ਤੱਥ ਜਾਂਚ: ਵਾਇਰਲ ਤਸਵੀਰਾਂ ਤੇਲੰਗਾਨਾ ਹਿੰਸਾ ਦੀਆਂ ਨਹੀਂ ਬਲਕਿ 2020 'ਚ ਹੋਈ ਦਿੱਲੀ ਹਿੰਸਾ ਦੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਹੋ ਰਹੀਆਂ ਦੋਨੋਂ ਤਸਵੀਰਾਂ ਪਿਛਲੇ ਸਾਲ ਫਰਵਰੀ ਮਹੀਨੇ 'ਚ ਹੋਈ ਦਿੱਲੀ ਹਿੰਸਾ ਦੀਆਂ ਹਨ। 

Viral Photos

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 8 ਮਾਰਚ 2021 ਨੂੰ ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਭੈਂਸਾ ਵਿਚ ਦੋ ਸਮੁਦਾਇ ਵਿਚ ਹਿੰਸਾ ਹੋਈ ਸੀ ਜਿਸ ਵਿਚ ਪੱਤਰਕਾਰਾਂ ਸਮੇਤ ਕਈ ਲੋਕ ਜ਼ਖ਼ਮੀ ਹੋਏ ਸਨ ਅਤੇ ਕਈ ਘਰਾਂ ਤੇ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਇਸੇ ਘਟਨਾ ਦੇ ਚਲਦੇ ਹੁਣ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਤੇਲੰਗਨਾ ਦੇ ਭੈਂਸਾ ਨਗਰ ਵਿਚ ਹੋਈ ਹਾਲੀਆ ਹਿੰਸਾ ਦੀਆਂ ਹਨ ਜਿੱਥੇ ਵਿਸ਼ੇਸ਼ ਸਮੁਦਾਇ ਦੇ ਲੋਕਾਂ ਨੇ ਦੂਜੇ ਸਮੁਦਾਇ ਦੇ ਲੋਕਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਹੋ ਰਹੀਆਂ ਦੋਨੋਂ ਤਸਵੀਰਾਂ ਪਿਛਲੇ ਸਾਲ ਫਰਵਰੀ ਮਹੀਨੇ 'ਚ ਹੋਈ ਦਿੱਲੀ ਹਿੰਸਾ ਦੀਆਂ ਹਨ। 

ਵਾਇਰਲ ਦਾਅਵਾ 
ਫੇਸਬੁੱਕ ਪੇਜ਼ Grooming jehad ਨੇ 13 ਮਾਰਚ ਨੂੰ ਵਾਇਰਲ ਤਸਵੀਰਾਂ ਸੇਅਰ ਕੀਤੀਆਂ ਅਤੇ ਕੈਪਸ਼ਨ ਲਿਖਿਆ,''In a case of deliberate, largscale violence, a Muslim mob attacked members of the Hindu community and looted and burnt their property in Bhainsa town ofTelangana. The Muslim mobs on a rampage also pelted stones at police who rushed to the spot.
#savehindusofbhainsa''

ਪੰਜਾਬੀ ਅਨੁਵਾਦ - ਯੋਜਨਾਬੱਧ ਤਰੀਕੇ ਨਾਲ ਮੁਸਲਿਮ ਭੀੜ ਨੇ ਤੇਲੰਗਾਨਾ ਦੇ ਭੈਂਸਾ ਨਗਰ ਵਿਚ ਹਿੰਦੂ ਸਮੁਦਾਇ ਦੇ ਲੋਕਾਂ 'ਤੇ ਹਮਲਾ ਕੀਤਾ ਅਤੇ ਉਹਨਾਂ ਦੀ ਜਾਇਦਾਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਤਬਾਹੀ ਕਰਨ ਵਾਲੀ ਮੁਸਲਿਮ ਭੀੜ ਨੇ ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ 'ਤੇ ਵੀ ਪੱਥਰਬਾਜ਼ੀ ਕੀਤੀ। 

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਦੋਨੋਂ ਤਸਵੀਰਾਂ ਨੂੰ ਇਕ-ਇਕ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ। 

ਪਹਿਲੀ ਤਸਵੀਰ 
ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਵਾਇਰਲ ਤਸਵੀਰ 2020 ਵਿਚ ਅਪੋਲਡ ਕੀਤੀਆਂ ਕਈ ਰਿਪੋਰਟਾਂ ਵਿਚ ਮਿਲੀ। 

ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ nationalheraldindia.com ਵਿਚ ਵੀ ਅਪਲੋਡ ਕੀਤੀ ਮਿਲੀ। ਤਸਵੀਰ ਦਾ ਕ੍ਰੈਡਿਟ ਪੀਟੀਆਈ ਨੂੰ ਦਿੱਤਾ ਗਿਆ ਸੀ ਅਤੇ ਰਿਪੋਰਟ 26 ਫਰਵਰੀ 2020 ਨੂੰ ਅਪਲੋਡ ਕੀਤੀ ਗਈ ਸੀ। 
ਰਿਪੋਰਟ  ਅਨੁਸਾਰ ਮੰਗਲਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਫਿਰਕੂ ਹਿੰਸਾ ਵੱਧ ਗਈ ਅਤੇ ਮੌਤਾਂ ਦੀ ਗਿਣਤੀ 13 ਹੋ ਗਈ। ਜਦੋਂ ਪੁਲਿਸ ਸੜਕਾਂ 'ਤੇ ਦੁਕਾਨਾਂ ਨੂੰ ਅੱਗ ਲਾਉਣ, ਪਥਰਾਅ ਕਰਨ ਅਤੇ ਲੋਕਾਂ ਨੂੰ ਮਾਰਨ ਵਾਲੇ ਲੋਕਾਂ ਨੂੰ ਰੋਕਣ ਲਈ ਜੱਦੋਜਹਿਦ ਕਰ ਰਹੀ ਸੀ। ਇਹ ਤਸਵੀਰ ਵੀ ਦਿੱਲੀ ਵਿਚ 2020 ਨੂੰ ਹੋਏ ਨਾਗਰਿਕਤਾ ਸੋਧ ਕਾਨੂੰਨ ਦੇ ਦੰਗਿਆ ਨਾਲ ਸਬੰਧਿਤ ਹੈ। 
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਵੀ ਕਈ ਮੀਡੀਆ ਰਿਪੋਰਟਸ ਵਿਚ ਅਪਲੋਡ ਕੀਤੀ ਮਿਲੀ। ਜੋ ਦਿੱਲੀ ਦੰਗਿਆ ਨਾਲ ਸਬੰਧਿਤ ਸਨ। 

ਸਾਨੂੰ ਇਹ ਤਸਵੀਰ scroll.in ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਇਹ ਰਿਪੋਰਟ 23 ਮਾਰਚ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਰਿਪੋਰਟ ਵੀ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਸੀ। ਰਿਪੋਰਟ ਵਿਚ ਪ੍ਰਕਾਸ਼ਿਤ ਕੀਤੀ ਗਈ ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''A Delhi resident look at burnt-out and damaged residential premises and shops. Credit: Prakash Singh/AFP''

ਕੈਪਸ਼ਨ ਅੁਸਾਰ ਦਿੱਲੀ ਦਾ ਇੱਕ ਨਿਵਾਸੀ ਸੜੇ ਹੋਏ ਅਤੇ ਨੁਕਸਾਨੀਆਂ ਰਿਹਾਇਸ਼ੀ ਥਾਂਵਾਂ ਅਤੇ ਦੁਕਾਨਾਂ ਨੂੰ ਦੇਖਦਾ ਹੋਇਆ। ਤਸਵੀਰ ਦਾ ਕ੍ਰੈਡਿਟ ਪ੍ਰਕਾਸ਼ ਸਿੰਘ/AFP ਨੂੰ ਦਿੱਤਾ ਗਿਆ ਸੀ। 

ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਸਾਨੂੰ ਇਹ ਤਸਵੀਰ gettyimages 'ਤੇ ਵੀ ਅਪਲੋਡ ਕੀਤੀ ਮਿਲੀ। ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਇਹ ਤਸਵੀਰ 26 ਫਰਵਰੀ 2020 ਦੀ ਹੈ ਜਦੋਂ ਦਿੱਲੀ ਵਿਚ ਦੰਗੇ ਹੋਏ ਸਨ। 

ਦੱਸ ਦਈਏ ਕਿ ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਭੈਂਸਾ ਕਸਬੇ ਵਿਚ ਐਤਵਾਰ ਰਾਤ ਦੋ ਸਮੁਦਾਇ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਧਾਰਾ 144 ਲਾਗੂ ਕੀਤੀ ਗਈ ਸੀ।  ਰਾਤ ਨੂੰ ਦੋ ਬਾਈਕ ਸਵਾਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਦੋ ਸਮੂਹਾਂ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਅਤੇ ਇਕ ਪੁਲਿਸ ਕਰਮਚਾਰੀ ਅਤੇ ਇਕ ਪੱਤਰਕਾਰ ਸਣੇ 12 ਲੋਕ ਜ਼ਖਮੀ ਹੋ ਗਏ ਸਨ। 
ਇਸ ਘਟਨਾ ਨੂੰ ਲੈ ਕੇ ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਤਸਵੀਰਾਂ ਪਿਛਲੇ ਸਾਲ ਹੋਈ ਦਿੱਲੀ ਹਿੰਸਾ ਦੀਆਂ ਹਨ ਜਿਨ੍ਹਾਂ ਨੂੰ ਤੇਲੰਗਾਨਾ ਵਿਚ ਹੋਈ ਹਿੰਸਾ ਦੀਆਂ ਦੱਸ ਕੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ।

Claim: ਤਸਵੀਰਾਂ ਤੇਲੰਗਨਾ ਦੇ ਭੈਂਸਾ ਨਗਰ ਵਿਚ ਹੋਈ ਹਾਲੀਆ ਹਿੰਸਾ ਦੀਆਂ ਹਨ
Claimed By: Grooming jehad

Fact Check: Misleading