ਤੱਥ ਜਾਂਚ: ਕਾਂਗਰਸ ਦੀ ਰੈਲੀ 'ਚ ਨਹੀਂ ਲਹਿਰਾਇਆ ਗਿਆ ਪਾਕਿ ਦਾ ਝੰਡਾ, ਵਾਇਰਲ ਪੋਸਟ ਫਰਜੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਵਾਇਰਲ ਪੋਸਟ ਵਿਚ ਦਿਖਾਇਆ ਜਾ ਰਿਹਾ ਝੰਡਾ ਪਾਕਿਸਤਾਨ ਦਾ ਨਹੀਂ ਬਲਕਿ ਇਸਲਾਮਿਕ ਲੀਗ ਦਾ ਝੰਡਾ ਹੈ।

Pakistani flag was not waved during a Congress rally

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਵਿਰੋਧੀ ਧਿਰ ਕਾਂਗਰਸ ਵੱਲੋਂ ਵੀ ਵਧ ਰਹੀਆਂ ਤੇਲ ਦੀਆਂ ਕੀਮਤਾਂ ਵਿਰੁੱਧ ਕੇਂਦਰ ਸਰਕਾਰ 'ਤੇ ਹਮਲੇ ਬੋਲੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਖਿਲਾਫ਼ ਇਕ ਫਰਜੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਵਾਇਰਲ ਪੋਸਟ ਵਿਚ ਇਕ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੀ ਰੈਲੀ ਵਿਚ ‘ਪਾਕਿਸਤਾਨੀ ਝੰਡਾ ਲਹਿਰਾਇਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਵਾਇਰਲ ਪੋਸਟ ਵਿਚ ਦਿਖਾਇਆ ਜਾ ਰਿਹਾ ਝੰਡਾ ਪਾਕਿਸਤਾਨ ਦਾ ਨਹੀਂ ਬਲਕਿ ਇਸਲਾਮਿਕ ਲੀਗ ਦਾ ਝੰਡਾ ਹੈ।

ਕੀ ਹੋ ਰਿਹੈ ਵਾਇਰਲ?

ਫੇਸਬੁੱਕ ਯੂਜ਼ਰ Lucky Bhatnagar ਨੇ 17 ਫਰਵਰੀ ਨੂੰ ਇਕ ਫੋਟੋ ਸਾਂਝੀ ਕੀਤੀ। ਕਾਂਗਰਸ ਦੀ ਰੈਲੀ ਦੀ ਇਸ ਤਸਵੀਰ ਵਿਚ ਕਾਂਗਰਸ ਦੇ ਝੰਡੇ ਤੋਂ ਇਲਾਵਾ ਇਕ ਹਰੇ ਰੰਗ ਦਾ ਝੰਡਾ ਵੀ ਦੇਖਿਆ ਜਾ ਸਕਦਾ ਹੈ। ਫੋਟੋ 'ਤੇ ਲਿਖਿਆ ਹੋਇਆ ਹੈ, “80 ਰੁਪਏ ਦਾ ਪੈਟਰੋਲ ਛੱਡੋ ਮੈਂ 90 ਰੁਪਏ ਦਾ ਪੈਟਰੋਲ ਅਪਣੀ ਗੱਡੀ ਵਿਚ ਖੁਸ਼ੀ-ਖੁਸ਼ੀ ਭਰਵਾ ਲਵਾਂਗਾ ਪਰ ਕਦੀ ਅਜਿਹੀ ਪਾਰਟੀ ਨੂੰ ਵੋਟ ਨਹੀਂ ਦੇਵਾਂਗਾ, ਜਿਸ ਦੀ ਰੈਲੀ ਵਿਚ ‘ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲੱਗਦੇ ਹੋਣ ਅਤੇ ‘ਪਾਕਿਸਤਾਨੀ ਝੰਡਾ’ ਲਹਿਰਾਇਆ ਜਾਂਦਾ ਹੈ”।

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੌਰਾਨ ਅਸੀਂ ਸੋਸ਼ਲ ਮੀਡੀਆ 'ਤੇ  ਵਾਇਰਲ ਹੋ ਰਹੀ ਫੋਟੋ ਨੂੰ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਿਆ ਕਿ ਫੋਟੋ ਵਿਚ ਦਿਖਾਈ ਦੇ ਰਹੇ ਹਰੇ ਰੰਗ ਦੇ ਝੰਡੇ ਅਤੇ ਪਾਕਿਸਤਾਨੀ ਝੰਡੇ ਵਿਚ ਕਾਫੀ ਅੰਤਰ ਹੈ। ਫੋਟੋ ਵਿਚ ਦਿਖਾਈ ਦੇ ਰਹੇ ਝੰਡੇ ਦੀ ਪਾਕਿਸਤਾਨੀ ਝੰਡੇ ਨਾਲ ਤੁਲਨਾ ਕੀਤੀ ਤਾਂ ਪਤਾ ਚੱਲਿਆ ਕਿ ਫੋਟੋ ਵਿਚ ਪਾਕਿਸਤਾਨੀ ਝੰਡਾ ਨਹੀਂ ਬਲਕਿ ਭਾਰਤੀ ਸੰਘ ਇਸਲਾਮਿਕ ਲੀਗ ਦਾ ਝੰਡਾ ਦਿਖਾਈ ਦੇ ਰਿਹਾ ਹੈ।

ਇਹਨਾਂ ਝੰਡਿਆਂ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ-

ਵਾਇਰਲ ਫੋਟੋ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਕਈ ਮੀਡੀਆ ਰਿਪੋਰਟਾਂ ਵੀ ਮਿਲੀਆਂ, ਜਿੱਥੋਂ ਪਤਾ ਲੱਗਿਆ ਕਿ ਵਾਇਰਲ ਫੋਟੋ ਹਾਲੀਆ ਨਹੀਂ ਬਲਕਿ 2018 ਦੀ ਹੈ। ਇਸ ਦੌਰਾਨ ichowk.in ਦੀ ਰਿਪੋਰਟ ਪੜ੍ਹਨ 'ਤੇ ਪਤਾ ਲੱਗਿਆ ਕਿ ਇਹ ਫੋਟੋ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਰੈਲੀ ਦੇ ਇਕ ਵੀਡੀਓ ਵਿਚੋਂ ਲਈ ਗਈ ਹੈ, ਜਿਸ ਵਿਚ ਕੇਰਲ ਦੀ ਪਾਰਟੀ ਭਾਰਤੀ ਸੰਘ ਮੁਸਲਿਮ ਲੀਗ ਵੀ ਮੌਜੂਦ ਸੀ।

ਇਸ ਰਿਪੋਰਟ ਨੂੰ ਤੁਸੀਂ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

https://www.ichowk.in/social-media/fake-news-of-pakistan-flag-waved-at-congress-rally-in-karnataka-viral-video/story/1/10910.html

ਇਕ ਹੋਰ ਰਿਪੋਰਟ ਵਿਚ ਜਾਣਕਾਰੀ ਮਿਲੀ ਕਿ ਮੁਸਲਿਮ ਲੀਗ ਜ਼ਿਆਦਾਤਰ ਕੇਰਲ ਵਿਚ ਚੋਣਾਂ ਲੜਦੀ ਰਹੀ ਹੈ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਨੇ ਕਾਂਗਰਸ ਦਾ ਸਮਰਥਨ ਕੀਤਾ ਸੀ।

ਇਸ ਸਬੰਧੀ ਰਿਪੋਰਟ ਹੇਠਾਂ ਦੇਖੀ ਜਾ ਸਕਦੀ ਹੈ-

https://www.thehindu.com/news/national/karnataka/iuml-to-support-congress-in-karnataka/article5859496.ece

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਸੀਂ ਕਾਂਗਰਸ ਦੇ ਕਮਿਊਨੀਕੇਸ਼ਨ ਹੈੱਡ ਪ੍ਰਣਵ ਝਾਅ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਆਉਂਦੇ ਹੀ ਖ਼ਬਰ ਨੂੰ ਅਪਡੇਟ ਕਰ ਦਿੱਤਾ ਜਾਵੇਗਾ।

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਦਾਅਵਾ ਫਰਜੀ ਹੈ। ਵਾਇਰਲ ਪੋਸਟ ਵਿਚ ਦਿਖਾਇਆ ਜਾ ਰਿਹਾ ਝੰਡਾ ਪਾਕਿਸਤਾਨ ਦਾ ਨਹੀਂ ਬਲਕਿ ਭਾਰਤੀ ਸੰਘ ਮੁਸਲਿਮ ਲੀਗ ਦਾ ਝੰਡਾ ਹੈ।

Claim: ਕਾਂਗਰਸ ਦੀ ਰੈਲੀ ਵਿਚ ਲਹਿਰਾਇਆ ਗਿਆ ਪਾਕਿਸਤਾਨੀ ਝੰਡਾ

Claim By: ਫੇਸਬੁੱਕ ਯੂਜ਼ਰ Lucky Bhatnagar

Fact Check: ਫਰਜੀ