ਤੱਥ ਜਾਂਚ: ਨਾਂਦੇੜ ਸਾਹਿਬ ਵੱਲੋਂ 50 ਸਾਲਾਂ ਦਾ ਸੋਨਾ ਦਾਨ ਕਰਨ ਵਾਲਾ ਦਾਅਵਾ ਸਹੀ ਨਹੀਂ ਹੈ
ਗੁਰੂਦੁਆਰੇ ਦੇ ਬੁਲਾਰੇ ਵੱਲੋਂ ਪਿਛਲੇ 50 ਸਾਲਾਂ ਦੇ ਸੋਨੇ ਦਾ ਦਾਨ ਕਰਨ ਵਾਲੀ ਗੱਲ ਗੁੰਮਰਾਹਕੁਨ ਅਤੇ ਗਲਤ ਦੱਸੀ ਗਈ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਪਣਾ ਪ੍ਰਕੋਪ ਦਿਖਾ ਰਹੀ ਹੈ ਅਤੇ ਇਸ ਲਹਿਰ ਵਿਚ ਸੇਵਾ ਦੀ ਮਿਸਾਲ ਕਈ ਸੰਸਥਾਵਾਂ ਵੱਲੋਂ ਪੇਸ਼ ਕੀਤੀ ਗਈ। ਹੁਣ ਗੁਰੂਦੁਆਰਾ ਸ਼੍ਰੀ ਸੱਚਖੰਡ ਨਾਂਦੇੜ ਸਾਹਿਬ ਦੀ ਸੇਵਾ ਦੇ ਨਾਂਅ ਤੋਂ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਨਾਂਦੇੜ ਸਾਹਿਬ ਵੱਲੋਂ ਪਿਛਲੇ 5 ਸਾਲਾਂ ਵਿਚ ਇਕੱਠਾ ਹੋਇਆ ਸੋਨਾ ਸੰਗਤਾਂ ਦੀ ਸੇਵਾ ਲਈ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਾਰਾ ਸੋਨਾ ਵੇਚ ਕੇ ਸੰਗਤਾਂ ਲਈ ਹਸਪਤਾਲ ਅਤੇ ਜ਼ਰੂਰੀ ਸੇਵਾਵਾਂ ਲਈ ਕੰਮ ਕੀਤਾ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਗੁਰੂਦੁਆਰੇ ਦੇ ਬੁਲਾਰੇ ਵੱਲੋਂ ਪਿਛਲੇ 50 ਸਾਲਾਂ ਦੇ ਸੋਨੇ ਦਾ ਦਾਨ ਕਰਨ ਵਾਲੀ ਗੱਲ ਗੁੰਮਰਾਹਕੁਨ ਅਤੇ ਗਲਤ ਦੱਸੀ ਗਈ ਹੈ।
ਨੈਸ਼ਨਲ ਅਤੇ ਸਥਾਨਕ ਮੀਡੀਆ ਵੱਲੋਂ ਕਈ ਖਬਰਾਂ ਹੋਈਆਂ ਪ੍ਰਕਾਸ਼ਿਤ
ਜਿਵੇਂ ਹੀ ਇਹ ਦਾਅਵਾ ਸੁਰਖੀਆਂ ਵਿਚ ਆਇਆ, ਨੈਸ਼ਨਲ ਅਤੇ ਸਥਾਨਕ ਮੀਡੀਆ ਵੱਲੋਂ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋਈਆਂ। ਅਮਰ ਉਜਾਲਾ, ਇੰਡੀਆ ਟਾਇਮਸ, ਜਗਬਾਣੀ ਸਣੇ ਕਈ ਨਾਮਵਰ ਮੀਡੀਆ ਸੰਸਥਾਵਾਂ ਨੇ ਇਸ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ। ਇਨ੍ਹਾਂ ਦੇ ਆਰਕਾਇਵਡ ਲਿੰਕ ਹੇਠਾਂ ਕਲਿੱਕ ਕਰ ਪੜ੍ਹੇ ਜਾ ਸਕਦੇ ਹਨ।
ABP Sanja , Moneylife , NBT , Amar Ujala , News18Punjab , Jagbani , IndiaTimes , EHealth
ਪੜਤਾਲ
"ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਰੋਜ਼ਾਨਾ ਸਪੋਕਸਮੈਨ ਟੀਵੀ ਦੀ ਟੀਮ ਨੇ ਤਖ਼ਤ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮੋਬਾਈਲ ਦੇ ਜ਼ਰੀਏ ਰਾਬਤਾ ਕਾਇਮ ਕੀਤਾ, ਜਿਸ ਤੋਂ ਸਾਫ ਹੋਇਆ ਕਿ ਇਸ ਬਿਆਨ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਕਮੇਟੀ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹਾ ਵੀ ਕੋਈ ਬਿਆਨ ਬਿਨ੍ਹਾਂ ਬੋਰਡ ਮੀਟਿੰਗ ਕੀਤੇ ਨਹੀਂ ਦਿੱਤਾ ਜਾ ਸਕਦਾ ਤੇ ਕੋਰੋਨਾ ਦੇ ਚੱਲਦੇ ਕੋਈ ਬੋਰਡ ਮੀਟਿੰਗ ਨਹੀਂ ਹੋਈ। ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹੇ ਫੈਸਲੇ ਬੋਰਡ ਮੀਟਿੰਗ ਵਿੱਚ ਸਾਰੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੁੰਦੇ ਹਨ, ਪਰ ਨਾ ਕੋਈ ਬੈਠਕ ਹੋਈ ਤੇ ਨਾ ਹੀ ਕੋਈ ਅਜਿਹਾ ਫੈਸਲਾ ਲਿਆ ਗਿਆ।"
"ਅਧਿਕਾਰੀ ਦਾ ਕਹਿਣਾ ਸੀ ਕਿ ਤਖ਼ਤ ਬੋਰਡ ਵੱਲੋਂ 30 ਬੈੱਡ ਦਾ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸਦਾ ਉਦਘਾਟਨ ਜੂਨ ਦੇ ਪਹਿਲੇ ਹਫਤੇ ਵਿਚ ਕੀਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ 30 ਬੈੱਡ ਦੀ ਸੁਵਿਧਾ ਹੋਵੇਗੀ, ਜਿਸ ਵਿੱਚ 10 ਬੈੱਡ ICU ਲਈ ਵਰਤੇ ਜਾਣਗੇ ਅਤੇ 10 -10 ਬੈੱਡ ਬੀਬੀਆਂ ਤੇ ਮਰਦਾਨਾ ਵਾਰਡ ਵਿਚ ਵਰਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਕਮੇਟੀ ਅਧੀਨ ਆਉਂਦੀ ਤਿੰਨ ਮੰਜ਼ਿਲਾਂ ਇਮਾਰਤ ਵਿੱਚ ਹੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਤੇ ਇਸਨੂੰ ਚਲਾਉਣ ਦਾ ਖਰਚਾ ਅਤੇ ਡਾਕਟਰਾਂ ਦੀ ਤਨਖ਼ਾਹ ਦਾ ਖਰਚਾ ਗੁਰਦਵਾਰਾ ਬੋਰਡ ਵੱਲੋਂ ਚੁੱਕਿਆ ਜਾਵੇਗਾ, ਜਦਕਿ ਕੋਵਿਡ ਕੇਅਰ ਕੇਂਦਰ ਲਈ ਫਰਨੀਚਰ ਅਤੇ ਮਸ਼ੀਨਰੀ ਲਈ ਖਰਚਾ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਨਿੱਜੀ ਤੌਰ 'ਤੇ ਕੀਤਾ।"
"ਅਧਿਕਾਰੀ ਦਾ ਕਹਿਣਾ ਸੀ ਕਿ ਸੋਨਾ ਵੇਚਣ ਦੀ ਪਿਛਲੇ ਸਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗੱਲ ਜ਼ਰੂਰ ਕੀਤੀ ਗਈ ਸੀ ਕਿ ਪਿਛਲੇ 50 ਸਾਲ ਵਿੱਚ ਇਕੱਠੇ ਹੋਏ ਸੋਨੇ ਦੀ ਵਰਤੋਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੀਤੀ ਜਾਵੇਗੀ ਪਰ ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ। ਇਸਦੇ ਨਾਲ ਹੀ ਕਮੇਟੀ ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫਵਾਹ ਕਿਥੋਂ ਸ਼ੁਰੂ ਹੋਈ ਅਤੇ ਤਖ਼ਤ ਸਾਹਿਬ ਦੀ ਸ਼ਾਨ ਖਿਲਾਫ ਅਜਿਹੀ ਝੂਠੀ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ।"
ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦਾ ਵੀਡੀਓ ਬੁਲੇਟਿਨ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਗੁਰੂਦੁਆਰੇ ਦੇ ਬੁਲਾਰੇ ਵੱਲੋਂ ਪਿਛਲੇ 50 ਸਾਲਾਂ ਦੇ ਸੋਨੇ ਦਾ ਦਾਨ ਕਰਨ ਵਾਲੀ ਗੱਲ ਗੁੰਮਰਾਹਕੁਨ ਅਤੇ ਗਲਤ ਦੱਸੀ ਗਈ ਹੈ।
Claim: ਨਾਂਦੇੜ ਸਾਹਿਬ ਵੱਲੋਂ ਪਿਛਲੇ 5 ਸਾਲਾਂ ਵਿਚ ਇਕੱਠਾ ਹੋਇਆ ਸੋਨਾ ਸੰਗਤਾਂ ਦੀ ਸੇਵਾ ਲਈ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।
Claimed By: Media Channels
Fact ChecK: ਗੁੰਮਰਾਹਕੁਨ