ਤੱਥ ਜਾਂਚ : ਨਾਜ਼ਾਇਜ਼ ਰਿਸ਼ਤੇ ਦੇ ਸ਼ੱਕ 'ਚ ਕੀਤਾ ਸੀ ਪਤਨੀ ਦਾ ਕਤਲ, ਸੋਸ਼ਲ ਮੀਡੀਆ ਨੇ ਦਿੱਤਾ ਫਿਰਕੂ ਰੰਗ

ਏਜੰਸੀ

Fact Check

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਿਅਕਤੀ ਨੇ ਆਪਣੀ ਪਤਨੀ ਨੂੰ ਨਜਾਇਜ਼ ਸਬੰਧ ਕਰਕੇ ਮਾਰ ਦਿੱਤਾ ਸੀ ਜਿਸਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਔਰਤ ਨੂੰ ਚਾਕੂ ਨਾਲ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਸ਼ੇਸ਼ ਧਰਮ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਲਵ ਜਿਹਾਦ ਦਾ ਵਿਰੋਧ ਕਰਨ ਖਾਤਰ ਮਾਰ ਦਿੱਤਾ। ਵੀਡੀਓ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦਾ ਦੱਸਿਆ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਸ ਮਾਮਲੇ ਦਾ ਲਵ ਜਿਹਾਦ ਐਂਗਲ ਨਾਲ ਕੋਈ ਸਬੰਧ ਨਹੀਂ ਹੈ। ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਨਜਾਇਜ਼ ਸਬੰਧ ਕਰਕੇ ਮਾਰ ਦਿੱਤਾ ਸੀ ਅਤੇ ਓਸੇ ਮਾਮਲੇ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ
ਫੇਸਬੁੱਕ ਯੂਜ਼ਰ S Anand Anand ਨੇ ਫੇਸਬੁੱਕ ਗਰੁੱਪ ।।ॐ।।कुण्वंतोविश्वमार्यम्।।ॐ।। ਵਿਚ ਮਾਮਲੇ ਦਾ CCTV ਫੁਟੇਜ ਅਪਲੋਡ ਕਰਦਿਆਂ ਲਿਖਿਆ, "कश्मीर तो दूर की बात है अब दिल्ली का हाल भी कश्मीर जैसा होता जा रहा है लव जिहाद का विरोध करने वाली महिला की चाकुओं से गोदकर खुलेआम हत्या कर दी जाती है और वहां के लोग देखकर निकल जाते हैं कोई उसे बचाता नहीं यही डर हिंदुओं की बर्बादी का कारण बनेगा आज नहीं तो कल होगा लेकिन यही खेल सब जगह होगा.... जागो हिंदू जागो"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦੇ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ 11 ਅਪ੍ਰੈਲ 2021 ਦੀ India Today ਦੀ ਇੱਕ ਖ਼ਬਰ ਮਿਲੀ। ਖ਼ਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ ਅਤੇ ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Blinded by rage, man stabs wife repeatedly in Delhi's Rohini as bystanders record incident"

ਖ਼ਬਰ ਅਨੁਸਾਰ, ਮਾਮਲਾ ਦਿੱਲੀ ਦੇ ਰੋਹਿਨੀ ਇਲਾਕੇ ਦਾ ਹੈ ਜਿਥੇ ਇੱਕ ਪਤੀ (ਹਰੀਸ਼ ਮਹਿਤਾ) ਨੇ ਆਪਣੀ ਪਤਨੀ (ਨੀਲੂ) ਨੂੰ ਜਾਨੋਂ ਮਾਰ ਦਿੱਤਾ ਸੀ। ਇਸ ਖ਼ਬਰ ਵਿਚ ਕਿਤੇ ਵੀ ਲਵ ਜਿਹਾਦ ਵਾਲੀ ਗੱਲ ਨਹੀਂ ਕੀਤੀ ਗਈ ਸੀ।

ਇਸੇ ਮਾਮਲੇ ਨੂੰ ਲੈ ਕੇ Indian Express ਦੀ ਖ਼ਬਰ ਅਨੁਸਾਰ ਹਰੀਸ਼ ਆਪਣੀ ਪਤਨੀ ਦੀ ਨੌਕਰੀ ਤੋਂ ਖੁਸ਼ ਨਹੀਂ ਸੀ। ਹਰੀਸ਼ ਦੀ ਪਤਨੀ ਸਫਦਰਜੰਗ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਦੀ ਸੀ ਅਤੇ ਉਸਦੇ ਪਤੀ ਨੂੰ ਆਪਣੀ ਪਤਨੀ ਦੇ ਨਜਾਇਜ਼ ਰਿਸ਼ਤੇ ਨੂੰ ਲੈ ਕੇ ਸ਼ੱਕ ਸੀ ਜਿਸਦੇ ਕਾਰਨ ਉਸ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਸੀ।

Indian Express ਦੀ ਖਬਰ ਹੇਠਾਂ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਨਜਾਇਜ਼ ਸਬੰਧ ਕਰਕੇ ਮਾਰ ਦਿੱਤਾ ਸੀ ਅਤੇ ਓਸੇ ਮਾਮਲੇ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim: ਵਿਅਕਤੀ ਨੇ ਆਪਣੀ ਪਤਨੀ ਦਾ ਲਵ ਜਿਹਾਦ ਦਾ ਵਿਰੋਧ ਕਰਨ ਕਰ ਕੇ ਕੀਤਾ ਕਤਲ 
Claimed By: ਫੇਸਬੁੱਕ ਯੂਜ਼ਰ S Anand Anand 
Fact Check: ਫਰਜ਼ੀ