ਤੱਥ ਜਾਂਚ: ਮੀਡੀਆ ਦੀ ਖ਼ਬਰ ਗੁੰਮਰਾਹਕੁਨ, ਹਿੰਦੂ ਸੈਨਾ ਦੀ ਅਗਵਾਈ ‘ਚ ਹੋਇਆ ਸੀ ਕਿਸਾਨਾਂ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਾਡੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ 28 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਕੀਤੇ ਗਏ ਕਿਸਾਨਾਂ ਦੇ ਵਿਰੋਧ ਦੀ ਅਗਵਾਈ ਹਿੰਦੂ ਸੈਨਾ ਵੱਲੋਂ ਕੀਤੀ ਗਈ ਸੀ।

Fact Check

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ 28 ਜਨਵਰੀ ਨੂੰ ਇਕ ਖ਼ਬਰ ਵਾਇਰਲ ਹੋਣੀ ਸ਼ੁਰੂ ਹੋਈ ਜਿਸ ਵਿਚ ਦਾਅਵਾ ਕੀਤਾ ਗਿਆ ਕਿ 26 ਜਨਵਰੀ 2021 ਨੂੰ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸਿੰਘੂ ਬਾਰਡਰ 'ਤੇ ਸਥਾਨਕ ਲੋਕਾਂ ਨੇ ਕਿਸਾਨਾਂ ਦਾ ਵਿਰੋਧ ਕੀਤਾ।ਇਸ ਖ਼ਬਰ ਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਵੱਲੋਂ ਕਵਰ ਕੀਤਾ ਗਿਆ ਅਤੇ ਉਨ੍ਹਾਂ ਨੇ ਵੀ ਇਸੇ ਦਾਅਵੇ ਨਾਲ ਖ਼ਬਰ ਨੂੰ ਚਲਾਇਆ ਕਿ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਗਿਆ।

ਸਾਡੀ ਪੜਤਾਲ ਵਿਚ ਸਾਹਮਣੇ ਆਇਆ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਕਿਸਾਨਾਂ ਦਾ ਵਿਰੋਧ ਸਥਾਨਕ ਲੋਕਾਂ ਵੱਲੋਂ ਤਾਂ ਕੀਤਾ ਗਿਆ ਪਰ ਇਸ ਪ੍ਰਦਰਸ਼ਨ ਨੂੰ ਹਿੰਦੂ ਸੈਨਾ ਵੱਲੋਂ ਚਲਾਇਆ ਗਿਆ ਸੀ।

ਵਾਇਰਲ ਖ਼ਬਰ

ANI ਨੇ ਇਸ ਘਟਨਾ ਦੀ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, "Delhi: Group of people claiming to be locals gather at Singhu border demanding that the area be vacated. Farmers have been camping at the site as part of their protest against #FarmLaws."'

ਇਸ ਤੋਂ ਬਾਅਦ ਇਸ ਖ਼ਬਰ ਨੂੰ ਹੋਰ ਕਈ ਮੀਡੀਆ ਏਜੰਸੀਆਂ ਨੇ ਇਸੇ ਦਾਅਵੇ ਨਾਲ ਸ਼ੇਅਰ ਕੀਤਾ। "Times Now,  CNN News18 ਅਤੇ India Today" ਆਦਿ ਨਿਊਜ਼ ਏਜੰਸੀਆਂ ਵੱਲੋਂ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ।

ਸਾਡੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 28 ਜਨਵਰੀ 2021 ਨੂੰ ਕੀਤਾ ਗਿਆ ਆਜਤਕ ਦਾ ਟਵੀਟ ਮਿਲਿਆ ਜਿਸ ਦਾ ਕੈਪਸ਼ਨ ਸੀ, "दिल्ली: हिंदू सेना संगठन और स्थानीय लोगों ने सिंघू बॉर्डर पर किसान आंदोलन के खिलाफ निकाला मार्च।"

https://twitter.com/aajtak/status/1354713261640470529

ਟਵੀਟ ਤੋਂ ਸਾਫ ਹੋਇਆ ਕਿ ਇਸ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਹਿੰਦੂ ਸੈਨਾ ਨੇ ਕੀਤੀ ਸੀ।

ਸਰਚ ਦੌਰਾਨ ਸਾਨੂੰ ਦਿੱਲੀ ਹਿੰਦੂ ਸੈਨਾ ਦੇ ਮੁਖੀ Vishnu Gupta ਦੇ ਟਵਿੱਟਰ ਅਕਾਊਂਟ 'ਤੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਰਿਲੀਜ਼ ਮਿਲੀ। ਇਸ ਟਵੀਟ ਵਿਚ ਪ੍ਰੈਸ ਰਿਲੀਜ਼ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "आज स्थानीय हिंदू सेना के कार्यकर्ताओ ने स्थानीय क्षेत्र वासियों के साथ मिलकर किसानों के बीच सिंघु बॉडर जाके खालिस्तानी समर्थको के खिलाफ जमके नारेबाजी क व किसानों से रोड खाली करने की अपील की"

ਇਸ ਟਵੀਟ ਵਿਚ ਵਿਸ਼ਨੂੰ ਗੁਪਤਾ ਨੇ ਆਜਤਕ ਦੀ ਖਬਰ ਦਾ ਵੀ ਸਕ੍ਰੀਨਸ਼ਾਟ ਲਾਇਆ ਹੋਇਆ ਸੀ। ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

https://twitter.com/VishnuGupta_HS/status/1354743620394381314

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਹਿੰਦੂ ਸੈਨਾ ਮੁਖੀ ਵਿਸ਼ਨੂੰ ਗੁਪਤਾ ਨੇ ਦੱਸਿਆ, ’26 ਜਨਵਰੀ ਵਾਲੇ ਦਿਨ ਜੋ ਘਟਨਾ ਵਾਪਰੀ ਉਹ ਮੰਦਭਾਗੀ ਰਹੀ। ਹਿੰਦੂ ਸੈਨਾ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਨਾਲ ਹੀ ਕੱਲ੍ਹ 28 ਜਨਵਰੀ ਹਿੰਦੂ ਸੈਨਾ ਅਤੇ ਸਥਾਨਕ ਲੋਕਾਂ ਨੇ ਸਿੰਘੂ ਬਾਰਡਰ ‘ਤੇ ਜਾ ਕੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਵਾਲਿਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।  ਅਸੀਂ ਇਸ ਸਬੰਧੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ'

ਨਤੀਜਾ: ਸਾਡੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ 28 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਕੀਤੇ ਗਏ ਕਿਸਾਨਾਂ ਦੇ ਵਿਰੋਧ ਦੀ ਅਗਵਾਈ ਹਿੰਦੂ ਸੈਨਾ ਵੱਲੋਂ ਕੀਤੀ ਗਈ ਸੀ। ਇਸ ਦੌਰਾਨ ਕੁਝ ਸਥਾਨਕ ਲੋਕ ਵੀ ਸ਼ਾਮਲ ਸਨ।

Claim: ਸਿੰਘੂ ਬਾਰਡਰ 'ਤੇ ਸਥਾਨਕ ਲੋਕਾਂ ਨੇ ਕਿਸਾਨਾਂ ਦਾ ਵਿਰੋਧ ਕੀਤਾ

Claim By: Several National Media

Fact Check: ਗੁੰਮਰਾਹਕੁਨ