Fact Check : ਇਹ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸਥਿਤ ਸਮਾਧ ਦੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਵਾਇਰਲ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਥਿਤ ਸਮਾਧ ਦੀ ਨਹੀਂ ਹੈ।

Fact Check: This picture is not of Samadh at Gurdwara Kartarpur Sahib, Pakistan

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਸਮਾਧ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਮਾਧ ਕਰਤਾਰਪੁਰ ਸਾਹਿਬ ਵਿਖੇ ਸਥਿਤ ਹੈ, ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਸਾਲ ਰਹੇ ਅਤੇ ਜੋਤੀ ਜੋਤਿ ਸਮਾਏ। 
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਵਾਇਰਲ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਥਿਤ ਸਮਾਧ ਦੀ ਨਹੀਂ ਹੈ।

ਵਾਇਰਲ ਦਾਅਵਾ
ਫੇਸਬੁੱਕ ਪੇਜ ਪੰਜਾਬੀ ਲਿਖਤਾਂ ਨੇ 22 ਜਨਵਰੀ ਨੂੰ ਇਹ ਤਸਵੀਰ ਅਪਲੋਡ ਕਰਦਿਆਂ ਲਿਖਿਆ: "ਦਰਸ਼ਨ ਕਰੋ ਜੀ। ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ। ਬਹੁਤ ਮੁਸ਼ਕਲ ਨਾਲ ਇਸ ਤਸਵੀਰ ਨੂੰ ਮੰਗਵਾਇਆ ਹੈ। ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਕਈ ਸਾਲ ਰਹੇ ਅਤੇ ਜੋਤਿ ਜੋਤਿ ਸਮਾਏ। ਇਸ ਨੂੰ ਅੱਗੇ ਸ਼ੇਅਰ ਕਰੋ ਅਤੇ ਸਾਰਿਆਂ ਨੂੰ ਦਰਸ਼ਨ ਕਰਵਾਓ।"
ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੀਆਂ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ, ਜਿਸ ਦੌਰਾਨ ਸਾਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਥਿਤ ਸਮਾਧ ਦੀਆਂ ਕਈ ਤਸਵੀਰਾਂ ਮਿਲੀਆਂ ਪਰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਕੋਈ ਵੀ ਤਸਵੀਰ ਨਹੀਂ ਮਿਲੀ।

ਇਸ ਤੋਂ ਬਾਅਦ ਅਸੀਂ ਤਸਵੀਰ ਨੂੰ ਲੈ ਕੇ ਸਾਡੇ ਪਾਕਿਸਤਾਨ ਲਾਹੌਰ ਤੋਂ ਰਿਪੋਰਟਰ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਸਾਡੇ ਰਿਪੋਰਟਰ ਨੇ ਵਾਇਰਲ ਤਸਵੀਰ ਨੂੰ ਦੇਖਦੇ ਹੀ ਕਿਹਾ ਕਿ ਇਹ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਸਥਿਤ ਸਮਾਧ ਦੀ ਨਹੀਂ ਹੈ। ਉਹਨਾਂ ਨੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਚ ਸਮਾਧ ਗੁਰੂਦੁਆਰਾ ਸਾਹਿਬ ਦੀ ਹਜ਼ੂਰੀ ਵਿਚ ਤੇ ਮੇਨ ਬਾਹਰ ਵਾਲੀ ਇੰਟਰੈਂਸ ਦੇ ਗੇਟ ਦੇ ਨਾਲ ਮੁਸਲਮਾਨਾਂ ਵੱਲੋਂ ਇਕ ਕਬਰ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਜੋ ਸਾਖੀਆਂ ਵਿਚ ਅਤੇ ਇਤਿਹਾਸ ਵਿਚ ਦੱਸਿਆ ਗਿਆ ਹੈ ਕਿ ਕਬਰ 'ਤੇ ਸਮਾਧ ਦੋਨੋਂ ਚੀਜ਼ਾਂ ਮੌਜੂਦ ਹਨ। ਹਿੰਦੂ ਮੁਸਲਿਮ ਸਭ ਆਪਣੇ-ਆਪਣੇ ਢੰਗ ਨਾਲ ਸਤਿਕਾਰ ਕਰਦੇ ਹਨ। ਬਾਬਰ ਜਲੰਧਰੀ ਨੇ ਵਾਇਰਲ ਤਸਵੀਰ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ।

ਹੁਣ ਵਾਰੀ ਸੀ ਵਾਇਰਲ ਤਸਵੀਰ ਬਾਰੇ ਜਾਣਕਾਰੀ ਜੁਟਾਉਣ ਦੀ। ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ ਫੇਸਬੁੱਕ ਪੇਜ ALI Masjid & Shadulla BABA DARGA .alirajpet’’ ਦੁਆਰਾ 7 ਸਤੰਬਰ 2017 ਨੂੰ ਅਪਲੋਡ ਕੀਤੀ ਮਿਲੀ। ਇਸ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਗਿਆ ਸੀ।

ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦੇ ਹਾਂ, ਪਰ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਹ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸਥਿਤ ਸਮਾਧ ਦੀ ਨਹੀਂ ਹੈ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਵਾਇਰਲ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸਥਿਤ ਸਮਾਧ ਦੀ ਨਹੀਂ ਹੈ।
Claim: ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਥਿਤ ਸਮਾਧ ਦੀ ਫਰਜ਼ੀ ਤਸਵੀਰ ਵਾਇਰਲ 
Claim By: ਫੇਸਬੁੱਕ ਪੇਜ ਪੰਜਾਬੀ ਲਿਖਤਾਂ
Fact Check: ਫਰਜ਼ੀ