Fact Check: ਬੱਚੇ ਦੀ ਕੁੱਟਮਾਰ ਦਾ ਇਹ ਵਾਇਰਲ ਵੀਡੀਓ ਰਾਜਸਥਾਨ ਦੇ ਜਾਲੌਰ ਦੀ ਘਟਨਾ ਦਾ ਨਹੀਂ ਬਲਕਿ ਬਿਹਾਰ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜਾਲੌਰ ਦਾ ਨਹੀਂ ਬਲਕਿ ਬਿਹਾਰ ਦੇ ਸਕੂਲ ਦਾ ਹੈ।

Fact Check Video of teacher thrashing a student is from Bihar not Rajasthan

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਕਲਾਸ 'ਚ ਇੱਕ ਵਿਅਕਤੀ ਸਕੂਲ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਹੁਣ ਇਸ ਵੀਡੀਓ ਨੂੰ ਯੂਜ਼ਰਸ ਰਾਜਸਥਾਨ ਦੇ ਜਾਲੌਰ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜਾਲੌਰ ਦਾ ਨਹੀਂ ਬਲਕਿ ਬਿਹਾਰ ਦੇ ਸਕੂਲ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Soma Singh Bharo" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਜ਼ਾਦੀ /ਜਾਤਪਾਤ! ਰਾਜਸਥਾਨ ਦੇ ਜਾਲੋਰ 'ਚ ਤੀਜੀ ਕਲਾਸ ਆਲ਼ਾ ਵਿਦਿਆਰਥੀ ਸੀ ਇਹ ''ਇੰਦਰ ਮੇਘਵਾਲ''  ਜਿਹਨੂੰ ਮਾਸਟਰ ਨੇ ਆਬਦੇ ਲਈ ਰੱਖੇ ਤੌੜੇ ਚੋਂ ਪਾਣੀਂ ਪੀਣ ਤੇ ਕੁੱਟ ਕੁੱਟ ਏਨਾਂ ਗੰਭੀਰ ਜਖ਼ਮੀ ਕਰਤਾ ਕਿ ਗੁਜ਼ਰਾਤ ਜੇਰੇ ਇਲਾਜ ਦਮ ਤੋੜ ਗਿਆ ਸੀ... ''ਰੌਲਾ ਜਾਤ ਪਾਤ ਆਲ਼ਾ'' ✍️ਸਹਿਬ ਸੰਧੂ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਹੋ ਰਿਹਾ ਵੀਡੀਓ ਬਿਹਾਰ ਦਾ ਹੈ

ਸਾਨੂੰ Republic World ਦੀ 7 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ਮਿਲੀ ਜਿਸਦੇ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। 

ਖਬਰ ਮੁਤਾਬਕ, "ਬਿਹਾਰ ਦੇ ਟਿਊਸ਼ਨ ਟੀਚਰ ਨੇ ਕੋਚਿੰਗ ਸੈਂਟਰ ਵਿਚ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।"

ਸਾਨੂੰ ਇਸ ਮਾਮਲੇ ਨੂੰ ਲੈ ਕੇ ANI ਦਾ ਟਵੀਟ ਵੀ ਮਿਲਿਆ। ਟਵੀਟ ਵਿਚ ਇਸ ਵੀਡੀਓ ਦੇ ਸਕ੍ਰੀਨਸ਼ੋਟਸ ਸਨ ਅਤੇ ਪੁਲਿਸ ਦੀ ਕਾਰਵਾਈ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ।   7 ਜੁਲਾਈ 2022 ਨੂੰ ANI ਨੇ ਮਾਮਲੇ ਨੂੰ ਲੈ ਕੇ ਟਵੀਟ ਕਰਦਿਆਂ ਕੈਪਸ਼ਨ ਲਿਖਿਆ ਸੀ, "Bihar: Tuition teacher Amarkant Kumar arrested for brutally thrashing 6y/o student Teacher thrashed the child after he witnessed teacher talking to a female student.Special team was constituted considering matter's seriousness: SSP Patna (Pic 1,2,3: Screengrab from viral video)"

ਇਸ ਟਵੀਟ ਵਿਚ ਪਟਨਾ ਦੇ SSP ਦਾ ਬਿਆਨ ਸਾਂਝਾ ਕੀਤਾ ਗਿਆ ਸੀ। ਟਵੀਟ ਮੁਤਾਬਕ ਟਿਊਸ਼ਨ ਟੀਚਰ ਅਮਰਕਾਂਤ ਕੁਮਾਰ ਨੂੰ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਬਿਹਾਰ ਦਾ ਹੈ।

ਦੱਸ ਦਈਏ ਕਿ ਸਾਨੂੰ ਆਪਣੀ ਸਰਚ ਦੌਰਾਨ ਜਾਲੌਰ ਪੁਲਿਸ ਦਾ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਪੁਲਿਸ ਨੇ ਟਵੀਟ ਕਰਦਿਆਂ ਸਾਫ ਕੀਤਾ ਕਿ ਵਾਇਰਲ ਹੋ ਰਿਹਾ ਵੀਡੀਓ ਜਾਲੌਰ ਦੀ ਘਟਨਾ ਨਾਲ ਸਬੰਧ ਨਹੀਂ ਰੱਖਦਾ ਹੈ।

ਹੁਣ ਕੀ ਹੈ ਜਾਲੌਰ ਦੀ ਘਟਨਾ ਦਾ ਮਾਮਲਾ?

News 18 ਪੰਜਾਬ ਦੀ ਖਬਰ ਅਨੁਸਾਰ, "ਰਾਜਸਥਾਨ ਦੇ ਜਾਲੌਰ ਪੈਂਦੇ ਸੈਲਾ ਦੇ ਪਿੰਡ ਸੁਰਾਣਾ ਦੇ ਇੱਕ ਨਿੱਜੀ ਸਕੂਲ ਸਰਸਵਤੀ ਵਿਦਿਆ ਮੰਦਰ ਵਿੱਚ ਤੀਜੀ ਜਮਾਤ ਵਿੱਚ ਪੜ੍ਹਦੇ ਇੰਦਰਾ ਮੇਘਵਾਲ ਅਧਿਆਪਕ ਵੱਲੋਂ ਕੁੱਟਮਾਰ ਤੋਂ ਬਾਅਦ ਬਿਮਾਰ ਹੋ ਗਿਆ। ਇਹ ਘਟਨਾ 20 ਜੁਲਾਈ ਨੂੰ 9 ਸਾਲਾ ਮਾਸੂਮ ਨਾਲ ਵਾਪਰੀ। ਇਸ ਤੋਂ ਬਾਅਦ ਇਲਾਜ ਅਧੀਨ ਇੰਦਰਾ ਮੇਘਵਾਲ ਦੀ ਸ਼ਨੀਵਾਰ ਨੂੰ ਅਹਿਮਦਾਬਾਦ 'ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਨੇ ਬੱਚੇ ਦੀ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਸ ਨੇ ਪਾਣੀ ਦਾ ਘੜਾ ਉਸ ਦੇ ਹੱਥਾਂ ਵਿੱਚ ਪਾਇਆ ਸੀ। ਅਧਿਆਪਕ ਦੀ ਕੁੱਟਮਾਰ ਕਾਰਨ ਮਾਸੂਮ ਦੇ ਕੰਨ ਦੀ ਨਾੜ ਫਟ ਗਈ।"

ਇਸ ਮਾਮਲੇ ਨੂੰ ਲੈ ਕੇ The Tribune ਅਤੇ News 18 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜਾਲੌਰ ਦਾ ਨਹੀਂ ਬਲਕਿ ਬਿਹਾਰ ਦੇ ਸਕੂਲ ਦਾ ਹੈ। ਵੀਡੀਓ ਬਿਹਾਰ ਦਾ ਹੈ ਜਿਥੇ ਇੱਕ ਟਿਊਸ਼ਨ ਟੀਚਰ ਦੁਆਰਾ 6 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ ਗਈ ਸੀ।

Claim- Video of teacher thrashing student is from Jalor, Rajasthan
Claimed By- FB User Soma Singh Bharo
Fact Check- Misleading