Fact Check: ਇਹ ਤਸਵੀਰ ਨਨਕਾਣਾ ਸਾਹਿਬ ਵਿਖੇ ਮੌਜੂਦ ਨਹੀਂ ਹੈ, ਵਾਇਰਲ ਦਾਅਵੇ 'ਤੇ ਯਕੀਨ ਨਾ ਕਰੋ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਨਨਕਾਣਾ ਸਾਹਿਬ ਮੌਜੂਦ ਨਹੀਂ ਹੈ।

Fact Check: No, this image did not exist at Nanakana Sahib Pakistan

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜਦੋਂ ਉਹ 70 ਸਾਲਾਂ ਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੌਜੂਦ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਨਨਕਾਣਾ ਸਾਹਿਬ ਵਿਖੇ ਮੌਜੂਦ ਨਹੀਂ ਹੈ। ਇਸ ਪੋਸਟ ਜ਼ਰੀਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਵਾਇਰਲ ਤਸਵੀਰ

ਵਾਇਰਲ ਤਸਵੀਰ ਉੱਤੇ ਲਿਖਿਆ ਹੈ, "ਗੁਰੂ ਨਾਨਕ ਦੇਵ ਜੀ ਦੀ ਅਸਲੀ ਫੋਟੋ, 70 ਸਾਲਾਂ ਦੀ ਉਮਰ ਦੀ, ਜਿਹੜੀ ਨਨਕਾਣਾ ਸਾਹਿਬ ਅੱਜ ਵੀ ਸਥਾਪਿਤ ਹੈ, ਦੂਜਿਆਂ ਨੂੰ ਵੀ ਦਰਸ਼ਨ ਕਰਵਾਓ"

ਵਾਇਰਲ ਤਸਵੀਰ ਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਜਲੰਧਰੀ ਨੇ ਤਸਵੀਰ ਅਤੇ ਵਾਇਰਲ ਦਾਅਵੇ ਨੂੰ ਲੈ ਕੇ ਪਾਕਿਸਤਾਨ ਮੌਜੂਦ ਸਿੱਖ ਸੰਸਥਾਵਾਂ ਦੇ ਲੋਕ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਅਤੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਮੁੱਖ ਗ੍ਰੰਥੀ ਨਾਲ ਸੰਪਰਕ ਕੀਤਾ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਮੁਖ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਜੀ ਨੇ ਕਿਹਾ, "ਪੋਸਟ ਜਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗਲਤ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਮੈਂ ਦੱਸਣਾ ਚਾਹੁੰਦਾ ਕਿ ਅਜੇਹੀ ਕੋਈ ਵੀ ਤਸਵੀਰ ਸ਼੍ਰੀ ਨਨਕਾਣਾ ਸਾਹਿਬ ਵਿਚ ਨਹੀਂ ਹੈ। ਲੋਕ ਗੁੰਮਰਾਹ ਨਾ ਹੋਣ।"

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਬਾਲ ਲੀਲਾ ਸਾਹਿਬ ਸ਼੍ਰੀ ਨਨਕਾਣਾ ਸਾਹਿਬ ਦੇ ਮੁਖ ਗ੍ਰੰਥੀ ਸਰਦਾਰ ਸੁਖਵੀਰ ਸਿੰਘ ਨੇ ਕਿਹਾ, "ਗੁਰੂ ਨਾਨਕ ਦੇਵ ਜੀ ਦਾ ਜਨਮ 15-16ਵੀਂ ਸਦੀ ਵਿਚ ਹੋਇਆ ਸੀ ਜਦੋਂ ਕੋਈ ਵੀ ਫੋਟੋਗ੍ਰਾਫਰ ਮੌਜੂਦ ਨਹੀਂ ਸੀ ਅਤੇ ਇਹ ਤਸਵੀਰ ਬਿਲਕੁਲ ਫਰਜ਼ੀ ਹੈ। ਅੱਜਕਲ ਸੋਸ਼ਲ ਮੀਡੀਆ 'ਤੇ ਧਰਮ ਦੇ ਨਾਂਅ ਤੋਂ ਕੋਈ ਵੀ ਚੀਜ਼ ਵਾਇਰਲ ਕਰ ਦਿੱਤੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਮੈਂ ਅਪੀਲ ਕਰਦਾ ਹਾਂ ਕਿ ਅਜਿਹੀਆਂ ਫਰਜ਼ੀ ਪੋਸਟਾਂ 'ਤੇ ਯਕੀਨ ਨਾ ਕੀਤਾ ਜਾਵੇ। ਅਜਿਹੀ ਕੋਈ ਵੀ ਤਸਵੀਰ ਨਨਕਾਣਾ ਸਾਹਿਬ ਮੌਜੂਦ ਨਹੀਂ ਹੈ।"

ਨਨਕਾਣਾ ਸਾਹਿਬ ਤੋਂ ਸੋਸ਼ਲ ਐਕਟੀਵਿਸਟ ਸਰਦਾਰ ਗੁਰਬੀਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਤਸਵੀਰ ਤਕਰੀਬਨ 2-3 ਸਾਲਾਂ ਤੋਂ ਵਾਇਰਲ ਹੋ ਰਹੀ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਅਜਿਹੀ ਕੋਈ ਵੀ ਤਸਵੀਰ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਹੈ ਅਤੇ ਅਜਿਹੇ ਫਰਜ਼ੀ ਪੋਸਟਾਂ 'ਤੇ ਯਕੀਨ ਨਾ ਕਰੋ।"

ਯੰਗ ਸਿੱਖ ਸੇਵਾ ਸੋਸਾਇਟੀ ਨਨਕਾਣਾ ਸਾਹਿਬ ਤੋਂ ਸਰਦਾਰ ਹਰਮੀਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਤਸਵੀਰ ਗੁਰਦੁਆਰਾ ਨਨਕਾਣਾ ਸਾਹਿਬ ਮੌਜੂਦ ਨਹੀਂ ਹੈ ਅਤੇ ਇਸ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।"

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਨਨਕਾਣਾ ਸਾਹਿਬ ਮੌਜੂਦ ਨਹੀਂ ਹੈ। ਇਸ ਪੋਸਟ ਜ਼ਰੀਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।