Fact Check: ਰਾਜਸਥਾਨ ਦੇ ਬਾੜਮੇਰ ਦੇ ਇੱਕ ਵਿਦਿਆਰਥੀ ਦਾ ਵੀਡੀਓ ਇੰਦਰ ਕੁਮਾਰ ਮੇਘਵਾਲ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਇੰਦਰ ਮੇਘਵਾਲ ਦਾ ਨਹੀਂ ਬਲਕਿ ਬਾੜਮੇਰ 'ਚ ਪੈਂਦੇ ਗੋਮਰੁੱਖ ਸਕੂਲ ਵਿਚ ਪੜ੍ਹਦੇ ਇੱਕ ਬੱਚੇ ਦਾ ਹੈ ਜੋ ਬਿਲਕੁਲ ਸਹੀ ਸਲਾਮਤ ਹੈ।
RSFC (Team Mohali)- "ਰਾਜਸਥਾਨ ਦੇ ਜਾਲੌਰ ਪੈਂਦੇ ਸੈਲਾ ਦੇ ਪਿੰਡ ਸੁਰਾਣਾ ਦੇ ਇੱਕ ਨਿੱਜੀ ਸਕੂਲ ਸਰਸਵਤੀ ਵਿਦਿਆ ਮੰਦਰ ਵਿੱਚ ਤੀਜੀ ਜਮਾਤ ਵਿੱਚ ਪੜ੍ਹਦੇ ਇੰਦਰ ਮੇਘਵਾਲ ਦੀ ਅਧਿਆਪਕ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪਿੰਡਾਂ ਦੀ ਸਕੂਲੀ ਸਿੱਖਿਆ ਪੱਧਰ 'ਤੇ ਸਵਾਲ ਚੁੱਕੇ।"
ਹੁਣ ਸੋਸ਼ਲ ਮੀਡੀਆ 'ਤੇ ਇੱਕ ਬੱਚੇ ਦੇ ਨੱਚਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੰਦਰ ਮੇਘਵਾਲ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੰਦਰ ਮੇਘਵਾਲ ਦਾ ਨਹੀਂ ਬਲਕਿ ਬਾੜਮੇਰ 'ਚ ਪੈਂਦੇ ਗੋਮਰੁੱਖ ਸਕੂਲ ਵਿਚ ਪੜ੍ਹਦੇ ਇੱਕ ਬੱਚੇ ਦਾ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਹੁਣ ਕਿਸੇ ਵੱਖਰੇ ਬੱਚੇ ਦੇ ਵੀਡੀਓ ਨੂੰ ਇੰਦਰ ਮੇਘਵਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Pawan Mehmi" ਨੇ 15 ਅਗਸਤ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਜਸਥਾਨ ਦੇ ਜਾਲੋਰ 'ਚ 9ਵੀਂ ਕਲਾਸ ਆਲ਼ਾ ਵਿਦਿਆਰਥੀ ਸੀ ਇਹ ''ਇੰਦਰ ਮੇਘਵਾਲ'' ਜਿਹਨੂੰ ਮਾਸਟਰ ਨੇ ਆਬਦੇ ਲਈ ਰੱਖੇ ਤੌੜੇ ਚੋਂ ਪਾਣੀਂ ਪੀਣ ਤੇ ਕੁੱਟ ਕੁੱਟ ਏਨਾਂ ਗੰਭੀਰ ਜਖ਼ਮੀ ਕਰਤਾ ਕਿ ਗੁਜ਼ਰਾਤ ਜੇਰੇ ਇਲਾਜ ਦਮ ਤੋੜ ਗਿਆ ਸੀ...ਇਹ ਹੈ ਅਜ਼ਾਦ ਭਾਰਤ ਜਿੱਥੇ ਹਾਕਮ ਕਹਿਦੇ ਸਭ ਨੂੰ ਬਰਾਬਰਤਾ ਦਾ ਦਰਜਾ ਮਿਲਿਆ ਹੈ ਹਾਕਮ ਦੱਸਣ ਕਿਥੇ ਬਰਾਬਰਤਾ ਦਾ ਦਰਜਾ ਹੈ ?? ਬ੍ਰਾਹਮਣ ਦਲਿਤਾ ਨੂੰ ਅੱਜ ਵੀ ਮੰਦਰ ਤੱਕ ਨਹੀ ਵੜਨ ਦਿਦੇ ਏਥੋ ਤੱਕ ਕੇ ਦਲਿਤ ਆਪਣੇ ਵਿਆਹ ਦੇ ਰੀਤੀ ਰਿਵਾਜ ਵੀ ਬ੍ਰਾਹਮਣਾ ਵਾਗ ਨਹੀ ਕਰ ਸਕਦਾ ,,ਅੱਜ ਵੀ ਦਲਿਤਾ ਦੀ ਪੱਤ ਸ਼ਰੇਆਮ ਉਚੀਆ ਜਾਤਾ ਵਾਲੇ ਰੋਲ ਕੇ ਉਨਾ ਨੂੰ ਡਰਾ ਧਮਕਾ ਕੇ ਪੈਸੇ ਨਾਲ ਉਨਾ ਦਾ ਮੂੰਹ ਬੰਦ ਕਰ ਦਿਦੇ ਨੇ ,,ਅੱਜ ਵੀ ਘੱਟ ਗਿਣਤੀ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਤੇ ਕਰ ਕੌਣ ਰਹੇ ਜੋ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿਦੇ ਨੇ ਧੱਕਾ ,,ਜੁਲਮ ,, ਬੱਚੀਆ ਦੀਆ ਇੱਜਤਾ ਨਾਲ ਖੇਡਣਾ ਕੀ ਏਸੇ ਨੂੰ ਰਾਸ਼ਟਰਵਾਦੀ ਅਜ਼ਾਦ ਮੁਲਕ ਕਹਿਦੇ ਨੇ ...??? (ਸੱਚ ਤੇ ਕੱਚ ਹਮੇਸ਼ਾ ਚੁੱਭਦਾ)"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਇਕ ਕੁਝ ਖਬਰਾਂ ਅਤੇ ਟਵੀਟ ਮਿਲੇ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਇਹ ਬੱਚਾ ਜਾਲੌਰ ਦਾ ਇੰਦਰ ਮੇਘਵਾਲ ਨਹੀਂ ਬਲਕਿ ਬਾੜਮੇਰ ਦੇ ਗੋਮਰੱਖ ਧਾਮ ਸਕੂਲ ਦਾ ਇੱਕ ਵਿਦਿਆਰਥੀ ਹੈ।
ਅਸੀਂ ਇਸ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਸਰਚ ਜਾਰੀ ਰੱਖੀ। ਸਾਨੂੰ GUPS Gomrakh dham Taratra, Chohtan, Barmer ਦੇ ਫੇਸਬੁੱਕ ਪੇਜ 'ਤੇ ਇਹ ਅਸਲ ਵੀਡੀਓ ਅਪਲੋਡ ਮਿਲਿਆ। ਪੇਜ ਨੇ 30 ਜੁਲਾਈ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "No bag day ke दिन कक्षा 2 के विद्यार्थी हरीश द्वारा आत्मविश्वास से भरपूर शानदार प्रस्तुति"
ਅਸੀਂ ਅੱਗੇ ਵਧਦੇ ਹੋਏ ਅਖੀਰਲੀ ਪੁਸ਼ਟੀ ਲਈ ਇਸ ਸਕੂਲ 'ਚ ਸੰਪਰਕ ਕੀਤਾ। ਸਾਡੇ ਨਾਲ ਸਕੂਲ ਦੇ ਅਧਿਆਪਕ ਪੁਖਰਾਜ ਭਾਟੀ ਨੇ ਗੱਲ ਕਰਦਿਆਂ ਕਿਹਾ, "ਇਹ ਬੱਚਾ ਸਾਡੇ ਸਕੂਲ ਦੀ ਦੂਸਰੀ ਕਲਾਸ ਦਾ ਵਿਦਿਆਰਥੀ ਹਰੀਸ਼ ਹੈ ਜਿਸਨੇ No Bag Day ਸਮਾਰੋਹ ਮੌਕੇ ਡਾਂਸ ਕੀਤਾ ਸੀ। ਮੈਂ ਇਹ ਗੱਲ ਸਾਫ ਕਰਦਾ ਹਾਂ ਕਿ ਬੱਚਾ ਬਿਲਕੁਲ ਸੁਰੱਖਿਅਤ ਹੈ ਅਤੇ ਇਸਦਾ ਜਾਲੌਰ ਦੇ ਇੰਦਰ ਮੇਘਵਾਲ ਘਟਨਾ ਨਾਲ ਕੋਈ ਸਬੰਧ ਨਹੀਂ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੰਦਰ ਮੇਘਵਾਲ ਦਾ ਨਹੀਂ ਬਲਕਿ ਬਾੜਮੇਰ 'ਚ ਪੈਂਦੇ ਗੋਮਰੁੱਖ ਸਕੂਲ ਵਿਚ ਪੜ੍ਹਦੇ ਇੱਕ ਬੱਚੇ ਦਾ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਹੁਣ ਕਿਸੇ ਵੱਖਰੇ ਬੱਚੇ ਦੇ ਵੀਡੀਓ ਨੂੰ ਇੰਦਰ ਮੇਘਵਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Video Of Inder Meghwal Dancing
Claimed By- FB User Pawan Mehmi
Fact Check- Misleading