿੰਘ ਗੰਗਵਾ ਪ੍ਰਜਾਪਤੀ ਨੂੰ ਰਾਜ ਵਿਧਾਨਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ ਸੀ।

ਇਸ ਖ਼ਬਰ ਨੂੰ ਇਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।

"ਕੀ ਹੈ ਬੇਭਰੋਸਗੀ ਮਤਾ" 
ਬੇਭਰੋਸਗੀ ਮਤਾ ਉਸ ਸਮੇਂ ਪੇਸ਼ ਕੀਤਾ ਜਾਂਦਾ ਹੈ ਜਦੋਂ ਵਿਰੋਧੀ ਧਿਰ ਨੂੰ ਸੱਤਾਧਾਰੀ ਧਿਰ ਵਿਚ ਇਹ ਭਰੋਸਾ ਨਾ ਰਹੇ ਕਿ ਉਸ ਕੋਲ ਲੋੜੀਂਦੇ ਵਿਧਾਇਕ/ਸਾਂਸਦ ਹਨ ਜਾਂ ਨਹੀਂ । ਇਸ ਲਈ ਵਿਰੋਧੀ ਧਿਰ ਬੇਭਰੋਸਗੀ ਮਤਾ ਲਿਆਉਂਦੀ ਹੈ ਤੇ ਸੱਤਾਧਾਰੀ ਧਿਰ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸ ਕੋਲ ਲੋੜੀਂਦੇ ਮੈਂਬਰ ਹਨ। ਸੱਤਾ ਵਿਚ ਬਣੇ ਰਹਿਣ ਲਈ 50 ਫੀਸਦੀ ਤੋਂ ਜ਼ਿਆਦਾ ਮੈਂਬਰਾਂ ਦਾ ਭਰੋਸਾ ਜਿੱਤਣਾ ਲਾਜ਼ਮੀ ਹੁੰਦਾ ਹੈ। ਇਹ ਸਾਬਿਤ ਕਰਨ ਲਈ ਸਪੀਕਰ ਵੱਲੋਂ ਵੋਟਿੰਗ ਕਰਵਾਈ ਜਾਂਦੀ ਹੈ। ਦੱਸ ਦਈਏ ਕਿ 10 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਭਾਜਪਾ-ਜੇਜੇਪੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਸਵੀਕਾਰ ਕਰਦਿਆਂ ਸਪੀਕਰ ਵੱਲੋਂ ਚਰਚਾ ਕਰਵਾਉਣ ਤੋਂ ਬਾਅਦ ਵੋਟਿੰਗ ਕਰਵਾਈ ਗਈ। ਇਸ ਵੋਟਿੰਗ ਵਿਚ ਸੱਤਾਧਾਰੀ ਧਿਰ ਨਾਲ ਸਬੰਧਤ 55 ਵਿਧਾਇਕਾਂ ਨੇ ਇਸ ਮਤੇ ਦੇ ਵਿਰੋਧ ਵਿਚ ਵੋਟ ਦਿੱਤੀ ਅਤੇ 32 ਵੋਟਾਂ  ਮਤੇ ਦੇ  ਹੱਕ ਵਿਚ ਭੁਗਤੀਆਂ ਜਿਸ ਕਾਰਨ ਵਿਧਾਨ ਸਭਾ ਵਿਚ ਇਹ ਮਤਾ ਡਿੱਗ ਗਿਆ। 

ਬੇਭਰੋਸਗੀ ਮਤੇ ਨੂੰ ਲੈ ਕੇ  thelallantop.com ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2019 ਵਿਚ ਖਿੱਚੀ ਗਈ ਸੀ ਅਤੇ ਇਸ ਤਸਵੀਰ ਦਾ ਹਾਲੀਆ ਬੇਭਰੋਸਗੀ ਮਤੇ ਦੇ ਖਾਰਜ ਹੋਣ ਨਾਲ ਕੋਈ ਸਬੰਧ ਨਹੀਂ ਹੈ।

Claim : ਤਸਵੀਰ ਬੇਭਰੋਸਗੀ ਮਤਾ ਖਾਰਜ ਹੋਣ ਤੋਂ ਬਾਅਦ ਦੀ ਹੈ
Claimed By: ਫੇਸਬੁੱਕ ਪੇਜ "Political Stars"
Fact Check : ਫਰਜ਼ੀ