ਤੱਥ ਜਾਂਚ: PM ਇਮਰਾਨ ਖਾਨ ਨੇ ਨਹੀਂ ਕੀਤੀ ਮੋਦੀ ਸਰਕਾਰ ਦੀ ਤਰੀਫ, ਵਾਇਰਲ ਕਲਿੱਪ ਐਡੀਟਡ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਇਹ ਵਾਇਰਲ ਕਲਿਪ ਐਡੀਟੇਡ ਹੈ। ਇਮਰਾਨ ਖਾਨ ਨੇ ਮੋਦੀ ਸਰਕਾਰ ਦੀ ਤਰੀਫ ਨਹੀਂ ਬਲਕਿ ਨਿੰਦਾ ਕੀਤੀ ਸੀ।

Clipped video shared to claim Pak PM Imran Khan praised Modi govt

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੋਦੀ ਸਰਕਾਰ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖਾਨ ਨੇ ਮੋਦੀ ਸਰਕਾਰ ਦੀ ਤਰੀਫ਼ ਕੀਤੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਇਹ ਵਾਇਰਲ ਕਲਿਪ ਐਡੀਟੇਡ ਹੈ। ਇਮਰਾਨ ਖਾਨ ਨੇ ਮੋਦੀ ਸਰਕਾਰ ਦੀ ਤਰੀਫ ਨਹੀਂ ਬਲਕਿ ਨਿੰਦਾ ਕੀਤੀ ਸੀ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ राष्ट्रवादी सुभम शर्मा ਨੇ 8 ਜਨਵਰੀ ਨੂੰ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ: ''पाकिस्तान को आज एक मजबूत फौज की जरूरत है क्योंकि 73 साल में मोदी सरकार जैसी हुकूमत हिन्दुस्तान में आई है! : इमरान खान ???? बेटे ने मान हि लिया आखिर की  बाप है मेरा हिंदुस्तान''

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ, ਇਸ ਵੀਡੀਓ 'ਤੇ ਪਾਕਿਸਤਾਨ ਦੇ ਇਕ ਚੈਨਲ 92 ਨਿਊਜ਼ ਦਾ ਲੋਗੋ ਲੱਗਿਆ ਹੋਇਆ ਸੀ। ਹੁਣ ਅਸੀਂ 92 ਨਿਊਜ਼ ਦੇ ਅਧਿਕਾਰਿਕ Youtube ਅਕਾਊਂਟ ਨੂੰ ਖੰਗਾਲਣਾ ਸ਼ੁਰੂ ਕੀਤਾ। 

ਸਾਨੂੰ ਨਿਊਜ਼ ਚੈਨਲ ਦੇ ਯੂਟਿਊਬ ਪੇਜ਼ 'ਤੇ ਇਮਰਾਨ ਖ਼ਾਨ ਦੇ ਸੰਬੋਧਨ ਦਾ ਪੂਰਾ ਵੀਡੀਓ 26 ਦਸੰਬਰ 2020 ਨੂੰ ਅਪਲੋਡ ਕੀਤਾ ਹੋਇਆ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ,  ''I Will Not Let Opposition Target our Army | PM Imran Khan Aggressive Speech Today| 26 December 2020''

ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਤਾਂ ਸਾਨੂੰ ਇਮਰਾਨ ਵੱਲੋਂ ਕਹੀ ਗਈ ਅਜਿਹੀ ਕੋਈ ਵੀ ਗੱਲ ਨਹੀਂ ਸੁਣੀ ਜਿਸ ਰਾਂਹੀ ਉਸ ਨੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੋਵੇ। ਇਸ ਵੀਡੀਓ ਵਿਚ 5:57 ਮਿੰਟ 'ਤੇ ਇਮਰਾਨ ਖ਼ਾਨ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ, “ਪਾਕਿਸਤਾਨ ਨੂੰ ਇੱਕ ਮਜ਼ਬੂਤ ਫੌਜ ਦੀ ਜਰੂਰਤ ਹੈ ਤਾਂ ਅੱਜ ਜਰੂਰਤ ਹੈ ਅਤੇ ਕਿਉਂ ਜਰੂਰਤ ਹੈ? ਕਿਉਂਕਿ ਸਾਡੇ ਨਾਲ ਜੋ ਸਾਡਾ ਹਮਸਾਇਆ ਹੈ, 73 ਵਰ੍ਹਿਆਂ ਦੀ ਤਾਰੀਖ ਵਿਚ ਇਸ ਤਰ੍ਹਾਂ ਦੀ ਹਕੂਮਤ ਨਹੀਂ ਆਈ ਜੋ ਅੱਜ ਹਿੰਦੁਸਤਾਨ ਵਿਚ ਆਈ ਹੈ। ਜੋ ਇਕ ਨਾ ਪਸੰਦ, ਇਕ ਤਾਨਾਸ਼ਾਹੀ, ਨਸਲਵਾਦੀ, ਇਕ ਮੁਸਲਿਮ ਵਿਰੋਧੀ ਅਤੇ ਇਸਲਾਮ ਵਿਰੋਧੀ ਅਤੇ ਪਾਕਿਸਤਾਨ ਵਿਰੋਧੀ ਹੈ। ਕਦੇ ਵੀ ਅਜਿਹੀ ਹਕੂਮਤ ਨਹੀਂ ਆਈ ਜੋ ਉਹ ਕਸ਼ਮੀਰੀਆਂ ਨਾਲ ਕਰ ਰਹੇ ਹਨ। ”

ਹੋਰ ਸਰਚ ਕਰਨ 'ਤੇ ਸਾਨੂੰ 92 ਨਿਊਜ਼ HD PLUS ਦਾ ਇਕ ਹੋਰ ਵੀਡੀਓ ਮਿਲਿਆ। ਜਿਸ ਵਿਚ ਵੀ ਇਮਰਾਨ ਖ਼ਾਨ ਉਹੀ ਗੱਲ ਕਹਿ ਰਹੇ ਹਨ ਜੋ ਕਿ ਵਾਇਰਲ ਕਲਿੱਪ ਵਿਚ ਮੌਜੂਦ ਹੈ। ਵਾਇਰਲ ਕਲਿੱਪ ਵੀ 92 ਨਿਊਜ਼ ਦੀ ਇਸੇ ਵੀਡੀਓ ਵਿਚੋਂ ਲਿਆ ਗਿਆ ਹੈ। ਵਾਇਰਲ ਕਲਿੱਪ ਵਿਚ ਇਮਰਾਨ ਖ਼ਾਨ ਸਿਰਫ਼ ਇੰਨੀ ਗੱਲ ਕਹਿ ਰਹੇ ਕਿ “ਪਾਕਿਸਤਾਨ ਨੂੰ ਇੱਕ ਮਜ਼ਬੂਤ ਫੌਜ ਦੀ ਜਰੂਰਤ ਹੈ ਤਾਂ ਅੱਜ ਜਰੂਰਤ ਹੈ ਅਤੇ ਕਿਉਂ ਜਰੂਰਤ ਹੈ? ਕਿਉਂਕਿ ਸਾਡੇ ਨਾਲ ਜੋ ਸਾਡਾ ਹਮਸਾਇਆ ਹੈ, 73 ਵਰ੍ਹਿਆਂ ਦੀ ਤਾਰੀਖ ਵਿਚ ਇਸ ਤਰ੍ਹਾਂ ਦੀ ਹਕੂਮਤ ਨਹੀਂ ਆਈ ਜੋ ਅੱਜ ਹਿੰਦੁਸਤਾਨ ਵਿਚ ਆਈ ਹੈ।'' ਵਾਇਰਲ ਵੀਡੀਓ 92 ਨਿਊਜ਼ ਵਿਚੋਂ 0.56 ਤੋਂ ਲੈ ਕੇ 1.16 ਤੱਕ ਲਿਆ ਗਿਆ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਤੋਂ ਸਾਫ਼ ਕੀਤਾ ਹੈ ਕਿ ਇਮਰਾਨ ਖਾਨ ਮੋਦੀ ਸਰਕਾਰ ਦੀ ਤਰੀਫ ਨਹੀਂ ਕਰ ਰਹੇ ਸੀ ਬਲਕਿ ਨਿੰਦਾ ਕਰ ਰਹੇ ਸੀ। ਵਾਇਰਲ ਕਲਿੱਪ ਨੂੰ ਐਡਿਟ ਕੀਤਾ ਗਿਆ ਹੈ।
Claim - ਇਮਰਾਨ ਖਾਨ ਨੇ ਕੀਤੀ ਮੋਦੀ ਸਰਕਾਰ ਦੀ ਤਰੀਫ਼ 
Claimed By - ਫੇਸਬੁੱਕ ਯੂਜ਼ਰ Abhijeet Srivastava 
Fact Check - ਫਰਜ਼ੀ