ਤੱਥ ਜਾਂਚ: ਮਾਸਕ ਦਾ ਚਲਾਨ ਕੱਟਣ 'ਤੇ ਪਤੀ ਨੇ ਪਤਨੀ ਨੂੰ ਮਾਰਿਆ ਥੱਪੜ? ਜਗਬਾਣੀ ਨੇ ਚਲਾਈ ਪੁਰਾਣੀ ਖਬਰ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 5 ਮਹੀਨੇ ਪੁਰਾਣਾ ਹੈ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਨਾਮਵਰ ਪੰਜਾਬੀ ਨਿਊਜ਼ ਏਜੰਸੀ ਜਗਬਾਣੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਇੱਕ ਵਿਅਕਤੀ ਪੁਲਿਸ ਮੁਲਾਜ਼ਮਾਂ ਸਾਹਮਣੇ ਆਪਣੀ ਪਤਨੀ ਨੂੰ ਥੱਪੜ ਮਾਰਦਾ ਹੈ। ਦਾਅਵਾ ਕੀਤਾ ਗਿਆ ਕਿ ਮਾਸਕ ਦਾ ਚਲਾਨ ਕੱਟਣ ਕਰਕੇ ਬਹਿਸ ਕਰਦੀ ਪਤਨੀ ਨੂੰ ਪੁਲਿਸ ਮੁਲਾਜ਼ਮਾਂ ਸਾਹਮਣੇ ਉਸਦੇ ਪਤੀ ਨੇ ਥੱਪੜ ਮਾਰਿਆ।

ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 5 ਮਹੀਨੇ ਪੁਰਾਣਾ ਹੈ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਜਗਬਾਣੀ ਨੇ 19 ਅਪ੍ਰੈਲ 2021 ਨੂੰ ਇੱਕ ਵੀਡੀਓ ਲਾਈਵ ਕੀਤਾ ਜਿਸ ਦੇ ਵਿਚ ਇੱਕ ਵਿਅਕਤੀ ਪੁਲਿਸ ਮੁਲਾਜ਼ਮਾਂ ਸਾਹਮਣੇ ਆਪਣੀ ਪਤਨੀ ਨੂੰ ਥੱਪੜ ਮਾਰਦਾ ਹੈ। ਵੀਡੀਓ ਲਾਈਵ ਕਰਦਿਆਂ ਕੈਪਸ਼ਨ ਲਿਖਿਆ ਗਿਆ, "ਜਦੋਂ Mask ਦਾ ਕੱਟਿਆ ਚਲਾਨ, ਪਤੀ ਨੇ Police ਦੇ ਸਾਹਮਣੇ Wife ਨੂੰ ਮਾਰਿਆ ਥੱਪੜ, ਦੇਖੋ Viral Video #MaskChalan #PoliceVideo #HusbandWifeViralVideo"

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ।

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕਰਦੇ ਹੋਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ oneindia ਦੀ ਮਾਮਲੇ ਨੂੰ ਲੈ ਕੇ ਖ਼ਬਰ ਮਿਲੀ। ਇਹ ਖਬਰ 1 ਦਿਸੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਖਬਰ ਨੂੰ ਸਿਰਲੇਖ ਦਿੱਤਾ ਗਿਆ, "मास्क न पहनने के बावजूद बहस कर रही थी पत्नी, पति ने पुलिसवालों के सामने ही मारा थप्पड़"

ਖ਼ਬਰ ਅਨੁਸਾਰ ਮਾਮਲਾ ਰਾਜਕੋਟ ਦਾ ਹੈ ਜਿਥੇ ਨਾਈਟ ਕਰਫਿਊ ਦੌਰਾਨ ਮਾਸਕ ਨਾ ਪਾਉਣ ਦੇ ਬਾਵਜੂਦ ਇੱਕ ਔਰਤ ਆਪਣੇ ਪਤੀ ਸਾਹਮਣੇ ਪੁਲਿਸ ਵਾਲਿਆਂ ਨਾਲ ਬਹਿਸ ਕਰ ਰਹੀ ਸੀ ਅਤੇ ਇਸ ਤੋਂ ਨਰਾਜ਼ ਵਿਅਕਤੀ ਨੇ ਆਪਣੀ ਪਤਨੀ ਨੂੰ ਸਾਰਿਆਂ ਸਾਹਮਣੇ ਥੱਪੜ ਮਾਰਿਆ। ਇਸ ਖਬਰ ਵਿਚ ਵੀਡੀਓ ਦੇ ਕੀਫ਼੍ਰੇਮਸ ਇਸਤੇਮਾਲ ਕੀਤੇ ਗਏ ਸਨ ਅਤੇ ਇਸਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ ਵੀ ਖਬਰ ਮਿਲੀ। ਇਹ ਖਬਰ 29 ਨਵੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "मास्क को लेकर पति-पत्नी भिड़े:गलती होने पर भी पत्नी कर रही थी बहस, पति ने पुलिसवालों के सामने ही जड़ दिया थप्पड़"

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 5 ਮਹੀਨੇ ਪੁਰਾਣਾ ਹੈ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim: ਵਾਇਰਲ ਵੀਡੀਓ ਹਾਲੀਆ ਹੈ। 
Claimed By: ਜਗਬਾਣੀ
Fact Check: ਗੁੰਮਰਾਹਕੁੰਨ