ਤੱਥ ਜਾਂਚ - ਬੰਗਾਲ ਚੋਣਾਂ ਨੂੰ ਲੈ ਵਾਇਰਲ ਹੋ ਰਹੀ ਅਮਿਤ ਸ਼ਾਹ ਤੇ ਉਵੈਸੀ ਦੀ ਐਡਿਟਡ ਤਸਵੀਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਦੋ ਤਸਵੀਰਾਂ ਨੂੰ ਐਡਿਟ ਕਰ ਕੇ ਬਣਾਈ ਗਈ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹਨ। ਬੰਗਾਲ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਲੈ ਕੇ 29 ਅ੍ਰਪੈਲ ਤੱਕ 8 ਪੜਾਅ ਵਿਚ ਹੋਣੀਆਂ ਹਨ। ਇਸੇ ਕ੍ਰੰਮ ਵਿਚ ਹੁਣ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ AIMIM ਮੁਖੀ ਅਸਦੁਦੀਨ ਉਵੈਸੀ ਨਾਲ ਮੀਟਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਦੋ ਤਸਵੀਰਾਂ ਨੂੰ ਐਡਿਟ ਕਰ ਕੇ ਬਣਾਈ ਗਈ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Tinku Sekh ਨੇ 8 ਮਾਰਚ ਨੂੰ ਵਾਇਰਲ ਤਸਵੀਰ ਅਪਲੋਡ ਕੀਤੀ ਅਤੇ ਕੈਪਸ਼ਨ ਲਿਖਿਆ,''Picture speaks. By looking at the picture, you can understand which path you are. Especially to my minority brothers Special request Decide to walk by looking at the picture. Hail Bangla''
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਹ ਖ਼ਬਰਾਂ ਸਰਚ ਕਰਨ ਕੀਤੀਆਂ ਕਿ ਕੀ ਹਾਲ ਹੀ ਵਿਚ ਅਮਿਤ ਸ਼ਾਹ ਨੇ ਉਵੈਸੀ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ। ਸਾਨੂੰ ਸਰਚ ਦੌਰਾਨ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਅਮਿਤ ਸ਼ਾਹ ਦੇ ਨਾਲ ਉਵੈਸੀ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਹੋਵੇ।
ਤਸਵੀਰ ਨੂੰ ਦੇਖਣ 'ਤੇ ਹੀ ਪਤਾ ਚੱਲ ਰਿਹਾ ਹੈ ਕਿ ਅਮਿਤ ਸ਼ਾਹ ਦੀ ਤਸਵੀਰ ਨੂੰ ਅਲੱਗ ਤੋਂ ਐਡਿਟ ਕਰ ਕੇ ਅਸਦੁਦੀਨ ਉਵੈਸੀ ਦੀ ਤਸਵੀਰ ਨਾਲ ਜੋੜਿਆ ਗਿਆ ਹੈ।
ਇਸ ਲਈ ਅਸੀਂ ਵਾਇਰਲ ਤਸਵੀਰ ਨੂੰ ਦੋ ਹਿੱਸਿਆ ਵਿਚ ਵੰਡ ਕੇ ਰਿਵਰਸ ਇਮੇਜ ਕੀਤਾ। ਪਹਿਲਾਂ ਅਸੀਂ ਅਮਿਤ ਸ਼ਾਹ ਦੀ ਤਸਵੀਰ ਨੂੰ ਕਰਾਪ ਕਰ ਕੇ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ amitshah.co.in ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਇਹ ਤਸਵੀਰ 3 ਦਸੰਬਰ 2019 ਨੂੰ ਅਪਲੋਡ ਕੀਤੀ ਗਈ ਸੀ ਜਦੋਂ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕੀਤੀ ਸੀ। ਤਸਵੀਰ ਵਿਚ ਅਮਿਤ ਸ਼ਾਹ ਜਿਸ ਤਰ੍ਹਾਂ ਕੈਪਟਨ ਨਾਲ ਗੱਲਬਾਤ ਕਰ ਰਹੇ ਹਨ ਉਹ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ।
ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਸਾਨੂੰ ਇਹ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ 3 ਦਸੰਬਰ 2019 ਨੂੰ ਅਪਲੋਡ ਕੀਤੀ ਮਿਲੀ। ਤਸਵੀਰ ਨੂੰ ਅਪਲੋਡ ਕਰਦੇ ਕੈਪਸ਼ਨ ਲਿਖਿਆ ਗਿਆ, ''Met with Union Home Minister @AmitShah in New Delhi today to discuss various issues relating to Punjab.
ਅੱਗੇ ਵਧਦੇ ਹੋਏ ਅਸੀਂ ਉਵੈਸੀ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਉਵੈਸੀ ਦੇ ਸੋਸ਼ਲ ਮੀਡੀਆ ਮੈਨੇਜਰ Syed Sulaiman ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ 27 ਫਰਵਰੀ 2018 ਨੂੰ ਕੀਤਾ ਇਕ ਟਵੀਟ ਮਿਲਿਆ। ਟਵੀਟ ਵਿਚ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਅਪਲੋਡ ਕੀਤੀ ਗਈ ਸੀ। ਤਸਵੀਰ ਵਿਚ ਉਵੈਸੀ ਹੂਬਹੂ ਉਸੇ ਤਰ੍ਹਾਂ ਨਾਲ ਬੈਠੇ ਹਨ ਜਿਸ ਤਰ੍ਹਾਂ ਵਾਇਰਲ ਤਸਵੀਰ ਵਿਚ। ਟਵੀਟ ਅਨੁਸਾਰ ਉਵੈਸੀ ਨੇ ਆਈਏਐੱਸ ਅਰਵਿੰਦ ਕੁਮਾਰ ਅਤੇ GHMC ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਨਇਆਪੁਲ ਦੇ ਕੋਲ ਇਕ ਨਵਾਂ ਪੁਲ ਬਣਾਉਣ ਨੂੰ ਲੈ ਕੇ ਪੱਤਰ ਸੌਂਪਿਆ ਸੀ।
ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਇਸ ਮੁਲਾਕਾਤ ਨੂੰ ਲੈ ਕੇ thenewsminute ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਹ ਰਿਪੋਰਟ 28 ਫਰਵਰੀ 2018 ਨੂੰ ਅਪਲੋਡ ਕੀਤੀ ਗਈ ਸੀ।
ਵਾਇਰਲ ਤਸਵੀਰ ਅਤੇ ਅਸਲ ਤਸਵੀਰਾਂ ਦਾ ਕੋਲਾਜ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰ ਨੂੰ ਦੋ ਅਲੱਗ-ਅਲੱਗ ਤਸਵੀਰਾਂ ਜੋੜ ਕੇ ਬਣਾਇਆ ਗਿਆ ਹੈ।
Claim: ਇਹ ਮੀਟਿੰਗ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
Claimed By: Tinku Sekh
Fact Check: ਫਰਜ਼ੀ