ਪਹਿਲਾ ਪੰਜਾਬੀ ਕੌਮੀ ਕਵੀ ਕਾਦਰਯਾਰ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪੂਰਨ ਭਗਤ ਦਾ ਕਿੱਸਾ ਲਿਖਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਕਾਦਰਯਾਰ ਨੂੰ ਇਨਾਮ ਵਿਚ ਦਿਤਾ ਸੀ ਇਕ ਖੂਹ

Qadir Yar

ਕਾਦਰਯਾਰ (1802-1892) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ। ਉਨ੍ਹਾਂ ਦੀ ਰਚਨਾ ‘ਕਿੱਸਾ ਪੂਰਨ ਭਗਤ’ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ ਸੋਹਣੀ-ਮਹੀਵਾਲ, ਸੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾਜਨਾਮਾ ਅਤੇ ਰਾਜਨਾਮਾ ਲਿਖੇ ਹਨ। ਉਹ ਲਿਖਦੇ ਹਨ ਕਿ ਪੂਰਨ ਭਗਤ ਦਾ ਕਿੱਸਾ ਲਿਖਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਕ ਖੂਹ ਇਨਾਮ ਵਿਚ ਦਿਤਾ ਸੀ।

ਕਾਦਰਯਾਰ ਨੇ ‘ਪੂਰਨ ਭਗਤ’ ਦਾ ਜਗਤ ਪ੍ਰਸਿੱਧ ਕਿੱਸਾ ਪਹਿਲੀ ਵਾਰ ਲਿਖਿਆ। ਇਕ ਰਵਾਇਤ ਅਨੁਸਾਰ ਉਨ੍ਹਾਂ ਨੇ ਇਹ ਕਿੱਸਾ ਸੋਲ੍ਹਾਂ ਦਿਨਾਂ ਵਿਚ ਪੇਸ਼ ਕਰ ਲਿਆ ਅਤੇ ਇਸ ਦੇ ਬਦਲੇ ਉਸ ਨੂੰ ਲਾਹੌਰ ਦਰਬਾਰ ਵਲੋਂ ਇਕ ਖੂਹ ਸੰਪੂਰਣ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਸ਼ੀਹਰਫ਼ੀਆਂ ਲਈ ਬੈਂਤ ਛੰਦ ਦਾ ਪ੍ਰਯੋਗ ਕੀਤਾ। ਪੰਜਾਂ ਸ਼ੀਹਰਫ਼ੀਆਂ ਵਿਚ ਸਾਰੇ ਕਿੱਸੇ ਦਾ ਅੰਤ ਹੁੰਦਾ ਹੈ। ਪਹਿਲੀ ਸ਼ੀਹਰਫ਼ੀ ਵਿਚ ‘ਪੂਰਨ ਦਾ ਜਨਮ’ ਹੈ:

ਅਲਫ਼-ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁਤ ਸਲਵਾਨ ਨੇ ਜਾਇਆ ਈ।

ਦੂਜੀ ਸ਼ੀਹਰਫ਼ੀ ਵਿਚ ‘ਰਾਜੇ ਦੀ ਪੂਰਨ ਨਾਲ ਗੱਲਬਾਤ ਅਤੇ ਕਤਲ ਦਾ ਹੁਕਮ’ ਬਾਰੇ ਜ਼ਿਕਰ ਆਉਂਦਾ ਹੈ। 
ਅਲਫ਼-ਆਓ ਖਾਂ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜੰਮਿਓ ਜਾਇਓ ਵੇ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈ ਨੂੰ।
ਜਦੋਂ ਭੋਹਰੇ ਪਾਲਣਾ ਪਾਇਓਂ ਵੰ।

ਤੀਜੀ ਸ਼ੀਹਰਫ਼ੀ ਵਿਚ ਪੂਰਨ ਦਾ ਗੁਰੂ ਗੋਰਖ ਨੂੰ ਅਪਣਾ ਹਾਲ ਦਸਣਾ ਆਉਂਦਾ ਹੈ:
ਅਲਫ-ਆਖ ਸੁਣਾਂਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
ਨੇਕੀ ਮਾਇ ਤੇ ਬਾਪ ਦੀ ਯਾਦ ਕਰ ਕੇ।

ਇਸ ਵਿਚ ਪੂਰਨ ਦੀ ਜੋਗ ਦੀ ਮੰਗ ਅਤੇ ਗੋਰਖ ਦੀ ਪ੍ਰਵਾਨਗੀ, ਪੂਰਨ ਦਾ ਸੁੰਦਰਾਂ ਤੋਂ ਖੈਰ ਲਿਆਉਣਾ, ਪੂਰਨ ਨੂੰ ਵੇਖਦਿਆਂ ਹੀ ਸੁੰਦਰਾਂ ਦਾ ਵਿਕ ਜਾਣਾ, ਪੂਰਨ ਦਾ ਹੀਰੇ ਜਵਾਹਰ ਮੋੜਨ ਸ਼ੀਹਰਫ਼ੀ ਵਿਚ ਸਾਰੀਆਂ ਸ਼ੀਹਰਫ਼ੀਆਂ ਨਾਲੋਂ ਵਧੇਰੇ ਰੋਚਿਕਤਾ ਅਤੇ ਕਾਵਿ ਆਤਮਿਕ ਸੁਹਜ ਹੈ। ਚੌਥੀ ਸ਼ੀਹਰਫ਼ੀ ਇਸ ਪ੍ਰਕਾਰ ਅਰੰਭ ਹੁੰਦੀ ਹੈ:
ਅਲਫ਼ ਆਇ ਜੋਗੀ ਸਭੇ ਦੇਖ ਉਹਨੂੰ,
ਚਾਰੋਂ ਤਰਫ ਚੁਫੇਰਿਉਂ ਘਤ ਘੇਰਾ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਸਭਨਾਂ ਵਲ ਦੀਦਾਰ ਦਾ ਦੇ ਫੇਰਾ।

ਇਸ ਵਿਚ ਪੂਰਨ ਦਾ ਬਹਾਨੇ ਨਾਲ ਨੱਸ ਜਾਣਾ, ਪੂਰਨ ਦਾ ਮੁੜ ਸਿਆਲਕੋਟ ਜਾਣਾ, ਮਾਂ ਪੁੱਤਰ ਦਾ ਮੇਲ, ਆਦਿ ਦਾ ਵਰਣਨ ਹੈ। ਪੰਜਵੀਂ ਸ਼ੀਹਰਫ਼ੀ ਦਾ ਅਰੰਭ ਇਸ ਤਰ੍ਹਾਂ ਹੁੰਦਾ ਹੈ:
ਅਲਫ਼-ਆਖ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰੀਂ ਫੇਰ ਮਾਪਿਆਂ ਨੂੰ।
ਨਾਲੇ ਮਾਪਿਆਂ ਨੂੰ ਅੱਖੀਆਂ ਦਿਤੀਆਂ ਸੂ,
ਨਾਲੇ ਲਾਲ ਦਿਤਾ ਇਕਲਾਪਿਆਂ ਨੂੰ।

ਇਸ ਵਿਚ ਮੂਲਵਾਨ ਦਾ ਪੂਰਨ ਨੂੰ ਰਾਜ ਸੰਭਾਲਣ ਲਈ ਕਹਿਣਾ, ਪੂਰਨ ਦਾ ਵਿਦਾ ਹੋਣਾ, ਗੋਰਖ ਨੂੰ ਸਿਆਲਕੋਟ ਦਾ ਹਾਲ ਦਸਣਾ, ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ ਆਦਿ ਵਰਣਨ ਕੀਤਾ ਹੈ ਅਤੇ ਇਸ ਤਰ੍ਹਾਂ ਭਗਤ ਦੀ ਵਾਹਤਾ ਸਮਾਪਤ ਹੋ ਜਾਂਦੀ ਹੈ। ਇਸ ਕਿੱਸੇ ਨੂੰ ਜਿਥੇ ਪੂਰਨ ਭਗਤ ਦੀ ਪੁਰਾਤਨ ਵਾਹਤਾ ਨੂੰ ਨਵਾਂ ਜਨਮ ਦਿਤਾ, ਉਥੇ ਕਾਦਰਯਾਰ ਨੂੰ ਵੀ ਜਗਤ ਵਿਚ ਸੁਪ੍ਰਸਿੱਧ ਕਰ ਦਿਤਾ।

ਵਾਰ ਪੂਰਨ ਭਗਤ: ਇਹ ਕਿੱਸਾ ਕਾਦਰਯਾਰ ਨੇ ਬੈਂਤਾਂ ਵਿਚ ਲਿਖਿਆ ਸੀ ਤਾਕਿ ਢਾਡੀ, ਭੱਟ, ਡੂਮ ਅਤੇ ਮਰਾਸੀ ਇਸ ਨੂੰ ਗਾ ਸਕਣ। ਇਹ ਵਾਰ ਕਲੀਆਂ ਵਿਚ ਹੈ। ਕੁਲ 970 ਕਲੀਆਂ ਹਨ। ਇਸ ਵਿਚ ‘ਵਾਰ’ ਦੇ ਸ਼ਿਲਪ-ਵਿਧਾਨ ਨੂੰ ਨਹੀਂ ਅਪਣਾਇਆ ਗਿਆ। ਨਾ ਹੀ ਨਿਸ਼ਾਨੀ ਛੰਦ ਵਰਤਿਆ ਗਿਆ ਹੈ।

ਰਾਜਾ ਰਸਾਲੂ: ‘ਰਾਜਾ ਰਸਾਲੂ’ ਛੋਟਾ ਜਿਹਾ ਕਿੱਸਾ ਹੈ, ਜਿਸ ਨੂੰ ‘ਰਾਵੀ ਕੋਕਿਲਾਂ ਦੀ ਵਾਰ’ ਵੀ ਕਿਹਾ ਜਾਂਦਾ ਹੈ। ਇਹ ‘ਵਾਰ’ ਤੇ ‘ਗਾਉਣ’ ਸਰ ਰਿਚਰਡ ਟੈਂਪਲ ਦੇ ਲੈਜੰਡਜ਼ ਆਫ਼ ਦੀ ਪੰਜਾਬ ਵਿਚ ਦਿਤੇ ਹਨ।

ਬਾਵਾ ਬੁੱਧ ਸਿੰਘ ਦੇ ਕਥਨ ਮੁਤਾਬਕ ‘ਰਾਣੀ ਕੋਕਿਲਾਂ’ ਦੀ ਵਾਰ ਵੀ ਹੈ। ਕਾਦਰ ਯਾਰ ਕਵੀ ਨੇ ਪੁਰਾਣੀ ਰੀਤ ਮੂਜਬ ਜੱਟਾ ਪੇਂਡੂਆਂ ਦੇ ਜੀ ਖ਼ੁਸ਼ ਕਰਨ ਲਈ ਲਿਖੀ। ਢਾਡੀ ਸਾਰੰਗੀ ਨਾਲ ਗਾਉਂਦੇ ਹੋਣਗੇ। ਬੋਲੀ ਠੇਠ ਜਟਕੀ ਹੈ ਪਰ ਮੁੱਢ ਅਤੇ ਅੰਤ ਬੜਾ ਸੋਹਣਾ ਅਤੇ ਗੁਣ ਭਰਿਆ ਹੈ। ਪਹਿਲੇ ਦੋਹੜੇ ਵਿਚ ਕੋਕਿਲਾਂ ਦੇ ‘ਕਰੈਕਟਰ’ ਦਾ ਨਕਸ਼ਾ ਖਿੱਚ ਦਿਤਾ। ਵਿਹੜੇ ਵਿਚ ਖਲੋ ਕੇ ਸ਼ੀਸ਼ੇ ਵਿਚ ਮੂੰਹ ਵੇਖਣਾ, ਇਕ ਰਾਵੀ ਲਈ ਕੀ, ਹਰ ਇਕ ਗ੍ਰਹਿਸਤ ਲਈ ਬੜੀ ਬੇਹਯਾਈ ਦਾ ਕੰਮ ਹੈ। ਅੰਤ ਵਿਚ ਜਦ ਵਾਰ ਖ਼ਤਮ ਕੀਤੀ ਤਾਂ ਵੀ ਖੰਡੇ ਘੋੜੇ ਤੇ ਭਾਰੀ ਦੀ ਬੁਰਿਆਈ ਕੀਤੀ।

ਸੋਹਣੀ ਮਹੀਵਾਲ: ਕਲਾ ਦੇ ਪੱਖ ਤੋਂ ਕਿੱਸਾ ‘ਸੋਹਣੀ ਮਹੀਵਾਲ’ ਕਾਦਰਯਾਰ ਦੀ ਸੱਭ ਤੋਂ ਵਧੀਆ ਰਚਨਾ ਹੈ। ਇਸ ਕਿੱਸੇ ਵਿਚ ਮੰਗਣੀ ਦੀ ਸੁੰਦਰਤਾ, ਪ੍ਰਨਾਂ ਦਾ ਕਹਿਰ ਭਰਿਆ ਭਿਆਨਕ ਵਹਿਣ, ਸੋਹਣੀ ਦੀ ਅੰਤਮ ਪ੍ਰਕਾਰ, ਕਾਦਰ ਵੀ ਰਾਵਿ ਕਲਾ ਦੇ ਸਿਖਰ ਹਨ। ਕਿੱਸਾ ‘ਸੋਹਣੀ ਮਹੀਵਾਲ’ ਵਿਚ ਕਾਦਰਯਾਰ ਨੇ ਵਾਰਿਸ ਵਾਂਗ ਇਸ਼ਕ ਦਾ ਬੜਾ ਉੱਚਾ ਮਰਤਬਾ ਦਸਿਆ ਹੈ ਅਤੇ ਇਸ ਦੀ ਬੜੀ ਵਹਿਤ੍ਰ ਪਰ ਅਮਰ ਨੂੰ ਨੂਰੀ ਤਸਵੀਰ ਖਿੱਚੀ ਹੈ। ਕਾਦਰਯਾਰ ਨੇ ਇਹ ਕਿੱਸਾ ‘ਦੋਹਰਿਆਂ’ ਵਿਚ ਲਿਖਿਆ।

ਕਾਦਰਯਾਰ ਨੇ ਦੋ ਦੋ ਦੋਹਰਿਆਂ ਦਾ ਇਕ ਬੰਦ ਬਣਾਇਆ ਹੈ। ਕੁਲ 171 ਬੰਦ ਹਨ ਜਿਸ ਦਾ ਭਾਵ ਹੈ ਕਿ ਇਸ ਵਿਚ ਕੁਲ 342 ਦੋਹਰੇ ਹਨ। ਕਾਦਰਯਾਰ ਦਾ ਕਿੱਸਾ ‘ਸੋਹਣੀ ਮਹੀਵਾਲ’ ਭਾਵੇਂ ਹਾਸ਼ਮ ਨਾਲੋਂ ਵਧੇਰੇ ਪ੍ਰਸਿੱਧ ਹੋਇਆ ਪਰ ਕਾਦਰਯਾਰ ਨੇ ਕਹਾਣੀ ਦੀ ਗੋਂਦ ਅਤੇ ਪਾਤਰ ਉਸਾਰੀ ਤਕਰੀਬਨ ਹਾਸ਼ਮ ਵਾਲੀ ਹੀ ਰਖੀ।
ਸ਼ੀਹਰਫ਼ੀ ਸਰਦਾਰ ਹਰੀ ਸਿੰਘ ਨਲੂਆ: ਇਸ ਸ਼ੀਹਰਫ਼ੀ ਬੈਂਤਾਂ ਵਿਚ ਹੈ। ਬਾਵਾ ਬੁੱਧ ਸਿੰਘ (ਬੰਬੀਹਾ ਬੋਲ, ਪੰਨਾ 166) ਇਸ ਨੂੰ ‘ਬੈਂਤ ਹਰੀ ਸਿੰਘ’ ਲਿਖਦੇ ਹਨ।

ਇਸ ਸ਼ੀਹਰਫ਼ੀ ਵਿਚ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਸੀ। ਬਾਵਾ ਬੁਧ ਸਿੰਘ ਇਸ ਨੂੰ ਕੋਈ ਉੱਚ ਪਾਏ ਦੀ ਰਚਨਾ ਨਹੀਂ ਮੰਨਦੇ ਅਤੇ ਨਾ ਹੀ ਇਸ ਨੂੰ ਕੋਈ ਬੀਰ ਰਸ ਦਾ ਚਮਤਕਾਰਾ ਦਸਦੇ ਹਨ। ਪਰ ਇਸ ਸ਼ੀਹਰਫ਼ੀ ਰਾਹੀਂ ਕਾਦਰਯਾਰ ਪਹਿਲੇ ਪੰਜਾਬੀ ਕੌਮੀ ਕਵੀ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਕਾਦਰਯਾਰ ਨੇ ਇਸ ਸ਼ੀਹਰਫ਼ੀ ਵਿਚ ਹਰੀ ਸਿੰਘ ਨੂੰ ਪੰਜਾਬ ਦੀ ਸੂਰਮਤਾਈ ਅਤੇ ਸਰਦਾਰੀ ਦਾ ਪ੍ਰਤੀਕ ਦਸਿਆ ਹੈ ਅਤੇ ਉਸ ਨੂੰ ਪੰਜਾਬ ਦੇ ਨਾਇਕ ਦੇ ਰੂਪ ਵਿਚ ਚਿਤਜਿਆ ਹੈ, ਜਿਸ ਦਾ ਜੰਮਣਾ ਆਫ਼ਰੀ (ਸੁਭਾਅ) ਸੀ। ਇਸ ਸ਼ੀਹਰਫ਼ੀ ਦੇ ਕੁਲ 30 ਬੰਦ ਹਨ। ਹਰ ਬੰਦ ਵਿਚ ਚਾਰ ਬੈਂਤ ਹਨ। ਇਸ ਤਰ੍ਹਾਂ ਇਹ ਕੁਲ 120 ਬੈਂਤਾਂ ਦੀ ਪੂਰਨ ਸ਼ੀਹਰਫ਼ੀ ਹੈ।