ਤੱਥ ਜਾਂਚ:ਰਾਜਨਾਥ ਸਿੰਘ ਦੇ ਕਿਸਾਨ ਸਮਰਥਨ ਦਾ ਇਹ ਵੀਡੀਓ ਪੁਰਾਣਾ, ਹਾਲੀਆ ਸੰਘਰਸ਼ ਨਾਲ ਨਹੀਂ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਕਿਸਾਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਸਿੰਘੂ, ਟਿੱਕਰੀ, ਗ਼ਾਜ਼ੀਪੁਰ, ਆਦਿ ਕਈ ਬਾਰਡਰਾਂ 'ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਵਿਚ ਹੁਣ ਤੱਕ ਸੌ ਤੋਂ ਵੱਧ ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਦੇ ਚਲਦੇ ਕਈ ਫਰਜ਼ੀ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਕ੍ਰਮ ਵਿਚ ਹੁਣ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਉਹਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਖੇਤੀ ਕਾਨੂੰਨਾਂ ਦੇ ਖਿਲਾਫ਼ ਬੋਲ ਰਹੇ ਹਨ ਜਿਸ ਨਾਲ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ

ਫੇਸਬੁੱਕ ਯੂਜ਼ਰ प्रद्युम्न सिंह तोमर ਨੇ 1 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''राजनाथ सिंह उतरे कृषी बिलो के विरोध मे किसानो के सम्मान मे केन्द्र सरकार को तगङा झटका किसानों के सम्मान में राजनाथ सिंह जी उतरे मैदान में किसान एकता जिन्दाबाद ????????''

ਵਾਇਰਲ ਵੀਡੀਓ ਦਾ ਅਰਕਾਇਵਰਡ ਲਿੰਕ

ਪੜਤਾਲ 

ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿਚ ਰਾਜਨਾਥ ਸਿੰਘ ਕਿਸਾਨਾਂ ਦੇ ਹੱਕ ਵਿਚ ਬੋਲਣ ਦੇ ਨਾਲ-ਨਾਲ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦੀ ਵੀ ਕਾਫ਼ੀ ਤਾਰੀਫ਼ ਕਰਦੇ ਹੋਏ ਸੁਣੇ ਜਾ ਸਕਦੇ ਹਨ। ਹਿੰਟ ਮਿਲਦੇ ਹੀ ਅਸੀਂ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਵੀਡੀਓ ਕਈ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਮਿਲਿਆ। 

ਸਾਨੂੰ ਅਸਲ ਵੀਡੀਓ Bharatiya Janata Party ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤਾ ਮਿਲਿਆ। ਇਹ ਵੀਡੀਓ 6 ਅਕਤੂਬਰ 2015 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਪੂਰਾ ਵੀਡੀਓ 18.44 ਮਿੰਟ ਦਾ ਸੀ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Shri Rajnath Singh speech on the occasion of Mahendra Singh Tikait Birth Anniversary''

ਕੈਪਸ਼ਨ ਅਨੁਸਾਰ ਰਾਜਨਾਥ ਸਿੰਘ ਮਹਿੰਦਰ ਸਿੰਘ ਟਿਕੈਤ ਦੇ ਜਨਮ ਦਿਹਾੜੇ 'ਤੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। 

ਜਦੋਂ ਅਸੀਂ ਪੂਰਾ ਵੀਡੀਓ ਸੁਣਿਆ ਤਾਂ ਪਤਾ ਲੱਗਾ ਕਿ 18.44 ਮਿੰਟ ਦੇ ਅਸਲ ਵੀਡੀਓ ਵਿਚੋਂ 5.45 ਮਿੰਟ ਤੋਂ ਬਾਅਦ ਦਾ ਹਿੱਸਾ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਰਾਜਨਾਥ ਸਿੰਘ ਕਿਸਾਨਾਂ ਦੇ ਹੱਕ ਵਿਚ ਗੱਲ ਕਰ ਰਹੇ ਹਨ ਤੇ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਵੱਲੋਂ ਕੀਤੇ ਕੰਮਾਂ ਬਾਰੇ ਦੱਸ ਰਹੇ ਹਨ। 
ਪੂਰਾ ਵੀਡੀਓ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ। 

ਸਾਨੂੰ ਇਹ ਵੀਡੀਓ ANI News ਅਧਿਕਾਰਕ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤਾ ਮਿਲਿਆ। ਇਹ ਵੀਡੀਓ ਵੀ 6 ਅਕਤੂਬਰ 2015 ਨੂੰ ਅਪਲੋਡ ਕੀਤਾ ਗਿਆ ਸੀ।  ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ। 

ਮਤਲਬ ਸਾਫ਼ ਹੈ ਕਿ ਪੁਰਾਣੇ ਵੀਡੀਓ ਨੂੰ ਹਾਲੀਆ ਕਿਸਾਨੀ ਸੰਘਰਸ਼ ਨਾਲ ਜੋੜਿਆ ਜਾ ਰਿਹਾ ਹੈ। 

ਦੱਸ ਦਈਏ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਢੇ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।  ਕੇਂਦਰ ਦੇ ਵਤੀਰੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਲੰਮੇ ਸੰਘਰਸ਼ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਆਖਰ ਦੀ ਠੰਡ ਤੋਂ ਬਾਅਦ ਚੱਲ ਰਹੇ ਬਹਾਰ ਦੇ ਮੌਸਮ ਨੇ ਹੁਣ ਭਰ ਗਰਮੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਸ਼ਹਿਰੀ ਲੋਕ ਵੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਜਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਕਿਸਾਨ ਲਗਾਤਾਰ ਡਟੇ ਹੋਏ ਹਨ ਪਰ ਸਰਕਾਰ ਦੇ ਕੰਨ 'ਤੇ ਅਜੇ ਤੱਕ ਜੂੰ ਨਹੀਂ ਸਰਕੀ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਰਾਜਨਾਥ ਸਿੰਘ ਦੇ 2015 ਦੇ ਵੀਡੀਓ ਨੂੰ ਹਾਲੀਆ ਕਿਸਾਨੀ ਸੰਘਰਸ਼ ਨਾਲ ਜੋੜ ਕੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ।

Claim: ਰਾਜਨਾਥ ਸਿੰਘ ਖੇਤੀ ਕਾਨੂੰਨਾਂ ਦੇ ਖਿਲਾਫ਼ ਬੋਲੇ ਜਿਸ ਨਾਲ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। 
Claimed By: ਫੇਸਬੁੱਕ ਯੂਜ਼ਰ प्रद्युम्न सिंह तोमर
Fact Check: ਫਰਜ਼ੀ