Fact Check: ਗੰਗਾ ਨਦੀ ਵਿਚ ਮਿਲੀਆਂ ਮ੍ਰਿਤਕ ਦੇਹਾਂ ਦੀਆਂ ਇਹ ਤਸਵੀਰਾਂ 2015 ਦੀਆਂ ਹਨ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2015 ਦੀਆਂ ਹਨ ਜਦੋਂ ਗੰਗਾ ਨਦੀ ਵਿਚ ਕਈ ਸਾਰੀ ਮ੍ਰਿਤਕ ਦੇਹਾਂ ਨੂੰ ਪਾਇਆ ਗਿਆ ਸੀ। ਵਾਇਰਲ ਪੋਸਟ ਗੁੰਮਰਾਹਕੁਨ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਕੋਰੋਨਾ ਮਹਾਂਮਾਰੀ ਕਰਕੇ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ ਕਿ ਗੰਗਾ ਨਦੀ ਵਿਚ ਕੋਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੁੱਟਿਆ ਗਿਆ। ਹੁਣ ਇਸ ਮਾਮਲੇ ਨੂੰ ਲੈ ਕੇ 3 ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਇੱਕ ਨਦੀ ਅੰਦਰ ਕਈ ਮ੍ਰਿਤਕ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮ੍ਰਿਤਕ ਦੇਹਾਂ ਕੋਰੋਨਾ ਮਰੀਜਾਂ ਦੀਆਂ ਹਨ।
ਸਪੋਕਸਮੈਨ ਨੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰਾਂ 2015 ਦੀਆਂ ਹਨ ਜਦੋਂ ਗੰਗਾ ਨਦੀ ਵਿਚ ਕਈ ਸਾਰੀ ਮ੍ਰਿਤਕ ਦੇਹਾਂ ਨੂੰ ਪਾਇਆ ਗਿਆ ਸੀ। ਵਾਇਰਲ ਪੋਸਟ ਗੁੰਮਰਾਹਕੁਨ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਕੀ ਇਸਨੂੰ ਕਹਿੰਦੇ ਸੀ “ ਸਾਰੇ ਜਹਾਂ ਸੇ ਅੱਛਾ “..... ਜਿੱਥੇ ਲਾਸ਼ ਨੂੰ ਅੰਤਮ ਅੱਗ ਵੀ ਨਸੀਬ ਨਹੀਂ ਹੋ ਰਹੀ?ਕੀ ਲੱਖਾਂ-ਕਰੋੜਾਂ ਦੀਵੇ ਬਾਲਣ ਵਾਲਾ ਦੇਸ ਸਿਵਿਆਂ ਦੀ ਅੱਗ ਜੋਗਾ ਵੀ ਨੀ ਰਿਹਾ? ਬਿਹਾਰ ਹੋਵੇ ਜਾਂ ਬਟਾਲਾ ਜਦੋਂ ਲਾਸ਼ਾਂ ਕਾਂ-ਕੁੱਤੇ ਖਾਂਦੇ ਹੋਣ ਤੇ ਮੁਲਕ ਦੇ ਵਾਸੀ ਅਖਵਾਉਣ ਵਾਲੇ ਕਦੇ ਕਮਾਦਾਂ ਤੇ ਕਦੇ ਨਦੀਆਂ ਵਿੱਚ ਲਾਵਾਰਸਾਂ ਵਾਂਗ ਰੁਲ਼ਦੇ ਹੋਣ ਤਾ ਸਥਾਨਕ ਸਰਕਾਰਾਂ ਨੂੰ ਜੁਆਬਦੇਹ ਬਣਾਉਣਾ ਪਵੇਗਾ। ਜੇ ਜਿਉਂਦਿਆਂ ਦੀ ਕਦਰ ਨਹੀਂ ਕੀਤੀ ਤਾਂ ਘੱਟੋ-ਘੱਟ ਮਰਿਆਂ ਦੀ ਤਾਂ ਕਰ ਲਓ। ਮਨ ਬੇਚੈਨ ਹੈ..."
ਇਸ ਪੋਸਟ ਦਾ ਫੇਸਬੁੱਕ ਲਿੰਕ।
ਇਨ੍ਹਾਂ ਵਿਚੋਂ ਦੀ ਇੱਕ ਤਸਵੀਰ ਨੂੰ ਪੰਜਾਬੀ ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਸ਼ੇਅਰ ਕੀਤਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਨ੍ਹਾਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਪਹਿਲੀ ਤਸਵੀਰ
ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਕਰਨ 'ਤੇ ਸਾਨੂੰ ਇਹ ਤਸਵੀਰ Daily Mail UK ਦੇ ਇੱਕ ਨਿਊਜ਼ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। ਇਹ ਆਰਟੀਕਲ 14 ਜਨਵਰੀ 2015 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "More than 100 bodies, including those of women and children, are found washed up along India’s holy River Ganges as families struggle to pay for cremations "
ਖਬਰ ਅਨੁਸਾਰ ਉੱਤਰ ਪ੍ਰਦੇਸ਼ ਦੇ ਉਨਾਓ ਅਧੀਨ ਪੈਂਦੇ ਪਰਿਹਾਰ ਘਾਟ ਨੇੜੇ ਗੰਗਾ ਕਿਨਾਰੇ ਇਹ ਲਾਸ਼ਾਂ ਮਿਲੀਆਂ ਸਨ।
ਇਸ ਖ਼ਬਰ ਵਿਚ ਤਸਵੀਰ ਨੂੰ ਅਪਲੋਡ ਕਰਦਿਆਂ ਕੈਪਸ਼ਨ ਲਿਖਿਆ ਗਿਆ, "Scavenger dogs and crows gather around dead human bodies that are floating in Ganges river"
ਕਿਓਂਕਿ ਖਬਰ 2015 ਦੀ ਸੀ, ਇਸ ਦੇ ਨਾਲ ਸਾਫ ਹੋਇਆ ਕਿ ਤਸਵੀਰਾਂ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ।
ਦੂਜੀ ਤਸਵੀਰ
ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ OneIndia ਦੀ 14 ਜਨਵਰੀ 2015 ਨੂੰ ਪ੍ਰਕਾਸ਼ਿਤ ਖਬਰ ਵਿਚ ਪ੍ਰਕਾਸ਼ਿਤ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "UP Shocker! Scores of dead bodies found floating in river Ganga; probe ordered"
ਇਸ ਖ਼ਬਰ ਅਨੁਸਾਰ ਵੀ ਉੱਤਰ ਪ੍ਰਦੇਸ਼ ਦੇ ਉਨਾਓ ਅਧੀਨ ਪੈਂਦੇ ਪਰਿਹਾਰ ਘਾਟ ਨੇੜੇ ਗੰਗਾ ਕਿਨਾਰੇ ਇਹ ਦੇਹਾਂ ਮਿਲੀਆਂ।
ਇਸ ਖਬਰ ਵਿਚ ANI ਦਾ ਟਵੀਟ ਇਸਤੇਮਾਲ ਕੀਤਾ ਗਿਆ ਸੀ ਜਿਸਦੇ ਵਿਚ ਪਹਿਲੀ ਅਤੇ ਦੂਜੀ ਤਸਵੀਰ ਦੋਹਾਂ ਨੂੰ ਵੇਖਿਆ ਜਾ ਸਕਦਾ ਹੈ। 13 ਜਨਵਰੀ 2015 ਦਾ ANI ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
ਤੀਜੀ ਤਸਵੀਰ
ਤੀਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ CNN ਦੀ 15 ਜਨਵਰੀ 2015 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Skeletons, decayed bodies surface in India's holiest river"
ਇਸ ਖਬਰ ਅਨੁਸਾਰ ਵੀ ਮਾਮਲਾ ਉੱਪਰ ਦਿੱਤੀ ਤਸਵੀਰਾਂ ਨਾਲ ਸਬੰਧਿਤ ਹੈ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"
ਨਤੀਜਾ - ਸਪੋਕਸਮੈਨ ਨੇ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰਾਂ 2015 ਦੀਆਂ ਹਨ ਜਦੋਂ ਗੰਗਾ ਨਦੀ ਵਿਚ ਕਈ ਸਾਰੀ ਮ੍ਰਿਤਕ ਦੇਹਾਂ ਨੂੰ ਪਾਇਆ ਗਿਆ ਸੀ। ਵਾਇਰਲ ਪੋਸਟ ਗੁੰਮਰਾਹਕੁਨ ਹੈ।
Claim: ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮ੍ਰਿਤਕ ਦੇਹਾਂ ਕੋਰੋਨਾ ਮਰੀਜਾਂ ਦੀਆਂ ਹਨ।
Claimed By: ਫੇਸਬੁੱਕ ਪੇਜ Agg Bani
Fact Check: ਗੁੰਮਰਾਹਕੁਨ