Fact Check: ਚਿੱਟੇ ਨਾਲ ਹੋਈ ਨੌਜਵਾਨ ਦੀ ਮੌਤ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਅਪ੍ਰੈਲ 2022 ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2022 ਦਾ ਹੈ। ਇਹ ਵੀਡੀਓ ਪੰਜਾਬ ਦਾ ਫਿਰੋਜ਼ਪੁਰ ਦਾ ਹੈ ਜਿਥੇ ਇੱਕ ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਸੀ।

Fact Check Old video of Youth died of drug overdose in Punjab shared as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਦਿਲ ਨੂੰ ਝੰਝੋੜ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਨੌਜਵਾਨ ਨੂੰ ਪਾਣੀ ਦੀ ਮੋਟਰ 'ਚ ਮਰਿਆ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪੰਜਾਬ ਦਾ ਹੈ ਜਿਥੇ ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2022 ਦਾ ਹੈ। ਇਹ ਵੀਡੀਓ ਪੰਜਾਬ ਦਾ ਫਿਰੋਜ਼ਪੁਰ ਦਾ ਹੈ ਜਿਥੇ ਇੱਕ ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sarpanch Mika Gill" ਨੇ 21 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕਦੋਂ ਮੁੱਕੂ ਇਹ ਚਿੱਟਾ? ਕੀ ਮੇਰੇ ਪੰਜਾਬ ਦੀ ਨੌਜਵਾਨੀ ਖ਼ਤਮ ਕਰਕੇ ਹੀ ਹਟੂ! ਹੁਣ ਤਾਂ 6ਮਹੀਨੇ ਵੀ ਹੋ ਗਏ ਨਵੀਂ ਸਰਕਾਰ ਬਣੀ ਨੂੰ.. ਕਿਸਨੂੰ ਦੋਸ਼ ਦੇਈਏ ਦੱਸੋ? #manvirsinghmanigill #punjabyouthfederation #iqbalsinghlalpura #AAPPunjab #sarpanchmikagill"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਜਰੀਏ ਸਰਚ ਕੀਤਾ। ਸਾਨੂੰ ਇਹ ਵੀਡੀਓ ਇੱਕ Instagram ਅਕਾਊਂਟ ਦੁਆਰਾ 2 ਮਈ 2022 ਨੂੰ ਸ਼ੇਅਰ ਕੀਤਾ ਮਿਲਿਆ। 

ਇਸ ਪੋਸਟ ਵਿਚ ਵੀਡੀਓ ਬਾਰੇ ਵੱਧ ਜਾਣਕਾਰੀ ਨਹੀਂ ਸਾਂਝੀ ਕੀਤੀ ਮਿਲੀ ਪਰ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ।

ਹੁਣ ਸਵਾਲ ਕਿ ਵਾਇਰਲ ਹੋ ਰਿਹਾ ਵੀਡੀਓ ਹੈ ਕਿੱਥੇ ਦਾ?

ਅਸੀਂ ਇਸ ਮਾਮਲੇ ਬਾਰੇ ਕੀਵਰਡ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਫੇਸਬੁੱਕ 'ਤੇ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਇਸ ਮਾਮਲੇ ਦੇ ਵੱਖਰੇ ਐਂਗਲ ਦੇ ਦ੍ਰਿਸ਼ ਸਨ। ਫੇਸਬੁੱਕ ਪੇਜ "Punjabi Bulletin" 30 ਅਪ੍ਰੈਲ 2022 ਨੂੰ ਇਹ ਰਿਪੋਰਟ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, "ਫਿਰੋਜ਼ਪੁਰ : 28 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਪਾਣੀ ਵਾਲੀ ਮੋਟਰ 'ਚ ਡਿੱਗੀ ਮਿਲੀ ਲਾਸ਼"

ਦੱਸ ਦਈਏ ਕਿ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਥਾਨਕ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਮਾਮਲੇ ਨੂੰ ਪਿੰਡ ਅੱਕੂ ਵਾਲਾ ਦਾ ਦੱਸਿਆ ਗਿਆ।

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਕਈ ਅਧਿਕਾਰਿਕ ਸਰੋਤਾਂ ਦੀਆਂ ਖਬਰਾਂ ਮਿਲੀਆਂ। 

ਕੀ ਸੀ ਮਾਮਲਾ?

ਪੰਜਾਬ ਕੇਸਰੀ ਜਗਬਾਣੀ ਦੀ 29 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, "ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ ’ਚ ਅੱਜ ਇਕ ਨੌਜਵਾਨ ਵਲੋਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਤੋਖ ਸਿੰਘ (25) ਪੁੱਤਰ ਮਹਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਕੋਲੋਂ ਨਸ਼ੇ ਦਾ ਟੀਕਾ ਵੀ ਮਿਲਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਿਟੀ ਫਿਰੋਜ਼ਪੁਰ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ’ਚ ਪੁਲਸ ਘਟਨਾ ਵਾਲੀ ਜਗ੍ਹਾ ਪਹੁੰਚੀ। ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਕਿ ਇੱਥੇ ਕੁਝ ਘਰਾਂ ’ਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਜੇਕਰ ਲੋਕ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਹਨ ਤਾਂ ਉਨ੍ਹਾਂ ਨਾਲ ਲੜਾਈ ਝਗੜਾ ਕੀਤਾ ਜਾਂਦਾ ਹੈ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ।"

ਇਸ ਖਬਰ ਤੋਂ ਅਲਾਵਾ ਮੀਡੀਆ ਅਦਾਰੇ Daily Ajit ਦੀ ਵੀਡੀਓ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2022 ਦਾ ਹੈ। ਇਹ ਵੀਡੀਓ ਪੰਜਾਬ ਦਾ ਫਿਰੋਜ਼ਪੁਰ ਦਾ ਹੈ ਜਿਥੇ ਇੱਕ ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਸੀ।

Claim- Recent video of Youth dies of Drug Overdose In Punjab
Claimed By- Sarpanch Mika Gill
Fact Check- Misleading