Fact Check: ਇਹ ਤਸਵੀਰ ਪਾਕਿਸਤਾਨ 'ਚ ਅਗਵਾ ਹੋਈ ਅਫ਼ਗ਼ਾਨੀ ਰਾਜਦੂਤ ਦੀ ਬੇਟੀ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਬੇਟੀ ਦੀ ਨਹੀਂ ਹੈ। ਤਸਵੀਰ ਪਾਕਿਸਤਾਨ 'ਚ ਪੀੜਤ ਕੀਤੀ ਗਈ TikTok ਸਟਾਰ ਦੀ ਹੈ।
RSFC (Team Mohali)- ਬੀਤੇ ਕੁਝ ਦਿਨ ਪਹਿਲਾਂ ਪਾਕਿਸਤਾਨ 'ਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਕੁੜੀ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਸੀ। ਕੁੜੀ ਕੁਝ ਘੰਟਿਆਂ ਲਈ ਹੀ ਅਗਵਾ ਹੋਈ ਸੀ ਅਤੇ ਉਸ ਸਮੇਂ ਦੌਰਾਨ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਹੁਣ ਸੋਸ਼ਲ ਮੀਡੀਆ 'ਤੇ ਇੱਕ ਜ਼ਖਮੀ ਕੁੜੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪਾਕਿਸਤਾਨ 'ਚ ਅਗਵਾ ਹੋਈ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਬੇਟੀ ਦੀ ਹੈ। ਇਸ ਤਸਵੀਰ ਨੂੰ ਕਈ ਯੂਜ਼ਰਸ ਸਮੇਤ ਮੀਡੀਆ ਅਦਾਰੇ OpIndia ਨੇ ਵੀ ਸ਼ੇਅਰ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਬੇਟੀ ਦੀ ਨਹੀਂ ਹੈ। ਇਹ ਤਸਵੀਰ ਪਾਕਿਸਤਾਨ 'ਚ ਕੁੱਟਮਾਰ ਦਾ ਸ਼ਿਕਾਰ ਹੋਈ TikTok ਸਟਾਰ ਗੁਲ ਚਾਹਤ ਦੀ ਹੈ।
OpIndia ਨੇ ਸ਼ੇਅਰ ਕੀਤੀ ਗਲਤ ਤਸਵੀਰ
OpIndia ਨੇ 17 ਜੁਲਾਈ ਨੂੰ ਮਾਮਲੇ ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਅਤੇ ਇਸ ਖ਼ਬਰ ਵਿਚ ਗੁਲ ਚਾਹਤ ਦੀ ਤਸਵੀਰ ਸ਼ੇਅਰ ਕੀਤੀ ਗਈ ਸੀ। ਹਾਲਾਂਕਿ 19 ਜੁਲਾਈ ਨੂੰ ਇਹ ਖ਼ਬਰ ਅਪਡੇਟ ਕਰ ਦਿੱਤੀ ਗਈ ਸੀ ਅਤੇ ਗੁਲ ਚਾਹਤ ਦੀ ਤਸਵੀਰ ਹਟਾ ਦਿੱਤੀ ਗਈ ਸੀ।
ਗੁਲ ਚਾਹਤ ਦੀ ਤਸਵੀਰ ਪ੍ਰਕਾਸ਼ਿਤ OpIndia ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
TikTok ਸਟਾਰ ਗੁਲ ਚਾਹਤ ਦੀ ਹੈ ਤਸਵੀਰ
ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਅਨੁਸਾਰ ਇਹ ਤਸਵੀਰ ਪਾਕਿਸਤਾਨੀ TikTok ਸਟਾਰ ਗੁਲ ਚਾਹਤ ਦੀ ਹੈ। ਇਹ ਤਸਵੀਰ ਗੁਲ ਚਾਹਤ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਸ਼ੇਅਰ ਕੀਤੀ ਸੀ। ਆਪਣੀ ਜ਼ਖਮੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੁਲ ਚਾਹਤ ਨੇ ਲਿਖਿਆ ਸੀ, "ਇਹ ਸਰਕਾਰ ਸਿਰਫ਼ ਅਮੀਰਾਂ ਦੀ ਹੈ।" ਇਹ ਪੋਸਟ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਗੁਲ ਚਾਹਤ ਨੇ ਆਪਣੇ ਪੇਜ 'ਤੇ ਜ਼ਖਮੀ ਹਾਲਤ ਵਿਚ ਫੇਸਬੁੱਕ ਲਾਈਵ ਕਰਦਿਆਂ ਪੂਰੀ ਜਾਣਕਾਰੀ ਦੱਸੀ ਸੀ। ਗੁਲ ਚਾਹਤ ਇੱਕ ਟਰਾਂਸਜੈਂਡਰ ਹੈ ਅਤੇ ਇਸੇ ਕਰਕੇ ਉਸ ਨਾਲ ਪਾਕਿਸਤਾਨ 'ਚ ਕੁੱਟਮਾਰ ਕੀਤੀ ਗਈ ਸੀ। ਲਾਈਵ ਵਿਚ ਗੁਲ ਚਾਹਤ ਨੇ ਦੱਸਿਆ ਸੀ ਕਿ ਉਸ ਨਾਲ ਸ਼ੋਏਬ ਨਾਂਅ ਦੇ ਵਿਅਕਤੀ ਨੇ ਕੁੱਟਮਾਰ ਕੀਤੀ ਸੀ। ਇਹ ਲਾਈਵ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਲ ਚਾਹਤ ਨੂੰ ਅਜੇਹੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਹੋਵੇ। ਸਿਤੰਬਰ 2020 ਦੀ ਇੱਕ ਰਿਪੋਰਟ ਅਨੁਸਾਰ ਅਜਿਹੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ। ਗੁਲ ਚਾਹਤ ਟਰਾਂਸਜੈਂਡਰ ਐਕਟੀਵਿਸਟ ਹੈ ਜੋ ਪਾਕਿਸਤਾਨ ਸਰਕਾਰ ਤੋਂ ਟਰਾਂਸਜੈਂਡਰ ਸਮੁਦਾਏ ਲਈ ਸੁਰੱਖਿਆ ਦੀ ਮੰਗ ਕਰਦੀ ਰਹਿੰਦੀ ਹੈ। ਇਹ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਮਤਲਬ ਸਾਫ਼ ਹੋਇਆ ਕਿ ਇਹ ਤਸਵੀਰ ਪਾਕਿਸਤਾਨ 'ਚ ਅਗਵਾ ਹੋਈ ਅਫ਼ਗ਼ਾਨੀ ਰਾਜਦੂਤ ਦੀ ਬੇਟੀ ਦੀ ਨਹੀਂ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਪਾਕਿਸਤਾਨ 'ਚ ਅਫ਼ਗ਼ਾਨੀ ਰਾਜਦੂਤ Najibullah Alikhil ਦਾ 18 ਜੁਲਾਈ ਨੂੰ ਕੀਤਾ ਇੱਕ ਟਵੀਟ ਮਿਲਿਆ ਜਿਸ ਦੇ ਵਿਚ ਉਨ੍ਹਾਂ ਨੇ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਸੀ। ਟਵੀਟ ਦੇ ਕੈਪਸ਼ਨ ਅਨੁਸਾਰ ਤਸਵੀਰ ਸ਼ੇਅਰ ਕਰਨ ਦੀ ਵਜ੍ਹਾ ਇਹ ਵਾਇਰਲ ਦਾਅਵਾ ਹੀ ਸੀ। ਇਹ ਟਵੀਟ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਬੇਟੀ ਦੀ ਨਹੀਂ ਹੈ। ਇਹ ਤਸਵੀਰ ਪਾਕਿਸਤਾਨ 'ਚ ਕੁੱਟਮਾਰ ਦਾ ਸ਼ਿਕਾਰ ਹੋਈ TikTok ਸਟਾਰ ਗੁਲ ਚਾਹਤ ਦੀ ਹੈ।
Claim- Image of Afghanistan Ambassador Daughter which was abducted in Pakistan
Clamied By- OpIndia and SM Users
Fact Check- Misleading