Fact Check: ਤਾਲਿਬਾਨ ਵਿਰੁੱਧ ਹੋ ਰਹੀ ਲੜਾਈ ਦਾ ਇਹ ਕਨੇਡੀਅਨ ਆਰਮੀ ਦਾ 2006 ਦਾ ਵੀਡੀਓ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਕਨੇਡੀਅਨ ਆਰਮੀ ਦਾ ਹੈ। ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2006 ਦਾ ਹੈ ਜਦੋਂ ਤਾਲਿਬਾਨ ਵਿਰੁੱਧ ਆਪ੍ਰੇਸ਼ਨ ਆਰਚਰ ਕੀਤਾ ਗਿਆ ਸੀ।

Fact Check Old video of Canadian army shared with misleading claim

ਤਾਲਿਬਾਨ ਨੇ ਅਫ਼ਗ਼ਾਨਿਸਤਾਨ 'ਚ ਮੁੜ ਆਪਣੇ ਪੈਰ ਜਮਾ ਲਏ ਹਨ ਅਤੇ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਇੱਕ ਵਾਰੀ ਫੇਰ ਅੱਤਵਾਦੀ ਦੁਨੀਆ ਦਾ ਮਾਹੌਲ ਸਿਰਜ ਲਿਆ ਹੈ। ਹੁਣ ਇਸੇ ਹਿੰਸਾ ਨਾਲ ਜੋੜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਰੇਗਿਸਤਾਨ ਰੂਪੀ ਇਲਾਕੇ 'ਚ ਆਰਮੀ ਦੇ ਜਵਾਨਾਂ ਨੂੰ ਲੜਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਫ਼ਗ਼ਾਨਿਸਤਾਨ ਆਰਮੀ ਦੀ ਤਾਲਿਬਾਨ ਨਾਲ ਲੜਾਈ ਦਾ ਵੀਡੀਓ ਹੈ। ਯੂਜ਼ਰ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਨੇਡੀਅਨ ਆਰਮੀ ਦਾ ਹੈ। ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2006 ਦਾ ਹੈ ਜਦੋਂ ਤਾਲਿਬਾਨ ਵਿਰੁੱਧ ਆਪ੍ਰੇਸ਼ਨ ਆਰਚਰ ਕੀਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Afghan Ground News ਨੇ ਅੱਜ 16 ਅਗਸਤ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Afghanistan fire fight with taliban"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਇੱਕ ਦ੍ਰਿਸ਼ ਅਜਿਹਾ ਵੇਖਣ ਨੂੰ ਮਿਲਦਾ ਹੈ ਜਿਸਦੇ ਵਿਚ ਆਰਮੀ ਦੇ ਜਵਾਨ ਦੀ ਵਰਦੀ 'ਤੇ ਕਨੇਡਾ ਦੇ ਝੰਡੇ ਦਾ ਪੱਟਾ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਦੇ ਲਿੰਕ ਨੂੰ InVid ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਸ ਵੀਡੀਓ ਦੇ ਸ਼ੁਰੂਆਤੀ 2 ਮਿੰਟ ਦੇ ਅੰਸ਼ Youtube 'ਤੇ 15 ਸਾਲ ਪਹਿਲਾਂ ਅਪਲੋਡ ਇੱਕ ਵੀਡੀਓ ਵਿਚ ਮਿਲੇ। 27 ਜੁਲਾਈ 2006 ਨੂੰ ਇਸ ਵੀਡੀਓ ਦੇ ਅੰਸ਼ ਅਪਲੋਡ ਕਰਦੇ ਹੋਏ 00SoldierofFortune00 ਨਾਂਅ ਦੇ ਅਕਾਊਂਟ ਨੇ ਸਿਰਲੇਖ ਲਿਖਿਆ, "Canadian Forces Fire Fight in Afganistan Part 4"

ਇਸ ਵੀਡੀਓ ਅਨੁਸਾਰ ਇਹ ਵੀਡੀਓ 6 ਜੁਲਾਈ 2006 ਨੂੰ ਅਫ਼ਗ਼ਾਨਿਸਤਾਨ 'ਚ ਤਾਲਿਬਾਨ ਖਿਲਾਫ ਕਨੇਡੀਅਨ ਆਰਮੀ ਵੱਲੋਂ ਕੀਤੇ ਆਪ੍ਰੇਸ਼ਨ ਆਰਚਰ ਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਵੀਡੀਓ ਦੇ ਦੂਜੇ ਅੰਸ਼ 14 ਸਾਲ ਪੁਰਾਣੇ ਅਪਲੋਡ ਵੀਡੀਓ ਵਿਚ ਮਿਲੇ। ਮਤਲਬ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਸ਼ਕ ਪੁਰਾਣਾ ਹੈ ਅਤੇ ਵੀਡੀਓ ਵਿਚ ਅਫ਼ਗ਼ਾਨ ਆਰਮੀ ਦੇ ਜਵਾਨ ਨਹੀਂ ਬਲਕਿ ਕਨੇਡੀਅਨ ਆਰਮੀ ਦੇ ਜਵਾਨ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕਨੇਡੀਅਨ ਆਰਮੀ ਦਾ ਹੈ। ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2006 ਦਾ ਹੈ ਜਦੋਂ ਤਾਲਿਬਾਨ ਵਿਰੁੱਧ ਆਪ੍ਰੇਸ਼ਨ ਆਰਚਰ ਕੀਤਾ ਗਿਆ ਸੀ।

Claim- Recent video of firefight by afghanistan against taliban
Claimed By- FB Page- Afghan Ground News
Fact Check- Misleading