Fact Check: ਭਗਵੰਤ ਮਾਨ ਦੀ ਕੈਬਿਨੇਟ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਪਹੁੰਚੇ RSS ਸੁਪਰੀਮੋ ਮੋਹਨ ਭਾਗਵਤ, ਵਾਇਰਲ ਪੋਸਟ ਫਰਜ਼ੀ
ਇਸ ਤਸਵੀਰ ਵਿਚ ਜਿਹੜੇ ਵਿਅਕਤੀ ਨੂੰ ਮੋਹਨ ਭਾਗਵਤ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਹਰਿਆਣਾ ਦੇ ਗਵਰਨਰ "ਬੰਦਾਰੂ ਦੱਤਾਤ੍ਰੇਅ" ਹਨ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਭਗਵੰਤ ਮਾਨ ਕੈਬਿਨੇਟ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ 'ਚ RSS ਸੁਪਰੀਮੋ ਮੋਹਨ ਭਾਗਵਤ ਮੌਜੂਦ ਸਨ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਹਨ ਭਾਗਵਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਮੰਡਲ ਨਾਲ ਸਟੇਜ 'ਤੇ ਮੌਜੂਦ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ RSS ਸੁਪਰੀਮੋ ਮੋਹਨ ਭਾਗਵਤ ਮੌਜੂਦ ਨਹੀਂ ਸਨ। ਇਸ ਤਸਵੀਰ ਵਿਚ ਜਿਹੜੇ ਵਿਅਕਤੀ ਨੂੰ ਮੋਹਨ ਭਾਗਵਤ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਹਰਿਆਣਾ ਦੇ ਗਵਰਨਰ "ਬੰਦਾਰੂ ਦੱਤਾਤ੍ਰੇਅ" ਹਨ।
ਵਾਇਰਲ ਪੋਸਟ
ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰ ਵਾਇਰਲ ਕਰ ਰਹੇ ਹਨ। ਫੇਸਬੁੱਕ ਪੇਜ Gurmukh Singh Bajwa ਨੇ 20 ਮਾਰਚ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਪੰਜਾਬੀਓ ਆ ਵੇਖਲੋ ਅਸੀਂ ਏਸੇ ਕਰਕੇ ਵਾਰ ਵਾਰ ਕਹੀਂਦੇ ਸੀ ਏਹ ਆਰ ਐਸ ਐਸ ਦੀ ਬੀ ਟੀਮ ਹੈ ਹੁਣ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ'
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਸੁੰਹ ਚੁੱਕ ਸਮਾਗਮ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਜ਼ਿਕਰਯੋਗ ਹੈ ਕਿ ਕਿਸੇ ਵੀ ਖਬਰ ਤੋਂ ਇਹ ਪੁਸ਼ਟੀ ਨਹੀਂ ਹੋਈ ਕਿ RSS ਸੁਪਰੀਮੋ ਮੋਹਨ ਭਾਗਵਤ ਭਗਵੰਤ ਮਾਨ ਕੈਬਿਨੇਟ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਸਨ।
ਸਾਨੂੰ ਆਪਣੀ ਇਸ ਸਰਚ ਦੌਰਾਨ ਨਿਊਜ਼ ਏਜੰਸੀ UNI ਦੀ 19 ਮਾਰਚ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਦੱਸ ਮੰਤਰੀ ਸ਼ਾਮਿਲ ਹੋਏ ਅਤੇ ਮੰਤਰੀਆਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਰਾਜਪੁਰੋਹਿਤ ਨੇ ਚੰਡੀਗਡ਼੍ਹ ਵਿਖੇ ਰਾਜ ਭਵਨ 'ਚ ਸਹੁੰ ਦਿਵਾਈ। ਰਿਪੋਰਟ ਮੁਤਾਬਕ ਇਸ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਦਾਰੂ ਦੱਤਾਤ੍ਰੇਅ ਅਤੇ ਪੰਜਾਬ ਦੇ ਪ੍ਰੋਟਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਵੀ ਮੌਜੂਦ ਰਹੇ।
ਇਸ ਰਿਪੋਰਟ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਪ੍ਰਕਾਸ਼ਿਤ ਹੈ ਅਤੇ ਇਸ ਰਿਪੋਰਟ ਵਿਚ ਵੀ RSS ਸੁਪਰੀਮੋ ਮੋਹਨ ਭਾਗਵਤ ਦੁਆਰਾ ਸਮਾਗਮ 'ਚ ਸ਼ਿਰਕਤ ਕੀਤੇ ਜਾਣ ਦਾ ਕੋਈ ਜ਼ਿਕਰ ਨਹੀਂ ਸੀ।
ਹੋਰ ਸਰਚ ਕਰਨ 'ਤੇ ਸਾਨੂੰ ਹਰਿਆਣਾ ਦੇ ਰਾਜਪਾਲ ਬੰਦਾਰੂ ਦੱਤਾਤ੍ਰੇਅ ਦੁਆਰਾ ਇਸ ਸਮਾਗਮ ਨੂੰ ਲੈ ਕੇ ਕੀਤਾ ਗਿਆ ਟਵੀਟ ਮਿਲਿਆ। ਟਵੀਟ ਵਿਚ ਉਨ੍ਹਾਂ ਨੇ ਲਿਖਿਆ,'ਅੱਜ ਪੰਜਾਬ ਸਰਕਾਰ ਦੇ ਨਵ ਨਿਯੁਕਤ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਚ ਪੰਜਾਬ ਦੇ ਚੰਡੀਗੜ੍ਹ ਸਥਿਤ ਰਾਜ ਭਵਨ ਵਿੱਚ ਸ਼ਾਮਿਲ ਹੋਇਆ।' ਟਵੀਟ 'ਚ ਵਾਇਰਲ ਤਸਵੀਰ ਨੂੰ ਵੀ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਾਨੂੰ ਆਮ ਆਦਮੀ ਪਾਰਟੀ ਦੇ ਯੂਟਿਊਬ ਚੈਨਲ 'ਤੇ ਪੰਜਾਬ ਦੇ ਨਵ ਨਿਯੁਕਤ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦਾ ਵੀਡੀਓ ਅਪਲੋਡ ਮਿਲਿਆ। ਵੀਡੀਓ ਵਿਚ ਵੀ RSS ਸੁਪਰੀਮੋ ਮੋਹਨ ਭਾਗਵਤ ਨਜ਼ਰ ਨਹੀਂ ਆ ਰਹੇ ਹਨ।
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਵਿਚ ਮੋਹਨ ਭਾਗਵਤ ਨਹੀਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ RSS ਸੁਪਰੀਮੋ ਮੋਹਨ ਭਾਗਵਤ ਮੌਜੂਦ ਨਹੀਂ ਸਨ। ਇਸ ਤਸਵੀਰ ਵਿਚ ਜਿਹੜੇ ਵਿਅਕਤੀ ਨੂੰ ਮੋਹਨ ਭਾਗਵਤ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਹਰਿਆਣਾ ਦੇ ਗਵਰਨਰ "ਬੰਦਾਰੂ ਦੱਤਾਤ੍ਰੇਅ" ਹਨ।
Claim- RSS Supremo Mohan Bhagvat attended Bhagwant Mann Punjab Cabinet Swearing In Ceremony
Claimed By- FB User Gurmukh Singh Bajwa
Fact Check- Fake