ਤੱਥ ਜਾਂਚ: ਅਗਲੇ 2 ਸਾਲਾਂ ਤੱਕ ਵੈਕਸੀਨ ਲਗਵਾਏ ਲੋਕਾਂ ਦੀ ਹੋ ਜਾਵੇਗੀ ਮੌਤ?ਨਹੀਂ, ਵਾਇਰਲ ਮੈਸੇਜ ਫਰਜੀ

ਸਪੋਕਸਮੈਨ ਸਮਾਚਾਰ ਸੇਵਾ

ਲਿਊਕ ਮੋਂਟੇਜਨਿਓਰ ਦੇ ਨਾਂਅ ਤੋਂ ਬਣਾਇਆ ਗਿਆ ਇਹ ਮੈਸੇਜ ਫਰਜੀ ਹੈ। ਵੈਕਸੀਨ ਲਗਵਾਏ ਲੋਕਾਂ ਦੀ ਅਗਲੇ 2 ਸਾਲਾਂ ਅੰਦਰ ਮੌਤ ਹੋਵੇਗਾ ਵਾਲੀ ਗੱਲ ਲਿਊਕ ਨੇ ਨਹੀਂ ਕਹੀ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਵਹਟਸਐੱਪ 'ਤੇ ਨੋਬਲ ਪੁਰਸਕਾਰ ਜੇਤੂ ਲਿਊਕ ਮੋਂਟੇਜਨਿਓਰ ਦੇ ਨਾਂਅ ਤੋਂ ਇੱਕ ਮੈਸੇਜ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਿਊਕ ਮੋਂਟੇਜਨਿਓਰ ਨੇ ਆਪਣੇ ਇੱਕ ਇੰਟਰਵਿਊ ਵਿਚ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ ਉਹਨਾਂ ਦੀ ਦੋ ਸਾਲ ਵਿਚ ਮੌਤ ਹੋ ਜਾਵੇਗੀ। 

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਬਿਲਕੁਲ ਫਰਜ਼ੀ ਹੈ। ਜਿਸ ਇੰਟਰਵਿਊ ਦੇ ਹਵਾਲੇ ਤੋਂ ਵਾਇਰਲ ਮੈਸੇਜ ਬਣਾਇਆ ਗਿਆ ਹੈ ਉਸਦੇ ਵਿਚ ਲਿਊਕ ਮੋਂਟੇਜਨਿਓਰ ਨੇ ਅਜਿਹੀ ਕੋਈ ਵੀ ਗੱਲ ਨਹੀਂ ਕਹੀ ਸੀ। ਉਸ ਇੰਟਰਵਿਊ ਵਿਚ ਲਿਊਕ ਮੋਂਟੇਜਨਿਓਰ ਨੇ ਵੈਕਸੀਨ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਵੈਕਸੀਨ ਕਰਕੇ ਕੋਰੋਨਾ ਦੇ ਨਵੇਂ ਵੇਰੀਅੰਟ ਬਣ ਰਹੇ ਹਨ।

ਲਿਊਕ ਮੋਂਟੇਜਨਿਓਰ ਦੇ ਨਾਂਅ ਤੋਂ ਬਣਾਇਆ ਗਿਆ ਇਹ ਮੈਸੇਜ ਫਰਜੀ ਹੈ। ਵੈਕਸੀਨ ਲਗਵਾਏ ਲੋਕਾਂ ਦੀ ਅਗਲੇ 2 ਸਾਲਾਂ ਅੰਦਰ ਮੌਤ ਹੋਵੇਗੀ ਵਾਲੀ ਗੱਲ ਲਿਊਕ ਨੇ ਨਹੀਂ ਕਹੀ ਹੈ।

ਕੀ ਹੈ ਵਾਇਰਲ ਵਾਇਰਲ ਮੈਸੇਜ

ਵਾਇਰਲ ਮੈਸੇਜ ਵਿਚ ਫਰਾਂਸ ਦੇ ਨੋਬਲ ਪੁਰਸਕਾਰ ਜੇਤੂ ਲਿਊਕ ਮੋਂਟੇਜਨਿਓਰ ਦੇ ਇੱਕ ਇੰਟਰਵਿਊ ਦੇ ਹਵਾਲਿਓਂ ਲਿਖਿਆ ਗਿਆ ਕਿ ਅਗਲੇ 2 ਸਾਲਾਂ ਵਿਚਕਾਰ ਕੋਰੋਨਾ ਵੈਕਸੀਨ ਲਗਵਾਏ ਲੋਕਾਂ ਦੀ ਮੌਤ ਤੈਅ ਹੈ ਅਤੇ ਹੁਣ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਮੈਸੇਜ ਵਿਚ Lifesitenews ਨਾਂਅ ਦੀ ਵੈੱਬਸਾਈਟ ਦੀ ਖਬਰ ਦਾ ਲਿੰਕ ਸ਼ੇਅਰ ਕੀਤਾ ਗਿਆ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ Lifesitenews ਦੀ ਖ਼ਬਰ ਨੂੰ ਪੜ੍ਹਨਾ ਸ਼ੁਰੂ ਕੀਤਾ। ਸਾਈਟ ਨੇ 19 ਮਈ 2021 ਨੂੰ ਇਹ ਖਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਇਸਦਾ ਸਿਰਲੇਖ ਲਿਖਿਆ ਸੀ, "Nobel Prize winner: Mass COVID vaccination an ‘unacceptable mistake’ that is ‘creating the variants’"

ਇਸ ਪੂਰੀ ਖ਼ਬਰ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਵਾਇਰਲ ਮੈਸੇਜ ਵਰਗੀ ਮੌਤ ਦਾ ਦਾਅਵਾ ਕਰਦੀ ਕੋਈ ਗੱਲ ਨਹੀਂ ਲਿਖੀ ਗਈ ਸੀ। ਇਹ ਖ਼ਬਰ ਲਿਊਕ ਦੇ ਹਾਲੀਆ ਇੰਟਰਵਿਊ ਦੇ ਹਵਾਲਿਓਂ ਲਿਖੀ ਗਈ ਸੀ। ਇਸ ਖ਼ਬਰ ਵਿਚ ਲਿਖਿਆ ਗਿਆ ਕਿ RAIR Foundation USA ਵੱਲੋਂ ਲਿਊਕ ਦੇ ਇੱਕ ਇੰਟਰਵਿਊ ਦਾ ਅਨੁਵਾਦ ਕੀਤਾ ਗਿਆ ਜਿਸ ਦੇ ਵਿਚ ਲਿਊਕ ਨੇ ਵੈਕਸੀਨ ਨੂੰ ਲੈ ਕੇ ਦੱਸਿਆ ਕਿ ਵੈਕਸੀਨ ਕਰਕੇ ਹੀ ਨਵੇਂ ਕੋਰੋਨਾ ਦੇ ਵੇਰੀਅੰਟ ਬਣਦੇ ਹਨ ਅਤੇ ਕੇਸਾਂ ਵਿਚ ਵਾਧਾ ਹੁੰਦਾ ਹੈ। ਇਸ ਖ਼ਬਰ ਵਿਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਗਈ ਸੀ ਕਿ ਲਿਊਕ ਨੇ ਕਿਹਾ ਹੈ ਕਿ ਆਉਣ ਵਾਲੇ 2 ਸਾਲਾਂ ਅੰਦਰ ਵੈਕਸੀਨ ਲਗਵਾਏ ਸਾਰੇ ਲੋਕਾਂ ਦੀ ਮੌਤ ਹੋ ਜਾਵੇਗੀ। ਇਹ ਪੂਰੀ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਲਿਊਕ ਦੇ ਇੰਟਰਵਿਊ ਦੀ ਭਾਲ ਸ਼ੁਰੂ ਕੀਤੀ। ਸਾਨੂੰ ਇਹ ਇੰਟਰਵਿਊ 18 ਮਈ 2021 ਦਾ RAIR Foundation ਵੱਲੋਂ ਸ਼ੇਅਰ ਕੀਤਾ ਮਿਲਿਆ। ਪ੍ਰਕਾਸ਼ਿਤ ਇੰਟਰਵਿਊ ਦਾ ਸਿਰਲੇਖ ਦਿੱਤਾ ਗਿਆ, "Bombshell: Nobel Laureate Reveals that Covid Vaccine is 'Creating Variants'"

ਅਸੀਂ ਇਸ ਪੂਰੇ ਇੰਟਰਵਿਊ ਨੂੰ ਧਿਆਨ ਨਾਲ ਦੇਖਿਆ। ਦੱਸ ਦਈਏ ਕਿ ਇਸ ਪੂਰੇ ਇੰਟਰਵਿਊ ਕਲਿਪ ਵਿਚ ਕਿਤੇ ਵੀ ਲਿਊਕ ਨੇ ਇਹ ਗੱਲ ਨਹੀਂ ਕਹੀ ਕਿ ਆਉਣ ਵਾਲੇ 2 ਸਾਲਾਂ ਅੰਦਰ ਕੋਰੋਨਾ ਵੈਕਸੀਨ ਲਗਵਾਏ ਲੋਕਾਂ ਦੀ ਮੌਤ ਹੋ ਜਾਵੇਗੀ। ਇਸ ਇੰਟਰਵਿਊ ਵਿਚ ਲਿਊਕ ਨੇ ਚਿੰਤਾ ਜਾਹਰ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਵੈਕਸੀਨੇਸ਼ਨ ਪ੍ਰੋਗਰਾਮ ਕਰਕੇ ਹੀ ਨਵੇਂ ਵੇਰੀਅੰਟ ਬਣ ਰਹੇ ਹਨ। ਇੰਟਰਵਿਊ ਵਿਚ ਲਿਊਕ ਅਨੁਸਾਰ ਵੈਕਸੀਨ ਕਰਕੇ ਬਣੀ ਐਂਟੀ-ਬਾਡੀਜ਼ ਹੀ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਤੇਜ ਕਰਦੀਆਂ ਹਨ ਜਿਨ੍ਹਾਂ ਕਰਕੇ ਨਵੇਂ ਵੇਰੀਅੰਟ ਖਤਰਨਾਕ ਸਾਬਿਤ ਹੁੰਦੇ ਹਨ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ RAIR Foundation ਦੀ ਇੱਕ ਖਬਰ ਮਿਲੀ ਜਿਸਦੇ ਵਿਚ ਉਨ੍ਹਾਂ ਨੇ ਸਾਫ ਕੀਤਾ ਕਿ ਲਿਊਕ ਨੇ ਕੋਰੋਨਾ ਵੈਕਸੀਨ ਲਗਵਾਏ ਲੋਕਾਂ ਦੀ ਮੌਤ ਬਾਰੇ ਨਹੀਂ ਕਿਹਾ ਹੈ। 25 ਮਈ 2021 ਨੂੰ ਪ੍ਰਕਾਸ਼ਿਤ ਇਸ ਖਬਰ ਦਾ ਸਿਰਲੇਖ ਲਿਖਿਆ ਗਿਆ, "ALERT: Luc Montagnier Did NOT Say Vaccine Would Kill People in Two Years - Here's What he DID Say (Video)"

ਖਬਰ ਅਨੁਸਾਰ ਸੋਸ਼ਲ ਮੀਡੀਆ 'ਤੇ ਲਿਊਕ ਦੇ ਇੰਟਰਵਿਊ ਨੂੰ ਲੈ ਕੇ ਫਰਜੀ ਦਾਅਵਾ ਵਾਇਰਲ ਹੋ ਰਿਹਾ ਹੈ। ਲਿਊਕ ਮੋਂਟੇਜਨਿਓਰ ਨੇ ਇਹ ਗੱਲ ਨਹੀਂ ਕਹੀ ਹੈ ਕਿ ਆਉਣ ਵਾਲੇ 2 ਸਾਲਾਂ ਅੰਦਰ ਕੋਰੋਨਾ ਵੈਕਸੀਨ ਲਗਵਾਏ ਲੋਕਾਂ ਦੀ ਮੌਤ ਹੋ ਜਾਵੇਗੀ। ਇਸ ਖਬਰ ਵਿਚ ਉਨ੍ਹਾਂ ਨੇ ਇੰਟਰਵਿਊ ਦੀ ਕਲਿਪ ਵੀ ਸ਼ੇਅਰ ਕੀਤੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਫਾਊਂਡੇਸ਼ਨ ਵੱਲੋਂ ਵਾਇਰਲ ਦਾਅਵੇ ਨੂੰ ਖਾਰਜ ਕਰਦਾ ਟਵੀਟ ਵੀ ਕੀਤਾ ਗਿਆ ਹੈ ਜਿਸਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

 

 

ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਲਿਊਕ ਦਾ ਪੂਰਾ ਇੰਟਰਵਿਊ 11 ਮਿੰਟ ਦਾ ਹੈ ਜਿਸਨੂੰ ਫ਼੍ਰੇਂਚ ਵੈੱਬਸਾਈਟ Planets360 ਨੇ ਅਪਲੋਡ ਕੀਤਾ ਸੀ। ਇਸ ਇੰਟਰਵਿਓ ਦੀ ਇੱਕ ਕਲਿਪ ਨੂੰ Rair Foundation ਵੱਲੋਂ ਟਰਾਂਸਲੇਟ ਕੀਤਾ ਗਿਆ ਸੀ। ਇਹ ਪੂਰਾ ਇੰਟਰਵਿਊ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

https://odysee.com/$/download/Professeur-Luc-Montagnier-....Les-VARIANTS-viennent-des-vaccinations/1f3a637dc22c9809e760ca036866b62bc7fcd5e4

ਵਾਇਰਲ ਦਾਅਵੇ ਨੂੰ ਲੈ ਕੇ ਮੇਘਾਲਿਯ ਪੁਲਿਸ ਅਤੇ PIB ਸਣੇ ਕਈ ਅਧਿਕਾਰਿਕ ਸੋਰਸ ਨੇ ਟਵੀਟ ਕੀਤਾ ਅਤੇ ਇਸਨੂੰ ਫਰਜੀ ਦੱਸਿਆ ਹੈ। 

PIB ਦਾ ਟਵੀਟ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

 

 

ਮੇਘਾਲਿਯ ਪੁਲਿਸ ਦਾ ਟਵੀਟ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

 

 

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ: ਲਿਊਕ ਮੋਂਟੇਜਨਿਓਰ ਦੇ ਨਾਂਅ ਤੋਂ ਬਣਾਇਆ ਗਿਆ ਇਹ ਮੈਸੇਜ ਫਰਜੀ ਹੈ। ਵੈਕਸੀਨ ਲਗਵਾਏ ਲੋਕਾਂ ਦੀ ਅਗਲੇ 2 ਸਾਲਾਂ ਅੰਦਰ ਮੌਤ ਹੋਵੇਗੀ ਵਾਲੀ ਗੱਲ ਲਿਊਕ ਨੇ ਨਹੀਂ ਕਹੀ ਹੈ। ਵਾਇਰਲ ਮੈਸੇਜ ਫਰਜੀ ਹੈ।

Claim: ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ ਉਹਨਾਂ ਦੀ ਦੋ ਸਾਲ ਵਿਚ ਮੌਤ ਹੋ ਜਾਵੇਗੀ। 
Claimed By: Whatsup 
Fact ChecK: 
ਫਰਜੀ