ਤੱਥ ਜਾਂਚ- ਸ਼ਿਵ ਸੈਨਾ ਦੇ ਵਿਰੋਧ ਪ੍ਰਦਰਸ਼ਨ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ 

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਵੀਡੀਓ ਵਿਚ ਭਾਜਪਾ ਦੇ ਬਜਰੰਗ ਦਲ ਨੇ ਨਹੀਂ ਬਲਕਿ ਸ਼ਿਵ ਸੈਨਾ ਨੇ ਹਿੰਗੋਲੀ ਵਿਚ ਮੋਦੀ ਸਰਕਾਰ ਖਿਲਾਫ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ

Fact check: Shiv Sena protest video goes viral with false claim

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਇਕ ਵਿਰੋਧ ਪ੍ਰਦਰਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁੱਝ ਲੋਕਾਂ ਨੂੰ ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਬਜਰੰਗ ਦਲ ਵੀ ਕਿਸਾਨਾਂ ਦੇ ਸਮਰਥਨ ਵਿਚ ਆ ਕੇ ਮੋਦੀ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਵਿਚ ਭਾਜਪਾ ਦੇ ਬਜਰੰਗ ਦਲ ਨੇ ਨਹੀਂ ਬਲਕਿ ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਹਿੰਗੋਲ ਵਿਚ ਮੋਦੀ ਸਰਕਾਰ ਖਿਲਾਫ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।  

ਵਾਇਰਲ ਦਾਅਵਾ 
ਟਵਿੱਟਰ ਯੂਜ਼ਰ Himani Singh ਨੇ 13 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''अब #भाजपा का #बजरंग दल भी #किसान के साथ। #किसानआंदोलन @UttarPradeshPMC @INCUttarPradesh @priyankagandhi @MahilaCongress
@AjayLalluINC @INCIndia @INCMP

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਸ ਵਿਚ ਲੋਕਾਂ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਸ਼ਿਵਸੈਨਾ ਦੇ ਝੰਡੇ ਵੀ ਫੜੇ ਹੋਏ ਦੇਖੇ ਜਾ ਸਕਦੇ ਹਨ। 

ਵੀਡੀਓ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਯੂਟਿਊਬ 'ਤੇ ਸਬੰਧਿਤ ਕੀਵਡ ਸਰਚ ਕੀਤੇ। ਸਾਨੂੰ ਆਪਣੀ ਸਰਚ ਦੌਰਾਨ NEWS TODAY 24 AHMEDNAGAR ਨਾਮ ਦੇ ਯੂਟਿਊਬ ਪੇਜ਼ 'ਤੇ 6 ਫਰਵਰੀ ਨੂੰ ਇਕ ਵੀਡੀਓ ਅਪਲੋਡ ਕੀਤੀ ਮਿਲੀ। ਵੀਡੀਓ ਦਾ ਕੈਪਸ਼ਨ ਸੀ, ''पेट्रोल डिझेल गॅस दरवाढीविरोधात हिंगोली मध्ये शिवसेनेचा भव्य बैलगाडी मोर्चा''

ਕੈਪਸ਼ਨ ਅਨੁਸਾਰ ਸ਼ਿਵਸੈਨਾ ਨੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮਹਾਰਾਸ਼ਟਰ ਦੇ ਹਿੰਗੋਲੀ ਵਿਚ ਬੈਲਗੱਡੀ ਮੋਰਚਾ ਕੱਢਿਆ ਸੀ। ਰਿਪੋਰਟ ਦੇ ਮੁਤਾਬਿਕ ਸ਼ਿਵਸੈਨਾ ਜ਼ਿਲ੍ਹਾ ਪ੍ਰਮੁੱਖ ਸੰਤੋਸ਼ ਬਾਂਗਰ ਨੇ ਇਹ ਮੋਰਚਾ ਕੱਢਿਆ ਸੀ। 

ਇਸ ਦੇ ਨਾਲ ਹੀ ਹੋਰ ਵੀ ਕਈ ਯੂਟਿਊਬ ਚੈਨਲਜ਼ ਨੇ ਇਹ ਵੀਡੀਓ ਸ਼ਿਵਸੈਨਾ ਵੱਲੋਂ ਹਿੰਗੋਲੀ ਵਿਚ ਬੈਲਗੱਡੀ ਮੋਰਚੇ ਦੇ ਨਾਮ ਤੋਂ ਅਪਲੋਡ ਕੀਤਾ ਹੋਇਆ ਸੀ। 

ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ esakal.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 5 ਫਰਵਰੀ 2021 ਨੂੰ ਅਪਲੋਡ ਕੀਤੀ ਗਈ ਸੀ।ਰਿਪੋਰਟ ਵਿਚ ਸਾਨੂੰ ਵਾਇਰਲ ਵੀਡੀਓ ਵਿਚੋਂ ਲਈ ਗਈ ਇਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਮਿਲੀ। 
ਰਿਪੋਰਟ ਮੁਤਾਬਿਕ ਸ਼ਿਵਸੈਨਾ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬੈਲਗੱਡੀ ਮੋਰਚਾ ਆਯੋਜਿਤ ਕੀਤਾ ਸੀ। ਇਸ ਮੋਰਚੇ ਦਾ ਪ੍ਰਧਾਨਗੀ ਸ਼ਿਵਸੈਨਾ ਜ਼ਿਲ੍ਹਾ ਪ੍ਰਮੁੱਖ ਸੰਤੋਸ਼ ਬਾਂਗਰ ਕਰ ਰਹੇ ਸਨ। ਇਹ ਮੋਰਚਾ ਹਿੰਗੋਲੀ ਵਿਚ ਪਾਰਟੀ ਦਫ਼ਤਰ ਤੋਂ ਸ਼ੁਰੂ ਹੋ ਕੇ ਅਤੇ ਇੰਦਰਾ ਗਾਂਧੀ ਚੌਕ ਤੋਂ ਹੋ ਕੇ ਲੰਘਿਆ ਸੀ।

ਸ਼ਿਵਸੈਨਾ ਦੇ ਇਸ ਮੋਰਚੇ ਨੂੰ ਲੈ ਕੇ ਹੋਰ ਰਿਪੋਰਟ ਇੱਥੇ ਕਲਿੱਕ ਕਰ ਕੇ ਪੜੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਸੰਬੰਧ ਵਿੱਚ ਹਿੰਗੋਲੀ ਸ਼ਹਿਰ ਵਿੱਚ ਸ਼ਿਵ ਸੈਨਾ ਦੇ ਵਿਰੋਧ ਦੀ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਦਿਆਂ ਇਹ ਝੂਠਾ ਦਾਅਵਾ ਕੀਤਾ ਗਿਆ ਕਿ ਬਜਰੰਗ ਦਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹਿੱਸਾ ਲਿਆ ਹੈ।
Claim: ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਬਜਰੰਗ ਦਲ ਵੀ ਕਿਸਾਨਾਂ ਦੇ ਸਮਰਥਨ ਵਿਚ ਆ ਕੇ ਮੋਦੀ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। 
Claimed By:ਟਵਿੱਟਰ ਯੂਜ਼ਰ Himani Singh 
Fact Check: ਫਰਜ਼ੀ