Fact Check Report: ਬਲੋਚਾਂ ਵੱਲੋਂ ਪਾਕਿਸਤਾਨੀ ਟ੍ਰੇਨ ਹਾਈਜੈਕ ਮਾਮਲੇ ਨਾਲ ਸਬੰਧਿਤ ਨਹੀਂ ਹੈ ਇਹ ਵਾਇਰਲ ਵੀਡੀਓ

ਸਪੋਕਸਮੈਨ Fact Check

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਿਸੇ ਟ੍ਰੇਨ ਹਾਈਜੈਕ ਦਾ ਨਹੀਂ ਹੈ

Fact Check

 

Fact Check Report: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਥਾਂ 'ਤੇ ਅੱਗ ਲੱਗੀ ਵੇਖੀ ਜਾ ਸਕਦੀ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿਥੇ ਬਲੋਚ ਲਿਬਰੇਸ਼ਨ ਆਰਮੀ ਦੇ ਲੋਕਾਂ ਵੱਲੋਂ ਪਾਕਿਸਤਾਨ ਦੀ ਟ੍ਰੇਨ ਹਾਈਜੈਕ ਕੀਤੀ ਗਈ ਹੈ।

ਦੱਸ ਦਈਏ ਕਿ ਬੀਤੇ ਦਿਨਾਂ ਬਲੋਚ ਲਿਬਰੇਸ਼ਨ ਆਰਮੀ ਵੱਲੋਂ ਪਾਕਿਸਤਾਨ ਦੀ ਇੱਕ ਟ੍ਰੇਨ ਹਾਈਜੈਕ ਕੀਤੀ ਗਈ ਸੀ ਅਤੇ ਓਸੇ ਮਾਮਲੇ ਨਾਲ ਜੋੜਕੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ ਐਕਸਪ੍ਰੈਸ ਨਿਊਜ਼ ਨੇਟ  ਨੇ 12 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "Pakistan Train Hijack: ਪਾਕਿਸਤਾਨ ਦੇ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਟਰੇਨ ਨੂੰ ਬਲੂਚ ਲਿਬਰੇਸ਼ਨ ਆਰਮੀ ਨੇ ਕੀਤਾ ਹਾਈਜੈਕ ,, ਇਸ ਰੇਲ ਗੱਡੀ ਵਿੱਚ ਪਾਕਿ ਸੈਨਾ ਦੇ ਇਲਾਵਾ ਸੈਂਕੜੇ ਯਾਤਰੀ ਵੀ ਸਨ ਸਵਾਰ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਿਸੇ ਟ੍ਰੇਨ ਹਾਈਜੈਕ ਦਾ ਨਹੀਂ ਹੈ। ਇਹ ਵੀਡੀਓ ਕਰਾਚੀ ਵਿਖੇ ਇੱਕ ਬਜ਼ਾਰ 'ਚ ਲੱਗੀ ਅੱਗ ਦੇ ਇੱਕ ਮਾਮਲੇ ਦਾ ਹੈ। 

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

"ਵਾਇਰਲ ਵੀਡੀਓ ਟ੍ਰੇਨ ਹਾਈਜੈਕ ਦਾ ਨਹੀਂ ਹੈ"

ਸਾਨੂੰ ਪਾਕਿਸਤਾਨੀ ਮੀਡੀਆ ਅਦਾਰੇ ਜੀਓ ਨਿਊਜ਼ ਟੀਵੀ ਦਾ ਇੰਸਟਾਗ੍ਰਾਮ ਵੀਡੀਓ ਮਿਲਿਆ ਜਿਸਦੇ ਵਿਚ ਸਮਾਨ ਦ੍ਰਿਸ਼ ਵੇਖੇ ਜਾ ਸਕਦੇ ਹਨ। ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਕਰਾਚੀ ਦੇ ਗੁਲਸ਼ਨ-ਏ-ਮਯਾਮਰ 'ਚ ਲੱਗੀ ਭਿਆਨਕ ਅੱਗ ਦਾ ਹੈ। ਇਹ ਵੀਡੀਓ 10 ਮਾਰਚ ਨੂੰ ਸਾਂਝਾ ਕੀਤਾ ਗਿਆ ਸੀ। 

ਦੱਸ ਦਈਏ ਕਿ ਬਲੋਚਾਂ ਦੁਆਰਾ ਪਾਕਿਸਤਾਨੀ ਟ੍ਰੇਨ ਨੂੰ 11 ਮਾਰਚ ਨੂੰ ਹਾਈਜੈਕ ਕੀਤਾ ਗਿਆ ਸੀ। 

ਇਸ ਮਾਮਲੇ ਨੂੰ ਲੈ ਕੇ ਵੱਧ ਜਾਣਕਾਰੀ ਲਈ ਸਾਡੇ ਪਾਕਿਸਤਾਨ ਤੋਂ ਇੰਚਾਰਜ ਪੱਤਰਕਾਰ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵਾਇਰਲ ਵੀਡੀਓ ਬਲੋਚਾਂ ਦੁਆਰਾ ਪਾਕਿਸਤਾਨ ਟ੍ਰੇਨ ਨੂੰ ਅਗਵਾ ਕਰਨ ਦਾ ਨਹੀਂ ਹੈ। ਪਾਕਿਸਤਾਨੀ ਟ੍ਰੇਨ ਨੂੰ ਇੱਕ ਬੀਹੜ ਤੇ ਸੁਨਸਾਨ ਰੇਤਾਂ ਵਾਲੇ ਪਹਾੜਾਂ ਦੇ ਇਲਾਕੇ ਕਬਜ਼ੇ 'ਚ ਲਿਆ ਗਿਆ ਸੀ ਜਦਕਿ ਵਾਇਰਲ ਵੀਡੀਓ ਲੋਕਾਂ ਦੇ ਹੁਜੁਮ ਨਾਲ ਭਰਿਆ ਨਜ਼ਰ ਆ ਰਿਹਾ ਹੈ।"

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਬਲੋਚਾਂ ਦੁਆਰਾ ਪਾਕਿਸਤਾਨੀ ਟ੍ਰੇਨ ਨੂੰ ਅਗਵਾ ਕਰਨ ਦਾ ਨਹੀਂ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਿਸੇ ਟ੍ਰੇਨ ਹਾਈਜੈਕ ਦਾ ਨਹੀਂ ਹੈ। ਇਹ ਵੀਡੀਓ ਕਰਾਚੀ ਵਿਖੇ ਇੱਕ ਬਜ਼ਾਰ 'ਚ ਲੱਗੀ ਅੱਗ ਦੇ ਇੱਕ ਮਾਮਲੇ ਦਾ ਹੈ।