Fact Check - BSNL ਵੱਲੋਂ ਨਹੀਂ ਜਾਰੀ ਕੀਤਾ ਗਿਆ ਖੇਤੀ ਕਾਨੂੰਨਾਂ ਦੇ ਹੱਕ ਵਿਚ ਵੋਟ ਪੈਣ ਵਾਲਾ ਲਿੰਕ
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲਿਆ। BSNL ਨੇ ਆਪ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਕਿਸਾਨੀ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਹੁਣ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ BSNL ਵੱਲੋਂ ਇਕ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਨੂੰ ਖੋਲ੍ਹਣ 'ਤੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਵੋਟ ਪੈ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ BSNL ਇਹ ਲਿੰਕ ਆਮ ਲੋਕਾਂ ਨੂੰ ਮੈਸੇਜ ਕਰ ਰਹੀ ਹੈ। ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲਿਆ। BSNL ਨੇ ਆਪ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
ਕੀ ਹੈ ਵਾਇਰਲ ਪੋਸਟ
ਟਵਿੱਟਰ ਅਕਾਉਂਟ Akaal MEDIA ਨੇ 26 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ''BSNL ਵੱਲੋਂ ਇੱਕ MESSAGE ਭੇਜਿਆ ਜਾ ਰਿਹਾ ਫੋਨ ਤੇ ਕਿ ਖੇਤੀ ਕਾਨੂੰਨ ਤੁਹਾਡੇ ਹੱਕ ਵਿੱਚ ਹੈ। ਨਾਲ ਇਕ LINK ਦਿੱਤਾ ।ਜਦੋ ਉਹ LINK ਖੋਲਦੇ ਆਂ ਤਾ ਸਾਡੀ vote ਪੈ ਜਾਂਦੀ ਆ ਖੇਤੀ ਕਾਨੂੰਨ ਦੇ ਹੱਕ ਵਿੱਚ। ਕਿਰਪਾ ਕਰਕੇ ਇਹ LINK ਨਾ ਖੋਲੋ।Folded handsਧੋਖੇ ਤੋਂ ਬਚੋ #BoycottRelianceProducts #BSNL #FarmersProtests #FarmBills20209''
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਇਸ ਵਾਇਰਲ ਪੋਸਟ ਬਾਰੇ ਗੂਗਲ 'ਤੇ ਕਾਫੀ ਸਰਚ ਕੀਤਾ ਪਰ ਸਾਨੂੰ ਇਸ ਬਾਰੇ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਜ਼ਿਕਰ ਕੀਤਾ ਗਿਆ ਹੋਵੇ ਕਿ BSNL ਵੱਲੋਂ ਕੋਈ ਲਿੰਕ ਜਾਰੀ ਕੀਤਾ ਗਿਆ ਹੈ ਤੇ ਉਸ ਨਾਲ ਖੇਤੀ ਕਾਨੂਨਾਂ ਦੇ ਹੱਕ ਵਿਚ ਵੋਟ ਪੈਂਦੀ ਹੋਵੇ।
ਫਿਰ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ BSNL ਦੇ CMD Pravin Kumar Purwar ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ BSNL ਵੱਲੋਂ ਅਜਿਹਾ ਕੋਈ ਵੀ ਲਿੰਕ ਨਹੀਂ ਜਾਰੀ ਕੀਤਾ ਗਿਆ ਹੈ। ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਤੋਂ BSNL ਦੇ DGM Om Perkash ਨਾਲ ਵੀ ਗੱਲ ਕੀਤੀ। ਉਹਨਾਂ ਨੇ ਵੀ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਸੋ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਦੱਸ ਦਈਏ ਕਿ ਕੁਝ ਦਿਨਾਂ ਪਹਿਲਾਂ BSNL ਦੇ ਕਰਮਚਾਰੀਆਂ ਵੱਲੋਂ ਕਿਸਾਨੀ ਸੰਘਰਸ਼ ਦਾ ਸਮਰਥਨ ਵੀ ਕੀਤਾ ਗਿਆ ਸੀ। ਇਸ ਮਾਮਲੇ ਨਾਲ ਜੁੜੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਹੈ। BSNL ਵੱਲੋਂ ਅਜਿਹਾ ਕੋਈ ਲਿੰਕ ਜਾਰੀ ਨਹੀਂ ਕੀਤਾ ਗਿਆ ਹੈ ਜਿਸਦੇ ਨਾਲ ਖੇਤੀ ਕਾਨੂੰਨਾਂ ਦੇ ਹੱਕ ਵਿਚ ਵੋਟ ਪੈਂਦੀ ਹੋਵੇ।
Claim - BSNL ਵੱਲੋਂ ਇਕ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਨੂੰ ਖੋਲ੍ਹਣ 'ਤੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਵੋਟ ਪੈ ਜਾਂਦੀ ਹੈ।
Claimed By - Akaal MEDIA
Fact Check - ਫਰਜ਼ੀ