Fact Check: ਭਗਵੰਤ ਮਾਨ ਨੇ ਨਹੀਂ ਦਿੱਤਾ ਡੇਰਾ ਸੌਦਾ ਨੂੰ ਲੈ ਕੇ ਇਹ ਬਿਆਨ, ਵਾਇਰਲ ਪੋਸਟ ਫਰਜ਼ੀ ਹੈ
ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਸਿਮਰਨ ਸਿੰਘ ਨੇ ਸਾਡੇ ਨਾਲ ਗਲਬਾਤ ਕਰਦਿਆਂ ਇਸ ਵਾਇਰਲ ਕਟਿੰਗ ਨੂੰ ਫਰਜ਼ੀ ਦੱਸਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬਿਆਨ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਸਭ ਦੇ ਲਈ ਸਤਿਕਾਰਯੋਗ ਹੈ। ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਵਿਚ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਫਰਜ਼ੀ ਹੈ। ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਸਿਮਰਨ ਸਿੰਘ ਨੇ ਸਾਡੇ ਨਾਲ ਗਲਬਾਤ ਕਰਦਿਆਂ ਇਸ ਵਾਇਰਲ ਕਟਿੰਗ ਨੂੰ ਫਰਜ਼ੀ ਦੱਸਿਆ ਹੈ ਅਤੇ ਕਿਹਾ ਹੈ ਕਿ ਆਪ ਦੇ ਕਿਸੇ ਵੀ ਲੀਡਰ ਵੱਲੋਂ ਡੇਰਾ ਸੌਦਾ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਵਾਇਰਲ ਪੋਸਟ
ਯੂਥ ਅਕਾਲੀ ਦਲ ਆਗੂ Kulwant Singh Cheema ਨੇ ਫੇਸਬੁੱਕ 'ਤੇ ਇਸ ਕਟਿੰਗ ਨੂੰ ਸ਼ੇਅਰ ਕਰਦਿਆਂ ਲਿਖਿਆ,"ਆਹ ਭਗਵੰਤ ਮਾਨ ਕੀ ਕਹਿ ਰਿਹਾ ਸਰਸੇ ਵਾਲੇ ਸਾਧ ਦੇ ਹੱਕ ਵਿੱਚ। ਮੈਨੂੰ ਤਾਂ ਲੱਗਦਾ ਆਮ ਆਦਮੀ ਪਾਰਟੀ ਵਾਲੇ ਲੁਕਵੀਂ ਸਪੋਟ ਕਰਦੇ ਹਨ ਸੌਦਾ ਸਾਧ ਦੀ। ਆਮ ਆਦਮੀ ਪਾਰਟੀ ਦੇ ਪੈਰੋਕਾਰ ਸਿਰਫ ਆਪਣੀਆਂ ਫੇਕ ਐਡੀਆ ਤੋਂ ਸ੍ਰੋਮਣੀ ਅਕਾਲੀ ਦਲ ਦੇ ਬਰਖਿਲਾਫ਼ ਪ੍ਰਚਾਰ ਕਰਦੇ ਹਨ। ਪਰ ਆਪ ਸੌਦਾ ਸਾਧ ਦੇ ਹੱਕ ਵਿੱਚ ਹਨ।"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਦੀ ਜਾਂਚ ਸ਼ੁਰੂ ਕਰਦੇ ਹੋਏ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਅਸੀਂ ਪਾਇਆ ਕਿ ਅਖ਼ਬਾਰ ਦੀ ਕਟਿੰਗ ਵਿਚ ਕਾਫੀ ਗਲਤੀਆਂ ਹਨ ਜੋ ਆਮ ਤੌਰ 'ਤੇ ਨਹੀਂ ਹੁੰਦੀਆਂ। ਇਸ ਦੇ ਨਾਲ ਹੀ ਵਾਇਰਲ ਕਟਿੰਗ ਵਿਚ ਕਿਸੇ ਅਖ਼ਬਾਰ ਦਾ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਨ੍ਹਾਂ ਗੱਲਾਂ ਤੋਂ ਇਸਦੇ ਫਰਜ਼ੀ ਹੋਣ ਦਾ ਸ਼ੱਕ ਹੁੰਦਾ ਹੈ।
ਅੱਗੇ ਵਧਦੇ ਹੋਏ ਅਸੀਂ ਕਟਿੰਗ ਵਿਚ ਕੀਤੇ ਜਾ ਰਹੇ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਦਾਅਵੇ ਵਰਗੀ ਕੋਈ ਖ਼ਬਰ ਨਹੀਂ ਮਿਲੀ। ਗੌਰਤਲਬ ਹੈ ਕਿ ਜੇਕਰ ਭਗਵੰਤ ਮਾਨ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਮੀਡੀਆ ਅਦਾਰਿਆਂ ਦੁਆਰਾ ਇਸ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੁੰਦੀ।
ਹੁਣ ਅਸੀਂ ਇਸ ਕਟਿੰਗ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਟਿੰਗ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ, "ਇਹ ਕਟਿੰਗ ਬਿਲਕੁਲ ਫਰਜ਼ੀ ਹੈ। ਇਸ ਕਟਿੰਗ ਦੀ ਭਾਸ਼ਾ ਕਿਸੇ ਮੀਡੀਆ ਅਦਾਰੇ ਦੀ ਭਾਸ਼ਾ ਨਹੀਂ ਲੱਗ ਰਹੀ ਹੈ ਅਤੇ ਨਾ ਹੀ ਇਸ ਕਟਿੰਗ ਵਿਚ ਮੀਡੀਆ ਅਦਾਰੇ ਦਾ ਨਾਂਅ ਪੇਸ਼ ਕੀਤਾ ਗਿਆ ਹੈ। ਇਹ ਕਟਿੰਗ ਸਿਰਫ ਪੋਲੀਟੀਕਲ ਏਜੰਡੇ ਦਾ ਇੱਕ ਹਿੱਸਾ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਖਾਤਰ ਬਣਾਈ ਗਈ ਹੈ।"
ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਸਿਮਰਨ ਸਿੰਘ ਨਾਲ ਗੱਲਬਾਤ ਕੀਤੀ। ਸਿਮਰਨ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵਾਇਰਲ ਕਟਿੰਗ ਫਰਜ਼ੀ ਹੈ। ਆਪ ਦੇ ਕਿਸੇ ਵੀ ਲੀਡਰ ਵੱਲੋਂ ਡੇਰਾ ਸੌਦਾ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਫਰਜ਼ੀ ਹੈ। ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਸਿਮਰਨ ਸਿੰਘ ਨੇ ਸਾਡੇ ਨਾਲ ਗਲਬਾਤ ਕਰਦਿਆਂ ਇਸ ਵਾਇਰਲ ਕਟਿੰਗ ਨੂੰ ਫਰਜ਼ੀ ਦੱਸਿਆ ਹੈ ਅਤੇ ਕਿਹਾ ਹੈ ਕਿ ਆਪ ਦੇ ਕਿਸੇ ਵੀ ਲੀਡਰ ਵੱਲੋਂ ਡੇਰਾ ਸੌਦਾ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
Claim- Bhagwant Mann Praise Statement on Dera Sacha Sauda
Claimed By- FB User Kulwant Singh Cheema
Fact Check- Fake