Fact Check: ਅਸਾਮ 'ਚ ਆਏ ਹੜ੍ਹ ਨੂੰ ਲੈ ਕੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਹਾਲੀਆ ਨਹੀਂ ਪੁਰਾਣੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ 5 ਵਿਚੋਂ ਦੀ 4 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ।

Fact Check Old images of Assam Floods shared as recent situation

RSFC (Team Mohali)- ਅਸਾਮ 'ਚ ਕਈ ਦਿਨਾਂ ਤੋਂ ਤੇਜ਼ ਮੀਂਹ ਕਾਰਣ ਹੜ੍ਹ ਆਇਆ ਹੋਇਆ ਹੈ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੋਈ ਹੈ। ਹੁਣ ਇਸ ਹੜ੍ਹ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਕੁਝ ਤਸਵੀਰਾਂ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲੀਆ ਅਸਮ ਹੜ੍ਹ ਦੀਆਂ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ 5 ਵਿਚੋਂ ਦੀ 4 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਹੁਣ ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ 'ਰਮਨਦੀਪ ਕੌਰ ਗਿੱਲ' ਨੇ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, 'ਅਸਾਮ 'ਚ ਭਾਰੀ ਬਰਸਾਤ ,24 ਜ਼ਿਲ੍ਹਿਆਂ ਵਿੱਚ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਹੁਣ ਤੱਕ 7 ਦੀ ਮੌਤ; ਕੇਰਲ 'ਚ ਭਾਰੀ ਮੀਂਹ ਦਾ ਅਲਰਟ।

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਅਸੀਂ ਵਾਇਰਲ ਪੋਸਟ ਵਿਚ ਸਾਂਝੀ ਤਸਵੀਰਾਂ ਦੀ ਪੜਤਾਲ ਇੱਕ-ਇੱਕ ਕਰਕੇ ਸ਼ੁਰੂ ਕੀਤੀ। 

ਪਹਿਲੀ ਤਸਵੀਰ  

ਪਹਿਲੀ ਤਸਵੀਰ ਵਿਚ ਟ੍ਰੇਨ ਨੂੰ ਪਾਣੀ ਦੇ 'ਚ ਫਸਿਆ ਵੇਖਿਆ ਜਾ ਸਕਦਾ ਹੈ। 

ਇਸ ਤਸਵੀਰ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਟੂਲ ਨਾਲ ਕੀਤੀ। ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਵਾਇਰਲ ਤਸਵੀਰ 'India Today' ਦੁਆਰਾ 17 ਮਈ 2022 ਨੂੰ ਪ੍ਰਕਾਸ਼ਿਤ ਆਰਟੀਕਲ 'ਚ ਅਪਲੋਡ ਮਿਲੀ। ਇਸ ਤਸਵੀਰ ਦੇ ਕ੍ਰੈਡਿਟ ਵੀ ਇੰਡੀਆ ਟੂਡੇ ਨੂੰ ਦਿੱਤੇ ਗਏ ਹਨ। ਇਸ ਆਰਟੀਕਲ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਹੈ।

ਦੂਜੀ ਤਸਵੀਰ  

ਦੂਜੀ ਤਸਵੀਰ ਵਿਚ ਘਰ 'ਚ ਮੌਜੂਦ ਬੱਚੇ ਅਤੇ ਵਿਅਕਤੀਆਂ ਨੂੰ ਹੜ੍ਹ ਵਾਲੇ ਪਾਣੀ 'ਚ ਖੜ੍ਹੇ ਵੇਖਿਆ ਜਾ ਸਕਦਾ ਹੈ। 

ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਨਾਲ ਲੱਭਣ 'ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ Economic Times ਦੇ 29 ਅਗਸਤ 2021 ਨੂੰ ਪ੍ਰਕਾਸ਼ਤ ਆਰਟੀਕਲ 'ਚ ਅਪਲੋਡ ਮਿਲੀ। 

ਇਸੇ ਤਰ੍ਹਾਂ ਮੀਡੀਆ ਅਦਾਰੇ Indian Express ਨੇ ਵੀ ਤਸਵੀਰਾਂ ਨੂੰ 28 ਅਗਸਤ 2021 ਨੂੰ ਆਪਣੇ ਆਰਟੀਕਲ 'ਚ ਸਾਂਝਾ ਕੀਤਾ ਸੀ। 

ਮਤਲਬ ਸਾਫ ਸੀ ਕਿ ਇਹ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ।

ਤੀਜੀ ਤਸਵੀਰ  

ਇਸ ਤਸਵੀਰ ਵਿਚ ਹੜ੍ਹ ਵਿਚ ਕੁਝ ਵਿਅਕਤੀਆਂ ਨੂੰ ਸਾਮਾਨ ਢੋਂਦੇ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਦੀ ਪੜਤਾਲ ਵਿਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਨਾਲ ਕੀਤੀ। ਸਾਨੂੰ ਵਾਇਰਲ ਹੋ ਰਹੀ ਤਸਵੀਰ Business Today ਦੇ 16 ਜੁਲਾਈ 2019 ਨੂੰ ਪ੍ਰਕਾਸ਼ਿਤ ਆਰਟੀਕਲ 'ਚ ਅਪਲੋਡ ਮਿਲੀ। 

ਇਸੇ ਤਰ੍ਹਾਂ ਵਾਇਰਲ ਇਹ ਤਸਵੀਰ ਸਾਨੂੰ 'India TV' ਦੇ 22 ਜੁਲਾਈ 2019 ਨੂੰ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਮਿਲੀ। 

ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕਿਆ ਪਰ ਇਸ ਗੱਲ ਦੀ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। 

ਚੌਥੀ ਤਸਵੀਰ  

ਇਸ ਤਸਵੀਰ ਵਿਚ ਕੁਝ ਘਰਾਂ ਨੂੰ ਹੜ੍ਹ 'ਚ ਡੁੱਬਿਆ ਵੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ 'Asianet Newsable' ਦੇ 21 ਜੁਲਾਈ 2020 ਨੂੰ ਪ੍ਰਕਾਸ਼ਿਤ ਆਰਟੀਕਲ 'ਚ ਅਪਲੋਡ ਮਿਲੀ। 

ਇਸਦੇ ਨਾਲ ਹੀ ਵਾਇਰਲ ਤਸਵੀਰ ਸਾਨੂੰ ਇੱਕ ਟਵਿੱਟਰ ਯੂਜਰ Nadeem ਦੁਆਰਾ 21 ਜੁਲਾਈ 2020 ਨੂੰ ਸਾਂਝੀ ਕੀਤੀ ਮਿਲੀ। ਹਾਲਾਂਕਿ ਅਸੀਂ ਆਪਣੀ ਸਰਚ ਦੌਰਾਨ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕੇ ਪਰ ਸਾਡੀ ਸਰਚ ਤੋਂ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ।

ਪੰਜਵੀਂ ਤਸਵੀਰ  

ਇਸ ਤਸਵੀਰ ਵਿਚ ਕੁਝ ਵਿਅਕਤੀਆਂ ਨੂੰ ਹੜ੍ਹ 'ਚ ਕਿਸ਼ਤੀ 'ਤੇ ਬੈਠਿਆਂ ਵੇਖਿਆ ਜਾ ਸਕਦਾ ਹੈ।

ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ India Today ਦੇ 6 ਅਗਸਤ 2019 ਨੂੰ ਪ੍ਰਕਾਸ਼ਿਤ ਆਰਟੀਕਲ 'ਚ ਅਪਲੋਡ ਮਿਲੀ। ਇਸ ਤਸਵੀਰ ਲਈ ਕ੍ਰੈਡਿਟ ਮੀਡੀਆ ਏਜੰਸੀ ਪੀਟੀਆਈ ਨੂੰ ਦਿੱਤੇ ਗਏ ਹਨ।

ਮਤਲਬ ਇਹ ਗੱਲ ਸਾਫ ਸੀ ਕਿ ਇਹ ਤਸਵੀਰ ਵੀ ਪੁਰਾਣੀ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ 5 ਵਿਚੋਂ ਦੀ 4 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਹੁਣ ਪੁਰਾਣੀਆਂ ਤਸਵੀਰਾਂ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

Claim- Recent images of Assam Flood
Claimed By- FB User Ramandeep Kaur Gill
Fact Check- Misleading