ਜਿਹੜੀਆਂ ਤਸਵੀਰਾਂ ਸਾਂਝੀ ਕਰ ਭਾਜਪਾ ਆਗੂ ਨੇ ਸਪਾ 'ਤੇ ਕੱਸਿਆ ਤੰਜ, ਉਹ ਯੋਗੀ ਸਰਕਾਰ ਦੀ ਹੀ ਨਿਕਲੀਆਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀਆਂ ਤਸਵੀਰਾਂ ਨੂੰ ਸਾਂਝਾ ਕਰ ਸਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਸੀ ਉਹ ਭਾਜਪਾ ਦੇ ਕਾਰਜਕਾਲ ਦੀਆਂ ਹਨ।

Fact Check: Image shared by bjp leader sambit patra to defame SP is from Yogi work era

RSFC (Team Mohali)- 4 ਜਨਵਰੀ 2022 ਭਾਜਪਾ ਦੇ ਆਗੂ ਅਤੇ ਬੁਲਾਰੇ ਸੰਬਿਤ ਪਾਤਰਾ ਨੇ ਇੱਕ ਟਵੀਟ ਸਾਂਝਾ ਕਰ ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਦੀ ਤਰੀਫ ਕੀਤੀ ਅਤੇ ਸਪਾ ਸਰਕਾਰ ਦੇ ਕਾਰਜਕਾਲ 'ਤੇ ਤੰਜ ਕੱਸਿਆ। ਇਸ ਟਵੀਟ ਵਿਚ ਤਸਵੀਰਾਂ ਦਾ ਕੋਲਾਜ ਸੀ। ਇੱਕ ਪਾਸੇ ਸਕੂਲਾਂ ਦੇ ਖਰਾਬ ਹਲਾਤਾਂ ਨੂੰ ਪੇਸ਼ ਕਰ ਰਹੀ ਤਸਵੀਰਾਂ ਸਨ ਜਿਸਨੂੰ 2017 ਤੋਂ ਪਹਿਲਾਂ ਦਾ ਦੱਸਿਆ ਗਿਆ ਅਤੇ ਇਨ੍ਹਾਂ ਤਸਵੀਰਾਂ ਜਰੀਏ ਸਪਾ ਸਰਕਾਰ 'ਤੇ ਤੰਜ ਕੱਸਿਆ ਗਿਆ। ਦੂਜੇ ਪਾਸੇ ਸਕੂਲੀ ਸਿੱਖਿਆ ਦੇ ਵਧੀਆ ਪੱਧਰ ਨੂੰ ਪੇਸ਼ ਕਰ ਰਹੀ ਕੁਝ ਤਸਵੀਰਾਂ ਸਨ ਜਿਸਨੂੰ ਯੋਗੀ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀਆਂ ਤਸਵੀਰਾਂ ਨੂੰ ਸਾਂਝਾ ਕਰ ਸਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਹੈ ਉਹ ਭਾਜਪਾ ਦੇ ਕਾਰਜਕਾਲ ਦੀਆਂ ਹੀ ਹਨ। ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ ਸਾਰੀ ਤਸਵੀਰਾਂ 2017 ਦੇ ਬਾਅਦ ਮਤਲਬ ਯੋਗੀ ਸਰਕਾਰ ਦੇ ਕਾਰਜਕਾਲ ਦੀਆਂ ਹਨ।

ਭਾਜਪਾ ਆਗੂ ਦਾ ਟਵੀਟ 

ਭਾਜਪਾ ਆਗੂ ਅਤੇ ਬੁਲਾਰੇ 4 ਜਨਵਰੀ 2022 ਨੂੰ ਇਹ ਗ੍ਰਾਫਿਕ ਟਵੀਟ ਕਰਦਿਆਂ ਕੈਪਸ਼ਨ ਲਿਖਿਆ, "फर्क साफ है!"

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਇਸ ਪੋਸਟ ਦੀ ਪੜਤਾਲ ਅਸੀਂ ਸਾਂਝੇ ਕੀਤੇ ਦਾਅਵਿਆਂ ਅਨੁਸਾਰ ਕੀਤੀ।

ਦਾਅਵਾ- ਤਸਵੀਰਾਂ 2017 ਤੋਂ ਪਹਿਲਾਂ ਦੀਆਂ

ਇਸ ਪੋਸਟ ਵਿਚ 3 ਤਸਵੀਰਾਂ ਨੂੰ 2017 ਤੋਂ ਪਹਿਲਾਂ ਦਾ ਦੱਸਿਆ ਗਿਆ ਜਿਸਦੇ ਵਿਚ ਸਕੂਲਾਂ ਦੇ ਖਰਾਬ ਹਲਾਤਾਂ ਨੂੰ ਵੇਖਿਆ ਜਾ ਸਕਦਾ ਹੈ। 

ਪਹਿਲੀ ਤਸਵੀਰ

ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਮੀਡੀਆ ਏਜੰਸੀ ਅਮਰ ਉਜਾਲਾ ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। ਇਹ ਖਬਰ ਉੱਤਰ ਪ੍ਰਦੇਸ਼ ਦੇ ਸਕੂਲਾਂ ਦੇ ਖਰਾਬ ਹਲਾਤਾਂ ਨੂੰ ਲੈ ਕੇ ਬਣਾਈ ਗਈ ਸੀ। ਇਹ ਖਬਰ 7 ਜਨਵਰੀ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਵਾਇਰਲ ਤਸਵੀਰ ਨੂੰ ਮੁਜੱਫਰਨਗਰ ਅਧੀਨ ਪੈਂਦੇ ਪਿੰਡ ਜਫਰਪੁਰ ਦੇ ਇੱਕ ਸਕੂਲ ਦੇ ਭਵਨ ਦਾ ਦੱਸਿਆ ਗਿਆ।

ਕਿਓਂਕਿ ਖਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਇਸਤੋਂ ਸਾਫ ਹੁੰਦਾ ਹੈ ਕਿ ਇਹ ਤਸਵੀਰ 2017 ਤੋਂ ਬਾਅਦ ਦੀ ਹੈ।

ਦੂਜੀ ਤਸਵੀਰ

ਇਸ ਦੂਜੀ ਤਸਵੀਰ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਤਸਵੀਰ ਵਿਚ ਤਸਵੀਰ ਖਿੱਚਣ ਦੀ ਮਿਤੀ ਵੇਖੀ ਜਾ ਸਕਦੀ ਹੈ। ਇਸ ਤਸਵੀਰ 'ਤੇ ਮਿਤੀ 8 ਅਗਸਤ 2018 ਦਿੱਸ ਰਹੀ ਹੈ। ਮਤਲਬ ਸਾਫ ਸੀ ਕਿ ਇਹ ਤਸਵੀਰ 2017 ਤੋਂ ਪਹਿਲਾਂ ਸਪਾ ਕਾਲ ਦੀ ਨਹੀਂ ਹੈ।

ਤਸਵੀਰ ਨੂੰ ਅਸੀਂ ਰਿਵਰਸ ਇਮੇਜ ਸਰਚ ਵੀ ਕੀਤਾ। ਰਿਵਰਸ ਇਮੇਜ ਸਰਚ ਦੌਰਾਨ ਸਾਨੂੰ ਇਹ ਤਸਵੀਰ uttarpradesh.org ਨਾਂਅ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। ਇਹ ਆਰਟੀਕਲ ਅਗਸਤ 2018 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਆਰਟੀਕਲ ਵਿਚ ਇਸ ਤਸਵੀਰ ਦੀ ਮਿਤੀ 8 ਅਗਸਤ 2018 ਸਾਫ-ਸਾਫ ਪੜ੍ਹੀ ਜਾ ਸਕਦੀ ਹੈ।

ਇਹ ਤਸਵੀਰ ਉੱਤਰ ਪ੍ਰਦੇਸ਼ ਦੇ ਚਿਤ੍ਰਕੁਤ ਅਧੀਨ ਪੈਂਦੇ ਇੱਕ ਸਕੂਲ ਦੀ ਹੈ।

ਮਤਲਬ ਸਾਫ ਸੀ ਕਿ ਇਹ ਤਸਵੀਰ ਵੀ 2017 ਤੋਂ ਬਾਅਦ ਯੋਗੀ ਸਰਕਾਰ ਦੇ ਕਾਰਜਕਾਲ ਦੀ ਹੈ।

ਤੀਜੀ ਤਸਵੀਰ

ਤੀਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ "newsaddaa.in" ਨਾਂਅ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਵਿਚ ਮਿਲੀ। ਇਹ ਤਸਵੀਰ ਵੀ ਯੋਗੀ ਦੇ ਕਾਰਜਕਾਲ ਦੀ ਹੀ ਹੈ। ਇਹ ਰਿਪੋਰਟ 17 ਦਿਸੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਇਹ ਤਸਵੀਰ ਸੁਕਰੋਲੀ/ਕੁਸ਼ੀਨਗਰ ਦੇ ਇੱਕ ਸਕੂਲ ਦੀ ਹੈ। ਇਹ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਸਾਡੀ ਹੁਣ ਤੱਕ ਦੀ ਪੜਤਾਲ ਤੋਂ ਇਹ ਸਾਫ ਹੋ ਗਿਆ ਕਿ ਜਿਹੜੀਆਂ ਤਸਵੀਰਾਂ ਨੂੰ ਸਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਭਾਜਪਾ ਦੇ ਯੋਗੀ ਸਰਕਾਰ ਦੇ ਕਾਰਜਕਾਲ ਦੀਆਂ ਹਨ।

ਅਗਲੇ ਚਰਣ ਵਿਚ ਅਸੀਂ ਉਨ੍ਹਾਂ ਤਸਵੀਰਾਂ ਦੀ ਜਾਂਚ ਕੀਤੀ ਜਿਨ੍ਹਾਂ ਨੂੰ ਭਾਜਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਹੈ।

ਦਾਅਵਾ- ਤਸਵੀਰਾਂ 2017 ਤੋਂ ਬਾਅਦ ਦੀਆਂ

ਇਨ੍ਹਾਂ ਤਸਵੀਰਾਂ ਦੀ ਪੜਤਾਲ ਵੀ ਅਸੀਂ ਗੂਗਲ ਰਿਵਰਸ ਇਮੇਜ ਟੂਲ ਨਾਲ ਕੀਤੀ। ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰਾਂ ਉੱਤਰ ਪ੍ਰਦੇਸ਼ ਭਾਜਪਾ ਦੇ ਆਗੂ ਸਤਯਾ ਕੁਮਾਰ ਦੁਆਰਾ 3 ਜਨਵਰੀ 2022 ਨੂੰ ਸ਼ੇਅਰ ਕੀਤੀਆਂ ਮਿਲੀਆਂ। ਇਨ੍ਹਾਂ ਟਵੀਟ ਨੂੰ ਸ਼ੇਅਰ ਕਰਦਿਆਂ ਭਾਜਪਾ ਆਗੂ ਨੇ ਯੋਗੀ ਸਰਕਾਰ ਦਾ ਵਧੀਆ ਸਿੱਖਿਆ ਸੁਧਾਰ ਨੂੰ ਲੈ ਕੇ ਤਰੀਫ ਕੀਤੀ ਸੀ।

ਟਵੀਟ ਅਨੁਸਾਰ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਅਧੀਨ ਪੈਂਦੇ ਇੱਕ ਸਰਕਾਰੀ ਸਕੂਲ ਦੀਆਂ ਹਨ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਇਹ ਤਸਵੀਰਾਂ Sarla Thakral Astronomy Lab ਦੀਆਂ ਹਨ ਜਿਹੜੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਖੇ ਇੱਕ ਸਕੂਲ ਵਿਚ ਸਥਾਪਿਤ ਹੈ।

ਇਸ ਲੈਬ ਨੂੰ ਲੈ ਕੇ ਬਣਾਇਆ ਗਿਆ ਇੱਕ Youtube ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀਆਂ ਤਸਵੀਰਾਂ ਨੂੰ ਸਾਂਝਾ ਕਰ ਸਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਹੈ ਉਹ ਭਾਜਪਾ ਦੇ ਕਾਰਜਕਾਲ ਦੀਆਂ ਹੀ ਹਨ। ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ ਸਾਰੀ ਤਸਵੀਰਾਂ 2017 ਦੇ ਬਾਅਦ ਮਤਲਬ ਯੋਗੀ ਸਰਕਾਰ ਦੇ ਕਾਰਜਕਾਲ ਦੀਆਂ ਹਨ।