ਤੱਥ ਜਾਂਚ - ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤੀ ਖੇਤੀ ਕਾਨੂੰਨਾਂ ਦੀ ਹਮਾਇਤ, ਵਾਇਰਲ ਕਲਿੱਪ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਲਿੱਪ ਐਡੀਟਡ ਹੈ। ਵਾਇਰਲ ਕਲਿੱਪ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਅਫਵਾਹਾਂ ਫੈਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੇ ਚਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਕ੍ਰਾਂਤੀ ਦੱਸ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਲਿੱਪ ਐਡੀਟਡ ਹੈ। ਵਾਇਰਲ ਕਲਿੱਪ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ
ਫੇਸਬੁੱਕ ਪੇਜ਼ Agg bani ਨੇ 21 ਜਨਵਰੀ ਨੂੰ ਵਾਇਰਲ ਵੀਡੀਓ ਅਰਲੋਡ ਕਰਦੇ ਹੋਏ ਕੈਪਸ਼ਨ ਲਿਖਿਆ, ''ਰੰਗ ਬਦਲਣ ਵਿੱਚ ਤੇ ਇਹ ਗਿਰਗਿਟ ਨਾਲੋਂ ਕਿਤੇ ਅੱਗੇ ਆ ???????????? ਮੋਦੀ ਦੇ ਬਿੱਲਾਂ ਨੂੰ ਕ੍ਰਾਂਤੀ ਦੱਸਦਾ''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਕਲਿੱਪ ਨੂੰ ਧਿਆਨ ਨਾਲ ਸੁਣਿਆ। ਇਸ ਦੇ ਵਿਚ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ''ਇਸ ਨਾਲ ਤੁਹਾਡੀ ਐੱਮਐੱਸਪੀ ਨਹੀਂ ਜਾਵੇਗੀ, ਤੁਹਾਡੀ ਜ਼ਮੀਨ ਨਹੀਂ ਜਾਵੇਗੀ, ਤੁਹਾਡੀ ਮੰਡੀ ਨਹੀਂ ਜਾਵੇਗੀ ਤੇ ਹੁਣ ਕਿਸਾਨ ਆਪਣੀ ਫਸਲ ਦੀ ਚੰਗੀ ਕੀਮਤ ਮਿਲੇਗੀ ਤੇ ਕਿਸਾਨ ਆਪਣੀ ਫਸਲ ਕਿਧਰੇ ਵੀ ਵੇਚ ਸਕਦਾ ਹੈ। ਪਿਛਲੇ 70 ਸਾਲਾਂ ਵਿਚ ਖੇਤੀ ਦੇ ਖੇਤਰ ਵਿਚ ਇਹ ਪਹਿਲਾ ਕ੍ਰਾਂਤੀਕਾਰੀ ਕਦਮ ਹੋਵੇਗਾ।''
ਇਸ ਤੋਂ ਬਾਅਦ ਅਸੀਂ ਵੀਡੀਓ ਨੂੰ ਅਧਾਰ ਬਣਾ ਕੇ ਖ਼ਬਰਾਂ ਅਤੇ ਵੀਡੀਓਜ਼ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਵੀ ਖ਼ਬਰ ਜਾਂ ਵੀਡੀਓ ਨਹੀਂ ਮਿਲੀ ਜਿਸ ਵਿਚ ਅਰਵਿੰਦ ਕੇਜਰੀਵਾਲ ਨੇ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੋਵੇ।
ਪੜਤਾਲ ਦੌਰਾਨ ਸਾਨੂੰ ਅਰਵਿੰਦ ਕੇਜਰੀਵਾਲ ਦੀ ZeePunjabHaryanaHimachal ਨੂੰ ਦਿੱਤੀ ਇਕ ਇੰਟਰਵਿਊ ਮਿਲੀ, ਜੋ ਕਿ 15 ਜਨਵਰੀ 2021 ਨੂੰ ਅਪਲੋਡ ਕੀਤੀ ਗਈ ਸੀ। ਇਸ ਇੰਟਰਵਿਊ ਦਾ ਬੈਕਗ੍ਰਾਊਂਡ ਬਿਲਕੁਲ ਵਾਇਰਲ ਕਲਿੱਪ ਨਾਲ ਮੇਲ ਖਾਂਦਾ ਸੀ। ਫਿਰ ਜਦੋਂ ਅਸੀਂ ਇਹ ਇੰਟਰਵਿਊ ਸੁਣੀ ਤਾਂ ਇਸ ਵਿਚ ਅਰਵਿੰਦ ਕੇਜਰੀਵਾਲ ਜੋ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੀ ਹੈ ਉਹ ਦੱਸ ਰਹੇ ਸਨ ਜਿਸ ਨੂੰ ਹੀ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਇਸ ਇੰਟਰਵਿਊ ਵਿਚ ਇਕ ਸਾਵਲ ਦੇ ਜਵਾਬ ਵਿਚ ਕਹਿ ਰਹੇ ਸਨ ''ਕਿ ਉਹਨਾਂ ਨੇ ਭਾਜਪਾ ਦੇ ਸਾਰੇ ਮੰਤਰੀਆਂ ਦੇ ਭਾਸ਼ਨ ਸੁਣੇ ਹਨ ਤੇ ਉਹ ਆਪਣੇ ਭਾਸ਼ਨ ਕਾਨੂੰਨਾਂ ਦੇ ਫਾਇੇਦੇ ਗਿਣਾਉਂਦੇ ਹੋਏ ਕਹਿੰਦੇ ਹਨ ਕਿ ਇਸ ਬਿੱਲ ਨਾਲ ਤੁਹਾਡੀ ਜਮੀਨ ਨਹੀਂ ਜਾਵੇਗੀ, ਇਹ ਤਾਂ ਫਾਇਦਾ ਪਹਿਲਾਂ ਹੀ ਸੀ ਜਮੀਨ ਤਾਂ ਪਹਿਲਾਂ ਹੀ ਸੀ, ਤੁਹਾਡੀ ਐੱਪਐੱਸਪੀ ਨਹੀਂ ਜਾਵੇਗੀ, ਇਹ ਵੀ ਫਾਇਦਾ ਨਹੀਂ ਹੋਇਆ ਇਹ ਵੀ ਪਹਿਲਾਂ ਹੀ ਸੀ। ਤੁਹਾਡੀ ਮੰਡੀ ਨਹੀਂ ਜਾਵੇਗੀ, ਮਤਲਬ ਭਾਜਪਾ ਦਾ ਇਕ ਵੀ ਮੰਤਰੀ ਖੇਤੀ ਕਾਨੂੰਨਾਂ ਦੇ ਫਾਇਦੇ ਨਹੀਂ ਗਿਣਾ ਪਾਇਆ। ਕੇਜਰੀਵਾਲ ਨੇ ਕਿਹਾ ਕਿ ਜੇ ਮੰਤਰੀਆਂ ਨੂੰ ਜ਼ਿਆਦਾ ਫੋਰਸ ਕਰਦੇ ਹਾਂ ਤਾਂ ਕਹਿੰਦੇ ਨੇ ਕਿ ਹੁਣ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ।''
ਅਰਵਿੰਦ ਕੇਜਰੀਵਾਲ ਵੱਲੋਂ ਕਹੇ ਇਨ੍ਹਾਂ ਸ਼ਬਦਾਂ ਨੂੰ ਤੁਸੀਂ 6.20 ਤੋਂ ਲੈ ਕੇ 6. 54 ਤੱਕ ਸੁਣ ਸਕਦੇ ਹੋ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲੇ। ਜਿਸ ਦੌਰਾਨ ਸਾਨੂੰ ZeePunjabHaryanaHimachal ਨੂੰ ਦਿੱਤੀ ਇਹ ਇੰਟਰਵਿਊ ਅਰਵਿੰਦ ਕੇਜਰੀਵਾਲ ਦੇ ਫੇਸਬੁੱਕ ਪੇਜ਼ 'ਤੇ ਵੀ 15 ਜਨਵਰੀ 2021 ਨੂੰ ਹੀ ਅਪਲੋਡ ਕੀਤੀ ਮਿਲੀ।
ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਕਲਿੱਪ ਨੂੰ ਐਡਿਟਡ ਪਾਇਆ ਹੈ। ਕੇਜਰੀਵਾਲ ਨੇ ਇੱਕ ਇੰਟਰਵਿਊ ਵਿਚ ਮੋਦੀ ਸਰਕਾਰ ਦੁਆਰਾ ਕਿਸਾਨਾਂ ਨੂੰ ਗਿਣਾਏ ਜਾ ਰਹੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਸਨ ਨਾ ਕਿ ਖੁਦ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ।
Claim - ਅਰਵਿੰਦ ਕੇਜਰੀਵਾਲ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ।
Claimed By- ਫੇਸਬੁੱਕ ਪੇਜ਼ Agg bani
Fact Check - ਫਰਜ਼ੀ