ਬੰਗਾਲ ਹਿੰਸਾ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਏ 3 ਸਾਲ ਪੁਰਾਣੀ ਤਸਵੀਰ

ਏਜੰਸੀ

ਇਹ ਤਸਵੀਰ ਜੂਨ 2017 ਵਿੱਚ "ਡੇਲੀ ਮੇਲ" ਦੇ ਇੱਕ ਨਿਊਜ਼ ਆਰਟੀਕਲ ਵਿਚ ਵਰਤੀ ਗਈ ਸੀ। 

A 3-year-old picture going viral in connection with the Bengal violence

ਨਵੀਂ ਦਿੱਲੀ -  ਪੱਛਮ ਬੰਗਾਲ ਦੀ ਬੀਜੇਪੀ ਸਰਕਾਰ ਨੇ ਆਪਣੇ ਅਧਿਕਾਰੀਆਂ ਦੀ ਹੱਤਿਆ ਦੇ ਵਿਰੋਧ ਵਿਚ 8 ਅਕਤੂਬਰ ਨੂੰ ਮਮਤਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸੇ ਦੌਰਾਨ ਬੀਜੇਪੀ ਅਧਿਕਾਰੀਆਂ ਦੀ ਬੰਗਾਲ ਪੁਲਿਸ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਕੋਲਕਾਤਾ ਅਤੇ ਹਾਵੜਾ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਦੇਖਣ ਨੂੰ ਮਿਲੀ।

ਹਿੰਸਾ ਵਿਚ ਬੀਜੇਪੀ ਅਧਿਕਾਰੀਆਂ ਅਤੇ ਪੁਲਿਸ ਦੇ ਜਵਾਨਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਤੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋਣ ਲੱਗੀ ਜਿਸ ਵਿਚ ਸੜਕ 'ਤੇ ਇਕ ਵਿਅਕਤੀ ਇਕ ਪੁਲਿਸ ਕਰਮਚਾਰੀ ਦੀ ਗਰਦਨ ਦਬੋਚਦਾ ਦਿਖਾਈ ਦੇ ਰਿਹਾ ਹੈ। ਦਰਅਸਲ ਇਸ ਤਸਵੀਰ ਨੂੰ ਬਗਾਲ ਹਿੰਸਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। 

ਕੀ ਹੈ ਵਾਇਰਲ ਪੋਸਟ 'ਚ ਕੀਤਾ ਗਿਆ ਦਾਅਵਾ 
ਇਸ ਵਾਇਰਲ ਤਸਵੀਰ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਾਲ ਵਿਚ ਇੱਕ ਭਾਜਪਾ ਦੇ ਗੁੰਡੇ ਨੇ ਇੱਕ ਬਜ਼ੁਰਗ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਗਰਦਨ ਨੂੰ ਜ਼ੋਰ ਨਾਲ ਦਬੋਚਿਆ। ਇਸ ਗੁੰਮਰਾਹਕੁੰਨ ਪੋਸਟ ਨੂੰ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਸਾਂਝਾ ਕੀਤਾ ਹੈ। 

ਫੈਕਟ ਚੈੱਕ 
ਜਦ ਇਸ ਪੋਸਟ ਦਾ ਫੈਕਟ ਚੈੱਕ ਕੀਤਾ ਗਿਆ ਤਾਂ ਵਾਇਰਲ ਪੋਸਟ ਗਲਤ ਨਿਕਲੀ। ਦਰਅਸਲ ਇਹ ਤਸਵੀਰ ਜੂਨ 2017 ਦੀ ਹੈ ਅਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਹੈ। ਤਸਵੀਰ ਦੀ ਰਿਵਰਸ ਚੈੱਕ ਕਰ 'ਤੇ ਪਤਾ ਲੱਗਾ ਕਿ ਇਹ ਤਸਵੀਰ ਜੂਨ 2017 ਵਿੱਚ "ਡੇਲੀ ਮੇਲ" ਦੇ ਇੱਕ ਨਿਊਜ਼ ਆਰਟੀਕਲ ਵਿਚ ਵਰਤੀ ਗਈ ਸੀ। 

ਰਿਪੋਰਟ ਦੇ ਅਨੁਸਾਰ ਇਹ ਤਸਵੀਰ ਉਸ ਵੇਲੇ ਲਈ ਗਈ ਸੀ ਜਦੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇੱਕ ਹਸਪਤਾਲ ਵਿੱਚ ਇੱਕ ਕਿਸ਼ੋਰੀ ਨਾਲ ਕਥਿਤ ਤੌਰ 'ਤੇ ਹੋਏ ਬਲਾਤਕਾਰ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਹੰਗਾਮਾ ਕੀਤਾ ਸੀ। ਉਸ ਦੌਰਾਨ ਭੀੜ ਨੇ ਪੁਲਿਸ ਅਧਿਕਾਰੀਆਂ 'ਤੇ ਹਮਲਾ ਵੀ ਕੀਤਾ। ਇਸ ਕੇਸ ਨਾਲ ਜੁੜੀ “ਨਵੀਂ ਦੁਨੀਆਂ” ਦੀ ਵੀ ਇਕ ਰਿਪੋਰਟ ਮਿਲੀ ਹੈ ਜਿਸ ਵਿਚ ਦੱਸਿਆ ਗਿਆ ਕਿ ਇਹ ਘਟਨਾ ਕਾਨਪੁਰ ਦੇ ਨਿਊ ਜਾਗ੍ਰਿਤੀ ਹਸਪਤਾਲ ਦੇ ਬਾਹਰ ਵਾਪਰੀ ਸੀ। ਇਸ ਝੜਪ ਵਿਚ ਬਹੁਤ ਸਾਰੇ ਪੁਲਿਸਕਰਮੀ ਜ਼ਖਮੀ ਹੋ ਗਏ ਸਨ। ਭੀੜ ਨੇ ਹਸਪਤਾਲ ਦੀ ਭੰਨ ਤੋੜ ਵੀ ਕੀਤੀ।

ਸੱਚ/ਝੂਠ - ਝੂਠ 
ਦੱਸ ਦਈਏ ਕਿ ਵਾਇਰਲ ਕੀਤੀ ਜਾ ਰਹੀ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ। ਵਾਇਰਲ ਕੀਤੀ ਗਈ ਤਸਵੀਰ ਤਿੰਨ ਸਾਲ ਪੁਰਾਣੀ ਹੈ ਇਸ ਦਾ ਪੱਛਮੀ ਬੰਗਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।