Fact Check: PM ਮੋਦੀ ਨੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਨਜ਼ਰਅੰਦਾਜ਼? ਨਹੀਂ, ਵਾਇਰਲ ਵੀਡੀਓ ਪੂਰਾ ਸੱਚ ਨਹੀਂ
ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ PM ਮੋਦੀ ਸਾਬਕਾ ਰਾਸ਼ਟਰਪਤੀ ਦਾ ਅਭਿਵਾਦਨ ਸਵੀਕਾਰ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ।
RSFC (Team Mohali)- ਦੇਸ਼ ਨੂੰ ਦ੍ਰੋਪਦੀ ਮੁਰਮੁ ਦੇ ਰੂਪ 'ਚ ਨਵਾਂ ਰਾਸ਼ਟਰਪਤੀ ਮਿਲ ਚੁੱਕਿਆ ਹੈ। ਦ੍ਰੋਪਦੀ ਮੁਰਮੁ ਦਾ ਰਾਸ਼ਟਰਪਤੀ ਬਣਨਾ ਨਵੇਂ ਭਾਰਤ ਦੀ ਸਿਰਜਣਾ ਨੂੰ ਪੇਸ਼ ਕਰਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ PM ਸਾਹਮਣੇ ਅਭਿਵਾਦਨ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਗੌਰ ਕਰਨ ਵਾਲੀ ਗੱਲ ਹੈ ਕਿ PM ਵੱਲੋਂ ਉਨ੍ਹਾਂ ਦਾ ਅਭਿਵਾਦਨ ਸਵੀਕਾਰ ਹੁੰਦਾ ਨਹੀਂ ਦਿੱਸ ਰਿਹਾ। ਇਸ ਵੀਡੀਓ ਨੂੰ ਵਾਇਰਲ ਕਰਦਿਆਂ PM ਮੋਦੀ ਦੀ ਛਵੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਦੇ ਵਿਦਾਈ ਸਮਾਰੋਹ ਦੌਰਾਨ PM ਮੋਦੀ ਨੇ ਸਾਬਕਾ ਰਾਸ਼ਟਰਪਤੀ ਦਾ ਸਨਮਾਨ ਨਾ ਕਰਦਿਆਂ ਉਨ੍ਹਾਂ ਦਾ ਅਭਿਵਾਦਨ ਸਵੀਕਾਰ ਨਹੀਂ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਇੱਕ ਅਧੂਰਾ ਕਲਿਪ ਹੈ, ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ PM ਮੋਦੀ ਸਾਬਕਾ ਰਾਸ਼ਟਰਪਤੀ ਦਾ ਅਭਿਵਾਦਨ ਸਵੀਕਾਰ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ।
ਵਾਇਰਲ ਪੋਸਟ
ਫੇਸਬੁੱਕ ਪੇਜ "Nation POST" ਨੇ 24 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਸ਼ਟਰਪਤੀ ਜੋੜਦੇ ਰਹੇ ਹੱਥ ਪਰ ਮੋਦੀ ਜੀ ਦੇਖਦੇ ਰਹੇ ਕੈਮਰਾ?ਲੋਕ ਵੀਡਿਓ ਕਰ ਰਹੇ ਸ਼ੇਅਰ ਤੁਸੀ ਵੀ ਦਿਓ ਆਪਣੀ ਰਾਇ |NATION POST|"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਕਿ ਸਾਨੂੰ ਅਸਲ ਵੀਡੀਓ Sansad TV ਦੇ ਯੂਟਿਊਬ ਅਕਾਊਂਟ 'ਤੇ ਅਪਲੋਡ ਮਿਲਿਆ। ਇਹ ਵੀਡੀਓ 23 ਜੁਲਾਈ 2022 ਨੂੰ ਸਾਂਝਾ ਕੀਤਾ ਗਿਆ ਸੀ।
ਦੱਸ ਦਈਏ ਕਿ ਇਹ ਵੀਡਿਓ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਕਰਵਾਏ ਗਏ ਵਿਦਾਈ ਸਮਾਰੋਹ ਦਾ ਹੈ ਜਿਸ ਵਿਚ ਸੱਤਾ ਪੱਖ ਤੋਂ ਲੈ ਕੇ ਵਿਰੋਧੀ ਧਿਰ ਦੇ ਤਮਾਮ ਵੱਡੇ ਨੇਤਾ ਮੌਜੂਦ ਰਹੇ। Sansad TV ਦੁਆਰਾ ਯੂਟਿਊਬ 'ਤੇ ਅਪਲੋਡ ਕੀਤੇ ਗਏ ਵੀਡੀਓ ਦੇ 10 ਸਕਿੰਟ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਨੂੰ ਮੰਚ ਤੋਂ ਉਤਰ ਕੇ ਵਿਦਾਈ ਸਮਾਰੋਹ ਵਿੱਚ ਮੌਜੂਦ ਮਹਿਮਾਨਾਂ ਨਾਲ ਮੁਲਾਕਾਤ ਕਰਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ 56 ਸਕਿੰਟ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਅਭਿਵਾਦਨ ਕਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਭਾਰਤ ਦੇ ਰਾਸ਼ਟਰਪਤੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਦੁਆਰਾ ਵੀ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਸ਼ੇਅਰ ਕੀਤੀ ਮਿਲੀਆਂ। ਇਨ੍ਹਾਂ ਤਸਵੀਰਾਂ 'ਚੋਂ ਇੱਕ ਤਸਵੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਨਾਥ ਕੋਵਿੰਦਾ ਅਭਿਵਾਦਨ ਕਰਦੇ ਨਜ਼ਰ ਆ ਰਹੇ ਹਨ।
ਮਤਲਬ ਸਾਫ ਸੀ ਕਿ ਇੱਕ ਅਧੂਰੀ ਵੀਡੀਓ ਕਲਿਪ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਇੱਕ ਅਧੂਰਾ ਕਲਿਪ ਹੈ, ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ PM ਮੋਦੀ ਸਾਬਕਾ ਰਾਸ਼ਟਰਪਤੀ ਦਾ ਅਭਿਵਾਦਨ ਸਵੀਕਾਰ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ।
Claim- PM Modi ignores Ex-President Ram Nath Kovind During His Farewell Walk
Claimed By- FB Page Nation Post
Fact Check- Misleading
(Disclaimer- ਇਸ ਵੀਡੀਓ ਨੂੰ Rozana Spokesman ਵੱਲੋਂ ਵੀ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਸੀ, ਹਾਲਾਂਕਿ ਪੂਰੀ ਜਾਣਕਾਰੀ ਸਾਹਮਣੇ ਆਉਂਦਿਆਂ ਅਸੀਂ ਇਸ ਵੀਡੀਓ ਨੂੰ ਆਪਣੇ ਪੇਜ ਤੋਂ ਤੁਰੰਤ ਹਟਾ ਦਿੱਤਾ ਸੀ। ਰੋਜ਼ਾਨਾ ਸਪੋਕਸਮੈਨ ਆਪਣੇ ਦਰਸ਼ਕਾਂ ਤੋਂ ਇਸ ਭੁੱਲ ਲਈ ਮੁਆਫੀ ਚਾਹੁੰਦਾ ਹੈ।)