Fact Check: ਕੀ ਤੁਹਾਡੇ ਕੋਲ ਵੀ ਆਇਆ ਹੈ ਕੋਰੋਨਾ ਵਾਇਰਸ ਦੇ XBB ਵੈਰੀਐਂਟ ਵਾਲਾ ਮੈਸੇਜ; ਜਾਣੋ ਕੀ ਹੈ ਸੱਚਾਈ

ਸਪੋਕਸਮੈਨ ਸਮਾਚਾਰ ਸੇਵਾ

Fact Check

ਕੋਰੋਨਾ ਦੇ XBB ਵੇਰੀਐਂਟ ਨੂੰ ਲੈ ਕੇ ਇਕ ਲੰਮਾ ਸੰਦੇਸ਼ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

WhatsApp message on Covid XBB variant going viral, health ministry says it is fake

Rozana Spokesman Fact Check (Team Mohali): ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਦਸਤਕ ਦਿਤੀ ਹੈ। ਕੁੱਝ ਸੂਬਿਆਂ ਵਿਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਕ ਸਮੀਖਿਆ ਮੀਟਿੰਗ ਵੀ ਕੀਤੀ ਹੈ। ਇਸ ਦੌਰਾਨ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਕਈ ਤਰ੍ਹਾਂ ਦੇ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। ਵ੍ਹਟਸਐਪ ਗਰੁੱਪਸ ਅਤੇ ਫੇਸਬੁੱਕ ਉਤੇ ਕੋਰੋਨਾ ਦੇ XBB ਵੇਰੀਐਂਟ ਨੂੰ ਲੈ ਕੇ ਇਕ ਲੰਮਾ ਸੰਦੇਸ਼ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 

ਵਾਇਰਲ ਸੰਦੇਸ਼ ਵਿਚ, ਕੋਵਿਡ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਸੁਝਾਅ ਦੇ ਨਾਲ, XBB ਵੇਰੀਐਂਟ ਨੂੰ ਡੇਲਟਾ ਵੇਰੀਐਂਟ ਨਾਲੋਂ ਜ਼ਿਆਦਾ ਘਾਤਕ ਅਤੇ ਖਤਰਨਾਕ ਦਸਿਆ ਗਿਆ ਹੈ। ਰੋਜ਼ਾਨਾ ਸਪੋਕਸਮੈਨ ਨੇ ਨੇ ਅਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਹੈ।

ਕੀ ਹੈ ਦਾਅਵਾ?

ਇਸ ਮੈਸੇਜ ਨੂੰ ਟਵਿਟਰ ਯੂਜ਼ਰ “R Nambiar” ਨੇ ਸ਼ੇਅਰ ਕੀਤਾ ਹੈ। ਮੈਸੇਜ ਵਿਚ ਲਿਖਿਆ ਹੈ, “ਸਿੰਗਾਪੁਰ ਨਿਊਜ਼! ਸਾਰਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿਤੀ ਜਾਂਦੀ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਨਵਾਂ COVID-Omicron XBB ਰੂਪ ਵੱਖਰਾ, ਘਾਤਕ ਅਤੇ ਆਸਾਨੀ ਨਾਲ ਖੋਜੇ ਜਾਣ ਵਾਲਾ ਨਹੀਂ ਹੈ”।

XBB ਵੇਰੀਐਂਟ ਦੇ ਲੱਛਣਾਂ ਦਾ ਜ਼ਿਕਰ ਕਰਦੇ ਹੋਏ ਸੰਦੇਸ਼ ਵਿਚ ਲਿਖਿਆ ਗਿਆ ਹੈ ਕਿ

-ਇਸ ਵਿਚ ਕੋਈ ਖੰਘ ਅਤੇ ਬੁਖਾਰ ਨਹੀਂ ਹੁੰਦਾ ਹੈ।

-ਇਸ ਵਿਚ ਜੋੜਾਂ, ਸਿਰ, ਗਰਦਨ ਅਤੇ ਕਮਰ ਵਿਚ ਬਹੁਤ ਘੱਟ ਦਰਦ ਹੁੰਦਾ ਹੈ।

-ਇਹ ਵੇਰੀਐਂਟ ਡੈਲਟਾ ਨਾਲੋਂ 5 ਗੁਣਾ ਜ਼ਿਆਦਾ ਘਾਤਕ ਹੈ ਅਤੇ ਇਸ ਦੇ ਮੁਕਾਬਲੇ ਮੌਤ ਦਰ ਜ਼ਿਆਦਾ ਹੈ।ਬਿਮਾਰੀ ਦੀ ਗੰਭੀਰਤਾ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਹੈ ਅਤੇ ਕਈ ਵਾਰ ਇਸ ਦੇ ਸਪੱਸ਼ਟ ਲੱਛਣ ਵੀ ਦਿਖਾਈ ਨਹੀਂ ਦਿੰਦੇ।

ਹੋਰ ਵੀ ਅਨੇਕਾਂ ਯੂਜ਼ਰ ਇਸ ਪੋਸਟ ਨੂੰ ਸ਼ੇਅਰ ਕਰ ਰਹੇ ਹਨ। ਤੁਸੀਂ ਵਾਇਰਲ ਪੋਸਟ ਹੇਠਾਂ ਦੇਖ ਸਕਦੇ ਹੋ।

 

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸੋਸ਼ਲ ਮੀਡੀਆ 'ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਸਾਨੂੰ ਦਾਅਵੇ ਨਾਲ ਸਬੰਧਤ ਕੋਈ ਪ੍ਰਮਾਣਿਕ ਰੀਪੋਰਟ ਨਹੀਂ ਮਿਲੀ। ਹਾਲਾਂਕਿ ਇਸ ਦੌਰਾਨ ਸਾਨੂੰ ਪਿਛਲੇ ਸਾਲ ਦੀਆਂ ਕਈ ਅਜਿਹੀਆਂ ਖ਼ਬਰਾਂ ਮਿਲੀਆਂ, ਜਿਨ੍ਹਾਂ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਦਸਿਆ ਗਿਆ ਸੀ।

ਦੱਸ ਦੇਈਏ ਕਿ ਇਹ ਸੁਨੇਹਾ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ, ਜਿਸ ਮਗਰੋਂ ਕੇਂਦਰੀ ਸਿਹਤ ਮੰਤਰਾਲੇ ਨੇ ਵੀ ਟਵੀਟ ਕਰਕੇ ਇਸ ਸੰਦੇਸ਼ ਨੂੰ ਫਰਜ਼ੀ ਦਸਿਆ ਸੀ। ਹਾਲਾਂਕਿ ਇਸ ਵਾਰ ਇਹ ਮੈਸੇਜ ਸਿੰਗਾਪੁਰ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਹੈ।

XBB ਸਬਵੇਰੀਐਂਟ ਕੀ ਹੈ?

ਪੜਤਾਲ ਦੌਰਾਨ ਸਾਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਰੀਪੋਰਟ ਦੇ ਹਵਾਲੇ ਤੋਂ ਕਈ ਖ਼ਬਰਾਂ ਮਿਲੀਆਂ। ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ 'ਤੇ 27 ਅਕਤੂਬਰ 2022 ਨੂੰ ਪ੍ਰਕਾਸ਼ਤ ਇਕ ਬਿਆਨ ਮਿਲਿਆ ਵਿਚ XBB ਅਤੇ BQ.1 ਸਬਲਾਈਨੇਜ ਦੀ ਵਿਆਖਿਆ ਕੀਤੀ ਗਈ ਸੀ।

ਇਸ ਬਿਆਨ ਵਿਚ, XBB ਅਤੇ BQ.1 ਨੂੰ ਓਮੀਕਰੋਨ ਵੇਰੀਐਂਟ ਦੇ ਸਬਲਾਈਨੇਜ ਦਸਿਆ ਗਿਆ ਹੈ। ਭਾਵ ਇਹ ਉਸੇ ਵੰਸ਼ ਨਾਲ ਸਬੰਧਤ ਹੈ। ਇਸ ਤੋਂ ਇਲਾਵਾ, ਇਹ ਵੀ ਦਸਿਆ ਗਿਆ ਸੀ ਕਿ XBB ਸਬਵੇਰੀਐਂਟ ਓਮੀਕਰੋਨ ਵੇਰੀਐਂਟ ਦੇ BA.2.10.1 ਅਤੇ BA.2.75 ਸਬਲਾਈਨੇਜ ਦੇ ਪੁਨਰ ਸੰਯੋਜਨ ਦੁਆਰਾ ਬਣਿਆ ਹੈ। ਇਸ ਤੋਂ ਇਲਾਵਾ ਬਿਆਨ ਵਿਚ ਇਸ ਸਬੰਧੀ ਹੋਰ ਖੋਜ ਦੀ ਲੋੜ ਉਤੇ ਵੀ ਜ਼ੋਰ ਦਿਤਾ ਗਿਆ ਸੀ।

ਵਾਇਰਲ ਮੈਸੇਜ ਬਾਰੇ ਸਿਹਤ ਮੰਤਰਾਲੇ ਦਾ ਕੀ ਕਹਿਣਾ ਹੈ?

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 22 ਦਸੰਬਰ, 2022 ਨੂੰ ਇਕ ਟਵੀਟ ਵਿਚ, ਪੋਸਟ ਨੂੰ 'ਗਲਤ' ਕਰਾਰ ਦਿਤਾ ਸੀ। ਸਾਨੂੰ ਕੇਂਦਰੀ ਸਿਹਤ ਮੰਤਰਾਲੇ ਵਲੋਂ 22 ਦਸੰਬਰ, 2022 ਦਾ ਇਕ ਟਵੀਟ ਵੀ ਮਿਲਿਆ, ਜਿਸ ਵਿਚ ਵਾਇਰਲ ਸੰਦੇਸ਼ ਦੀ ਫੋਟੋ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਨੂੰ ਜਾਅਲੀ ਅਤੇ ਗੁੰਮਰਾਹਕੁੰਨ ਦਸਿਆ ਗਿਆ ਸੀ।

 

 

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ  ਵਿਚ ਵਾਇਰਲ ਮੈਸੇਜ ਨੂੰ ਜਾਅਲੀ ਅਤੇ ਗੁੰਮਰਾਹਕੁੰਨ ਪਾਇਆ ਹੈ। ਇਹ ਮੈਸੇਜ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ।

Our Sources:

Release By WHO

Tweet Of MoHFW India (Ministry Of Health)