ਤੱਥ ਜਾਂਚ: ਅਧਿਕਾਰੀਆਂ ਨੇ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਕਰਵਾਇਆ ਸੀ ਫੋਟੋ ਸੈਸ਼ਨ, ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵੀਡੀਓ ਫਰਜ਼ੀ ਪਾਇਆ ਹੈ। ਸਾਡੀ ਪੜਤਾਲ ਵਿਚ ਇਸ ਵੀਡੀਓ ਸਬੰਧੀ ਸਰਕਾਰੀ ਅਧਿਕਾਰੀਆਂ ਦਾ ਸਪੱਸ਼ਟੀਕਰਨ ਵੀ ਪੇਸ਼ ਕੀਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਮਹਿਲਾ ਅਤੇ ਇਕ ਆਦਮੀ ਨੂੰ ਕੋਰੋਨਾ ਟੀਕਾ ਲਗਵਾਉਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਸਿਰਫ ਟੀਕਾ ਲਗਵਾਉਣ ਦਾ ਡਰਾਮਾ ਕਰ ਰਹੇ ਹਨ। ਇਹਨਾਂ ਨੇ ਟੀਕਾ ਲਗਵਾਉਣ ਦਾ ਸਿਰਫ ਫੋਟੋ ਸੈਸ਼ਨ ਹੀ ਕਰਵਾਇਆ। ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵੀਡੀਓ ਫਰਜ਼ੀ ਪਾਇਆ ਹੈ। ਸਾਡੀ ਪੜਤਾਲ ਵਿਚ ਇਸ ਵੀਡੀਓ ਸਬੰਧੀ ਸਰਕਾਰੀ ਅਧਿਕਾਰੀਆਂ ਦਾ ਸਪੱਸ਼ਟੀਕਰਨ ਵੀ ਪੇਸ਼ ਕੀਤਾ ਗਿਆ ਹੈ।
ਵਾਇਰਲ ਵੀਡੀਓ
ਫੇਸਬੁੱਕ ਪੇਜ਼ Gurpreet Singh Rinku ਨੇ 21 ਜਨਵਰੀ ਨੂੰ ਵਾਇਰਲ ਵੀਡੀਓ ਪੋਸਟ ਕਰ ਕੇ ਕੈਪਸ਼ਨ ਵਿਚ ਲਿਖਿਆ, ''ਵੇਖੋ ਕਿਵੇਂ ਕਰੋਨਾ ਟੀਕਾ ਲਗਵਾਉਣ ਦਾ ਬਹਾਨਾ ਕਰਕੇ, ਸਿਰਫ ਫੋਟੋ ਸੈਸ਼ਨ ਕੀਤਾ ਜਾ ਰਿਹਾ ਹੈ।''
ਵਾਇਰਲ ਵੀਡੀਓ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਵਾਇਰਲ ਵੀਡੀਓ ਨੂੰ ਅਧਾਰ ਬਣਾ ਕੇ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ indianexpress.com ਦੀ ਇਕ ਰਿਪੋਰਟ ਮਿਲੀ। ਇਸ ਰਿਪੋਰਟ ਦੀ ਹੈੱਡਲਾਈਨ ਸੀ, ''Karnataka health minister clarifies after video of ‘fake vaccination’ goes viral''
ਇਸ ਰਿਪੋਰਟ ਵਿਚ ਵਾਇਰਲ ਵੀਡੀਓ ਵਿਚ ਮੌਜੂਦ ਦੋਨੋਂ ਮਹਿਲਾ ਅਤੇ ਵਿਅਕਤੀ ਵੱਲੋਂ ਦਿੱਤੇ ਗਏ ਵਾਇਰਲ ਵੀਡੀਓ ਦੇ ਸਪੱਸ਼ਟੀਕਰਨ ਬਾਰੇ ਦੱਸਿਆ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਵਾਇਰਲ ਵੀਡੀਓ ਵਿਚ ਮੌਜੂਦ ਮਹਿਲਾ ਦਾ ਨਾਮ ਡਾ: ਰਜਨੀ ਹੈ ਅਤੇ ਉਹ ਕਰਨਾਟਕ ਦੇ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਹੈ। ਇਸ ਦੇ ਨਾਲ ਹੀ ਵੀਡੀਓ ਵਿਚ ਮੌਜੂਦ ਦੂਜੇ ਵਿਅਕਤੀ ਦਾ ਨਾਮ ਡਾ: ਨਗੇਂਦਰੱਪਾ ਹੈ ਜੋ ਕਿ ਕਰਨਾਟਕ ਦੇ ਤੁਮਕੁਰ ਜਿਲ੍ਹੇ ਦੇ ਸਹਿਤ ਅਧਿਕਾਰੀ ਹਨ।
ਰਿਪੋਰਟ ਮੁਤਾਬਿਕ ਡਾ: ਰਜਨੀ ਨੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ ਕਿ ''ਉਹਨਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ 16 ਜਨਵਰੀ ਨੂੰ ਹੀ ਲੱਗ ਗਿਆ ਸੀ ਤੇ ਉਹਨਾਂ ਦਾ ਨਾਮ ਪੋਰਟਲ 'ਤੇ ਵੀ ਰਜਿਸਟਰ ਹੋ ਗਿਆ ਸੀ। ਉਹਨਾਂ ਕਿਹਾ ਕਿ ਕੁਝ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੈਕਸੀਨ ਲੈਂਦਿਆ ਦਾ ਪੋਜ਼ ਦੇਣ ਲਈ ਬੇਨਤੀ ਕੀਤੀ ਸੀ ਤੇ ਉਸੇ ਬੇਨਤੀ ਨੂੰ ਮੰਨ ਕੇ ਉਹਨਾਂ ਨੇ ਮੀਡੀਆ ਨੂੰ ਵੈਕਸੀਨ ਲੈਂਦਿਆ ਦਾ ਪੋਜ਼ ਦਿੱਤਾ ਸੀ। ਉਹਨਾਂ ਕਿਹਾ ਕਿ ਸਾਡੀ ਇਸੇ ਵੀਡੀਓ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਡਾ: ਰਜਨੀ ਨੇ ਬੇਲੋੜਾ ਟਰੋਲ ਹੋਣ ਨੂੰ ਮੰਦਭਾਗਾ ਵੀ ਦੱਸਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਫੈਲਾਉਣ ਦੀ ਬਜਾਏ ਸ਼ੁਭ ਕਾਮਨਾਵਾਂ ਭੇਜਣੀਆਂ ਚਾਹੀਦੀਆਂ ਹਨ।”
ਇਸ ਦੇ ਨਾਲ ਹੀ ਰਿਪੋਰਟ ਵਿਚ ਦੱਸਿਆ ਗਿਆ ਕਿ ਡਾ: ਨਗੇਂਦਰੱਪਾ ਨੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ “ਉਹਨਾਂ ਨੂੰ 16 ਜਨਵਰੀ ਨੂੰ ਹੀ ਵੈਕਸੀਨ ਲੱਗ ਗਈ ਸੀ। ਉਹਨਾਂ ਕਿਹਾ ਕਿ ਟੀਕਾ ਲੱਗਣ ਤੋਂ ਬਾਅਦ ਉਹਨਾਂ ਨੂੰ ਸਟਾਫ ਅਤੇ ਕੁੱਝ ਮੀਡੀਆ ਕਰਮੀਆਂ ਨੇ ਹੋਰ ਲੋਕਾਂ ਵਿਚ ਵਿਸ਼ਵਾਸ਼ ਪੈਂਦਾ ਕਰਨ ਲਈ ਟੀਕਾ ਲਗਵਾਉਂਦਿਆਂ ਦਾ ਸਿਰਫ ਪੋਜ਼ ਦੇਣ ਲਈ ਕਿਹਾ। ਜਿਸ ਤੋਂ ਬਾਅਦ ਉਹਨਾਂ ਨੇ ਸਿਰਫ਼ ਟੀਕਾ ਲਗਵਾਉਂਦਿਆਂ ਦਾ ਪੋਜ਼ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਇਸ ਵੀਡੀਓ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।''
ਇਸ ਦੇ ਨਾਲ ਹੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਡਾ: ਰਜਨੀ ਅਤੇ ਡਾ: ਨਗੇਂਦਰੱਪਾ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੀ ਵੀਡੀਓ ਨੂੰ ਖੰਗਾਲਣਾ ਸ਼ੁਰੂ ਕੀਤਾ ਤਾਂ ਅਸੀਂ ਕੁੱਝ ਕੀਵਰਡ ਸਰਚ ਕੀਤੇ, ਜਿਸ ਦੌਰਾਨ ਸਾਨੂੰ ਡਾ: ਰਜਨੀ ਵੱਲੋਂ ਦਿੱਤੇ ਸਪੱਸ਼ਟੀਕਰਨ ਦਾ ਵੀਡੀਓ ''Department of Health and Family Welfare Services Govt of Karnataka'' ਦੇ ਫੇਸਬੁੱਕ ਪੇਜ਼ 'ਤੇ 21 ਜਨਵਰੀ ਨੂੰ ਅਪਲੋਡ ਕੀਤਾ ਮਿਲਿਆ। ਜਦੋਂ ਅਸੀਂ ਇਸ ਵੀਡੀਓ ਨੂੰ ਸੁਣਿਆ ਤਾਂ ਡਾ: ਰਜਨੀ ਨੇ ਆਪਣੇ ਬਿਆਨ ਵਿਚ ਉਹੀ ਕੁੱਝ ਦੱਸਿਆ ਸੀ ਜੋ indianexpress ਨੇ ਆਪਣੀ ਰਿਪੋਰਟ ਵਿਚ ਲਿਖਿਆ ਸੀ।
ਇਸ ਤੋਂ ਬਾਅਦ ਅਸੀਂ ਯੂਟਿਊਬ ਦੀ ਮਦਦ ਲੈਂਦੇ ਹੋਏ ਕੁੱਝ ਕੀਵਰਡ ਸਰਚ ਕੀਤੇ ਅਤੇ ਸਾਨੂੰ ਆਪਣੀ ਸਰਚ ਦੌਰਾਨ DHO ਵੱਲੋਂ ਦਿੱਤੇ ਸਪੱਸ਼ਟੀਕਰਨ ਦਾ ਵੀਡੀਓ Info Journalist ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਮਿਲਿਆ। ਇਸ ਵੀਡੀਓ ਦਾ ਕੈਪਸ਼ਨ ਸੀ, ''Tumakuru | DHO Dr Nagendrappa | Dr Rajni | clarification about photo pose - | COVID VACCINATION''
ਇਸ ਵੀਡੀਓ ਵਿਚ ਇਕ ਪਾਸੇ ਵਾਇਰਲ ਵੀਡੀਓ ਚੱਲ ਰਹੀ ਸੀ ਤੇ ਦੂਜੇ ਪਾਸੇ DHO ਆਪਣੀ ਇਸ ਵਾਇਰਲ ਵੀਡੀਓ ਬਾਰੇ ਸਪੱਸ਼ਟੀਕਰਨ ਦੇ ਰਹੇ ਸਨ। ਇਹ ਵੀਡੀਓ 23 ਜਨਵਰੀ ਨੂੰ ਅਪਲੋਡ ਕੀਤਾ ਗਿਆ ਸੀ।
ਦੱਸ ਦਈਏ ਕਿ ਸਾਨੂੰ ਆਪਣੀ ਸਰਚ ਦੌਰਾਨ prajavani.net ਦੀ ਇਕ ਹੋਰ ਰਿਪੋਰਟ ਮਿਲੀ ਜਿਸ ਦੀ ਹੈੱਡਲਾਈਨ ਸੀ, ''Tumkur: Vaccines For 1,211 Health Workers''। ਇਹ ਰਿਪੋਰਟ 16 ਜਨਵਰੀ ਦੀ ਸੀ। ਇਸ ਰਿਪੋਰਟ ਅਨੁਸਾਰ ਕੋਰੋਨਾ ਵੈਕਸੀਨ ਦੇ ਪਹਿਲੇ ਪੜਾਅ ਵਿਚ 1,211 ਸਿਹਤ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਅਤੇ 20,040 ਦੇ ਨਾਮ ਰਜਿਸਟਰਡ ਕੀਤੇ ਗਏ ਸਨ। ਰਿਪੋਰਟ ਵਿਚ ਲਿਖਿਆ ਗਿਆ ਸੀ ਕਿ ਸਭ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਦੇ ਮੈਂਬਰ ਡਾ: ਨਗੇਂਦਰੱਪਾ, ਜ਼ਿਲ੍ਹਾ ਸਰਜਨ ਡਾ: ਵੀਰਭੱਦਰਈਆ ਨੇ ਟੀਕਾ ਲਗਵਾਇਆ। ਜਿਨ੍ਹਾਂ ਤੋਂ ਬਾਅਦ ਇਸ ਲਿਸਟ ਵਿਚ Dr. Rajini, Dr. Veena, Dr. Keshavaraj, Dr. Mohan Das ਵੀ ਸ਼ਾਮਲ ਸਨ।
ਇਸ ਵਾਇਰਲ ਵੀਡੀਓ ਬਾਰੇ ਅਸੀਂ ਡਾ: ਰਜਨੀ ਨਾਲ ਵੀ ਸਪੰਰਕ ਕੀਤਾ ਤਾਂ ਉਹਨਾਂ ਨੇ ਵੀ ਇਸ ਵਾਇਰਲ ਵੀਡੀਓ ਸਬੰਧੀ ਕੀਤੇ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਡਾ: ਰਜਨੀ ਨੇ ਸਪੋਕਸਮੈਨ ਨਾਲ ਆਪਣੇ ਵੱਲੋਂ ਦਿੱਤੇ ਗਏ ਵਾਇਰਲ ਵੀਡੀਓ ਦੇ ਸਪੱਸ਼ਟੀਕਰਨ ਨੂੰ ਵੀ ਸ਼ੇਅਰ ਕੀਤਾ ਹੈ ਅਤੇ ਉਹਨਾਂ ਨੇ ਸਾਡੇ ਨਾਲ ਵੈਕਸੀਨ ਸਰਟੀਫਿਕੇਟ ਵੀ ਸ਼ੇਅਰ ਕੀਤਾ ਹੈ। ਜਿਸ ਵਿਚ ਇਹ ਲਿਖਿਆ ਹੋਇਆ ਹੈ ਕਿ ਡਾ: ਰਜਨੀ ਦੇ 16 ਜਨਵਰੀ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਸੀ ਅਤੇ ਉਹਨਾਂ ਦੇ ਮੰਜੁਲਾਦੇਵੀ ਨਾਂ ਦੀ ਨਰਸ ਨੇ ਵੈਕਸੀਨ ਲਗਾਈ ਸੀ। ਉਹਨਾਂ ਨੂੰ ਕੋਰੋਨਾ ਵੈਕਸੀਨ ਤੁਮਕਰ ਦੇ ਜ਼ਿਲ੍ਹਾ ਹਸਪਤਾਲ ਵਿਚ ਦਿੱਤੀ ਗਈ ਸੀ। ਡਾ: ਰਜਨੀ ਨੇ ਸਾਡੇ ਨਾਲ ਟੈਕਸਟ ਮੈਸੇਜ ਵੀ ਸਾਂਝੇ ਕੀਤੇ ਜੋ ਕੋਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਉਂਦੇ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਦੌਰਾਨ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ। ਅਧਿਕਾਰੀਆਂ ਨੇ ਮੀਡੀਆ ਕਰਮੀਆਂ ਵੱਲੋਂ ਅਪੀਲ ਕਰਨ 'ਤੇ ਸਿਰਫ਼ ਵੈਕਸੀਨ ਲੈਂਦਿਆ ਦਾ ਪੋਜ਼ ਦਿੱਤਾ ਸੀ। ਜਿਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਵਾਇਰਲ ਵੀਡੀਓ ਸਬੰਧੀ ਆਪਣੇ ਸਪੱਸ਼ਟੀਕਰਨ ਵੀ ਦੇ ਦਿੱਤੇ ਹਨ।
Claim - ਅਧਿਕਾਰੀ ਟੀਕਾ ਲਗਵਾਉਣ ਦੀ ਜਗ੍ਹਾ ਸਿਰਫ਼ ਫੋਟੋ ਸੈਸ਼ਨ ਕਰ ਰਹੇ ਹਨ
Claimed By - ਫੇਸਬੁੱਕ ਪੇਜ਼ Prime Today
fact Check - ਫਰਜ਼ੀ