ਤੱਥ ਜਾਂਚ: ਪ੍ਰਿਯੰਕਾ ਗਾਂਧੀ ਦੀ ਕਰਾਸ ਦੇ ਚਿੰਨ ਵਾਲੀ ਤਸਵੀਰ ਐਡਿਟਡ ਹੈ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪ੍ਰਿਯੰਕਾ ਗਾਂਧੀ ਨੇ ਅਸਲ ਵਿਚ ਪੱਤੀ ਦੇ ਅਕਾਰ ਦਾ ਲਾਕੇਟ ਪਹਿਨਿਆ ਹੋਇਆ ਸੀ ਜਿਸ ਨੂੰ ਐਡਿਟ ਕਰ ਕੇ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਪਹਿਲੀ ਤਸਵੀਰ ਵਿਚ ਪ੍ਰਿਯੰਕੀ ਗਾਂਧੀ ਗਰਦਨ ਵਿਚ ਜਨੇਊ ਅਤੇ ਬਹੁਤ ਸਾਰੇ ਰੁਦਰਾਕਸ਼ ਪਹਿਨੇ ਹੋਏ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਦੂਜੀ ਤਸਵੀਰ ਵਿਚ ਉਹਨਾਂ ਨੇ ਇਸਾਈ ਧਰਮ ਦਾ ਨਿਸਾਨ ਕਰਾਸ ਪਹਿਨਿਆ ਹੋਇਆ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਵਿਚ ਜਾਂਦੀ ਹੈ ਤਾਂ ਰੁਦਰਾਕਸ਼ ਪਹਿਨ ਲੈਂਦੀ ਹੈ ਅਤੇ ਜਦੋਂ ਕੇਰਲ ਵਿਚ ਜਾਂਦੀ ਹੈ ਤਾਂ ਕਰਾਸ ਦਾ ਨਿਸ਼ਾਨ ਪਹਿਨ ਲੈਂਦੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਪ੍ਰਿਯੰਕਾ ਗਾਂਧੀ ਨੇ ਅਸਲ ਵਿਚ ਪੱਤੀ ਦੇ ਅਕਾਰ ਦਾ ਲਾਕੇਟ ਪਹਿਨਿਆ ਹੋਇਆ ਸੀ ਜਿਸ ਨੂੰ ਐਡਿਟ ਕਰ ਕੇ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Sarla Mundra ਨੇ 15 ਫਰਵਰੀ ਨੂੰ ਵਾਇਰਲ ਤਸੀਵਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''घाट घाट पर पानी बदले, कोस कोस पर वाणी, हर प्रदेश में धर्म बदले पिंकी गिरगिट रानी !!''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਪਹਿਲੀ ਤਸਵੀਰ ਨੂੰ ਕਰਾਪ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਵਾਇਰਲ ਤਸਵੀਰ gettyimages 'ਤੇ ਅਪਲੋਡ ਕੀਤੀ ਮਿਲੀ। ਇਸ ਤਸਵੀਰ ਵਿਚ ਵੀ ਪ੍ਰਿਯੰਕਾ ਗਾਂਧੀ ਨੇ ਉਹੀ ਸਾੜੀ ਪਾਈ ਹੋਈ ਹੈ ਜੋ ਵਾਇਰਲ ਤਸਵੀਰ ਵਿਚ ਹੈ। ਇਹ ਤਸਵੀਰ 20 ਮਾਰਚ 2019 ਵਿਚ ਵਾਰਾਣਸੀ ਵਿਚ ਕਲਿੱਕ ਕੀਤੀ ਗਈ ਸੀ। ਇਸ ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਰੁਦਰਾਕਸ਼ ਦੀ ਮਾਲਾ ਦੇ ਨਾਲ ਸੂਤ ਦਾ ਧਾਗਾ ਪਹਿਨਿਆ ਹੋਇਆ ਹੈ। ਜਿਸ ਨੂੰ ਜਨੇਉ ਦੱਸਿਆ ਦਾ ਰਿਹਾ ਹੈ।
ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ ਵਾਇਰਲ ਤਸਵੀਰ ਨਾਲ ਜੁੜਿਆ NDTV ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਅਨੁਸਾਰ ਪ੍ਰਿਯੰਕਾ ਗਾਂਧੀ 20 ਮਾਰਚ 2019 ਨੂੰ ਆਪਣੇ ਇਕ ਦੌਰੇ ਦੌਰਾਨ ਵਾਰਾਣਸੀ ਦੇ ਦਸ਼ਸ਼ਵਮੇਧ ਘਾਟ ਪਹੁੰਚੀ ਸੀ ਅਤੇ ਉਸ ਸਮੇਂ ਲੋਕਾਂ ਨੇ ਉਹਨਾਂ ਦਾ ਧੂਮਧਾਮ ਨਾਲ ਸਵਾਗਤ ਕੀਤਾ ਸੀ। ਇਸੇ ਦੌਰਾਨ ਇਕ ਸਾਧੂ ਨੇ ਉਹਨਾਂ ਨੂੰ ਇਹ ਰੁਦਰਾਕਸ਼ ਦੀਆਂ ਮਾਲਾਵਾਂ ਪਹਿਨਾਈਆ ਸਨ।
ਸਾਧੂ ਦੁਆਰਾ ਮਾਲਾਵਾਂ ਪਹਿਨਾਉਣ ਵਾਲਾ ਹਿੱਸਾ ਤੁਸੀਂ 1.36 ਤੋਂ ਲੈ ਕੇ ਦੇਖ ਸਕਦੇ ਹੋ।
ਅੱਗੇ ਵਧਦੇ ਹੋਏ ਅਸੀਂ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ndtv.com ਦੀ ਰਿਪੋਰਟ ਮਿਲੀ। ਇਹ ਰਿਪੋਰਟ 28 ਅਗਸਤ 2017 ਵਿਚ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਸਾਨੂੰ ਵਾਇਰਲ ਤਸਵੀਰ ਅਪਲੋਡ ਕੀਤੀ ਮਿਲੀ। ਤਸਵੀਰ ਵਿਚ ਪ੍ਰਿਯੰਕਾ ਗਾਂਧੀ ਨੇ ਉਹੀ ਸਾੜੀ ਪਹਿਨੀ ਹੋਈ ਹੈ ਜੋ ਵਾਇਰਲ ਤਸਵੀਰ ਵਿਚ ਹੈ ਪਰ ਪ੍ਰਿਯੰਕਾ ਗਾਂਧੀ ਨੇ ਆਪਣੇ ਗਲੇ ਵਿਚ ਕਰਾਸ ਦਾ ਨਿਸ਼ਾਨ ਨਹੀਂ ਬਲਕਿ ਇਕ ਪੱਤੀ ਦੇ ਅਕਾਰ ਦਾ ਲਾਕੇਟ ਪਹਿਨਿਆ ਹੋਇਆ ਸੀ।
ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ ਉਕਤ ਤਸਵੀਰ ਨਾਲ ਮੇਲ ਖਾਂਦੀਆਂ ਕਈ ਤਸਵੀਰਾਂ gettyimages ਇਮੇਜ 'ਤੇ ਵੀ ਅਪਲੋਡ ਕੀਤੀਆਂ ਮਿਲੀਆਂ। ਜਿਨ੍ਹਾਂ ਵਿਚ ਵੀ ਪ੍ਰਿਯੰਕਾ ਗਾਂਧੀ ਨੇ ਪੱਤੀ ਦੇ ਅਕਾਰ ਦਾ ਹੀ ਲਾਕੇਟ ਪਹਿਨਿਆ ਹੋਇਆ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਿਯੰਕਾ ਗਾਂਧੀ ਦੀਆਂ ਦੋਨੋਂ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪਹਿਲੀ ਤਸਵੀਰ ਵਿਚ ਇਕ ਸਾਧੂ ਨੇ ਉਹਨਾਂ ਨੂੰ ਇਹ ਮਾਲਾ ਪਹਿਨਾਈ ਸੀ। ਇਸ ਦੇ ਨਾਲ ਹੀ ਦੂਜੀ ਤਸਵੀਰ ਵਿਚ ਪ੍ਰਿਯੰਕਾ ਗਾਂਧੀ ਨੇ ਕਰਾਸ ਦਾ ਨਿਸ਼ਾਨ ਨਹੀਂ ਬਲਕਿ ਪੱਤੀ ਦੇ ਅਕਾਰ ਦਾ ਇਕ ਲਾਕੇਟ ਪਾਇਆ ਹੋਇਆ ਸੀ। ਤਸਵੀਵ ਨੂੰ ਐਡਿਟ ਕੀਤਾ ਗਿਆ ਹੈ।
Claim: ਜਦੋਂ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਵਿਚ ਜਾਂਦੀ ਹੈ ਤਾਂ ਰੁਦਰਾਕਸ਼ ਪਹਿਨ ਲੈਂਦੀ ਹੈ ਅਤੇ ਜਦੋਂ ਕੇਰਲ ਵਿਚ ਜਾਂਦੀ ਹੈ ਤਾਂ ਕਰਾਸ ਦਾ ਨਿਸ਼ਾਨ ਪਹਿਨ ਲੈਂਦੀ ਹੈ।
Claimed By: ਫੇਸਬੁੱਕ ਯੂਜ਼ਰ Sarla Mundra
Fact Check: ਐਡਿਟਡ