Fact Check: ਭਗਵੰਤ ਮਾਨ ਨੇ ਨਹੀਂ ਕੀਤਾ ਖੇਤੀ ਕਾਨੂੰਨਾਂ ਦਾ ਸਮਰਥਨ, ਕ੍ਰੋਪਡ ਕਲਿਪ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ। ਅਸਲ ਵੀਡੀਓ 'ਚ ਭਗਵੰਤ ਮਾਨ ਸਰਕਾਰ ਦੁਆਰਾ ਹਾਲੀਆ ਪਾਸ ਕੀਤੇ ਓਬੀਸੀ ਬਿਲਾਂ ਦੀ ਹਮਾਇਤ ਕਰ ਰਹੇ ਸਨ ਨਾ ਕਿ ਖੇਤੀ ਕਾਨੂੰਨਾਂ ਦੀ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਉਨ੍ਹਾਂ ਨੂੰ ਸਰਕਾਰ ਦੁਆਰਾ ਪਾਸ ਕੀਤੇ ਕਿਸੇ ਬਿਲ ਦੀ ਹਮਾਇਤ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਖੇਤੀ ਬਿਲਾਂ ਦੀ ਹਿਮਾਇਤ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ। ਅਸਲ ਵੀਡੀਓ 'ਚ ਭਗਵੰਤ ਮਾਨ ਸਰਕਾਰ ਦੁਆਰਾ ਹਾਲੀਆ ਪਾਸ ਕੀਤੇ ਓਬੀਸੀ ਬਿਲਾਂ ਦੀ ਹਮਾਇਤ ਕਰ ਰਹੇ ਸਨ ਨਾ ਕਿ ਖੇਤੀ ਕਾਨੂੰਨਾਂ ਦੀ।
ਵਾਇਰਲ ਪੋਸਟ
ਫੇਸਬੁੱਕ ਪੇਜ We Support Sukhbir Singh Badal ਨੇ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਝਾੜੂ ਵਾਲਿਆਂ ਦਾ ਪ੍ਰਧਾਨ ਮੋਦੀ ਦੇ ਬਿੱਲਾਂ ਦੇ ਫਾਇਦੇ ਗਿਣਾਉਦਾਂ ਹੋਇਆ ???????? ਭਗਤ ਤੇ ਪ੍ਰਧਾਨ ਵਧਾਈ ਦੇ ਪਾਤਰ ਆ ਜਲਦੀ ਲੋਕਾਂ ਸਾਹਮਣੇ ਆ ਗਿਆ"
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਮੀਡੀਆ ਏਜੰਸੀ 'ਪ੍ਰਾਈਮ ਏਸ਼ੀਆ' ਦਾ ਲੋਗੋ ਲੱਗਿਆ ਹੋਇਆ ਹੈ।
ਅੱਗੇ ਵਧਦੇ ਹੋਏ ਅਸੀਂ ਪ੍ਰਾਈਮ ਏਸ਼ੀਆ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਾਨੂੰ ਉਨ੍ਹਾਂ ਦੇ ਪੇਜ ਦੇ ਪੂਰਾ ਵੀਡੀਓ ਅਪਲੋਡ ਮਿਲਿਆ। ਇਹ ਵੀਡੀਓ 10 ਅਗਸਤ 2021 ਨੂੰ ਅਪਲੋਡ ਕੀਤਾ ਗਿਆ ਸੀ।
ਪੂਰੇ ਵੀਡੀਓ ਨੂੰ ਪੂਰਾ ਸੁਣਨ 'ਤੇ ਅਸੀਂ ਪਾਇਆ ਕਿ ਭਗਵੰਤ ਮਾਨ ਖੇਤੀ ਕਾਨੂੰਨਾਂ ਬਾਰੇ ਨਹੀਂ ਸਗੋਂ ਓਬੀਸੀ ਬਿਲ ਦੇ ਬਾਰੇ 'ਚ ਚਰਚਾ ਕਰ ਰਹੇ ਸਨ ਜਦਕਿ ਫੇਸਬੁੱਕ ਤੇ ਪੂਰੀ ਵੀਡੀਓ ਦੇ ਕੁਝ ਹਿੱਸੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Prime Asia ਦਾ ਪੂਰਾ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਨਾਮਵਰ ਮੀਡੀਆ ਏਜੰਸੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮਿਲੀ।
ਰਿਪੋਰਟ ਮੁਤਾਬਕ ਸੰਸਦ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਹਫ਼ਤੇ ਦੇ ਦੂਜੇ ਦਿਨ ਲੋਕ ਸਭਾ ਵਿਚ ਬਹਿਸ ਦੇ ਲਈ ਬਿੱਲ ਪੇਸ਼ ਕੀਤਾ ਗਿਆ ਜਿਸ ਦਾ ਵਿਰੋਧ ਕਰਨ ਦੀ ਹਿਮਾਕਤ ਕਿਸੇ ਵੀ ਸਿਆਸੀ ਪਾਰਟੀ ਨੇ ਨਹੀਂ ਕੀਤੀ। ਲੋਕ ਸਭਾ ਦੇ ਵਿੱਚ ਪਿਛੜੇ ਵਰਗ ਦੀ ਸੂਚੀ ਤਿਆਰ ਕਰਨ ਦਾ ਅਧਿਕਾਰ ਕੇਂਦਰ ਤੋਂ ਰਾਜਾਂ ਨੂੰ ਟਰਾਂਸਫਰ ਕਰਨ ਵਾਲੇ ਇਸ ਸੰਵਿਧਾਨ ਸੰਸ਼ੋਧਨ ਬਿੱਲ ਨੂੰ 386 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। ਰਿਪੋਰਟ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ।
ਇਹ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕ੍ਰੋਪਡ ਹੈ। ਅਸਲ ਵੀਡੀਓ 'ਚ ਭਗਵੰਤ ਮਾਨ ਸਰਕਾਰ ਦੁਆਰਾ ਹਾਲੀਆ ਪਾਸ ਕੀਤੇ ਓਬੀਸੀ ਬਿਲਾਂ ਦੀ ਹਮਾਇਤ ਕਰ ਰਹੇ ਸਨ ਨਾ ਕਿ ਖੇਤੀ ਕਾਨੂੰਨਾਂ ਦੀ।
Claim- Bhagwant Mann Praising New Farm Laws
Claimed By- FB Page We Support Sukhbir Singh Badal
Fact Check- Fake