Fact Check: ਰਾਸ਼ਟਰਪਤੀ ਦੇ ਅਕਸ ਨੂੰ ਖਰਾਬ ਕਰਨ ਲਈ ਵਾਇਰਲ ਕੀਤਾ ਰਿਹਾ ਅਪਮਾਨਜਨਕ ਪੋਸਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਰਾਸ਼ਟਰਪਤੀ ਦੇ ਹਾਲੀਆ ਕਾਨਪੁਰ ਦੌਰੇ ਦੀ ਹੈ ਜਦੋਂ ਰਾਮ ਨਾਥ ਕੋਵਿੰਦ ਨੇ ਆਪਣੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕੀਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਤਸਵੀਰ ਵੇਖੀ ਜਾ ਸਕਦੀ ਹੈ। ਇਸ ਤਸਵੀਰ ਵਿਚ ਰਾਮ ਨਾਥ ਕੋਵਿੰਦ ਜ਼ਮੀਨ ਨੂੰ ਝੁੱਕ ਕੇ ਨਮਸਕਾਰ ਕਰ ਰਹੇ ਹਨ। ਤਸਵੀਰ ਵਿਚ ਇਕ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਅਪਮਾਨਜਨਕ ਕੈਪਸ਼ਨ ਲਿਖਿਆ ਗਿਆ ਹੈ ਜਿਹੜਾ ਦੇਸ਼ ਦੇ ਰਾਸ਼ਟਰਪਤੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਕੈਪਸ਼ਨ ਅਨੁਸਾਰ ਜਾਤੀਵਾਦ ਟਿੱਪਣੀ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਯੋਗੀ ਆਦਿੱਤਿਆਨਾਥ ਦੇ ਪੈਰੀਂ ਪੈਣਗੇ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਰਾਸ਼ਟਰਪਤੀ ਦੇ ਹਾਲੀਆ ਕਾਨਪੁਰ ਦੌਰੇ ਦੀ ਹੈ ਜਦੋਂ ਰਾਮ ਨਾਥ ਕੋਵਿੰਦ ਨੇ ਆਪਣੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕੀਤਾ ਸੀ। ਹੁਣ ਉਸੇ ਤਸਵੀਰ ਨੂੰ ਫਰਜ਼ੀ ਜਾਤੀਵਾਦ ਐਂਗਲ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ ਭੂਤਾਂ ਵਾਲਾ ਪੇਜ ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਪੈਰੀ ਪੈਜਾ ਹੁਣ ਯਰ ਯੋਗੀ ਦੇ,ਡੰਡੋਤ ਕਰ ਡੰਡੋਤ! ਸੱਚ ਕਹਿ ਰਿਹਾ,ਮੈਨੂੰ ਤਾਂ ਨਾਮ ਹੀ ਚੇਤਾ ਭੁੱਲ ਗਿਆ ਕਿ ਭਾਰਤ ਦੇ ਰਾਸ਼ਟਰਪਤੀ ਦਾ ਨਾਮ ਕੀ ਆ?ਯਾਦ ਵੀ ਤਦੇ ਰਹੂ ਜੇ ਇਹਨੇ ਕੋਈ ਰਾਸ਼ਟਰਪਤੀ ਆਲਾ ਕੰਮ ਕਰਿਆ ਹੋਵੇ! ????????????"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Outlook ਦੀ 27 ਜੂਨ 2021 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਮਿਲੀ।
ਖਬਰ ਅਨੁਸਾਰ ਇਹ ਤਸਵੀਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹਾਲੀਆ ਕਾਨਪੁਰ ਦੌਰੇ ਦੀ ਹੈ ਜਦੋਂ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਦਾ ਦੌਰਾ ਕੀਤਾ ਸੀ। ਇਸ ਤਸਵੀਰ ਨੂੰ ਅਪਲੋਡ ਕਰਦੇ ਕੈਪਸ਼ਨ ਦਿੱਤਾ ਗਿਆ, "In a rare emotional gesture, after landing at the helipad near his village, President Ram Nath Kovind bowed and touched the soil to pay obeisance to the land of his birth."
ਇਹ ਤਸਵੀਰ ਕਾਨਪੁਰ ਅਧੀਨ ਪੈਂਦੇ ਪਿੰਡ ਪਰੌਖ ਦੀ ਹੈ ਜਦੋਂ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਪਿੰਡ ਦਾ ਦੌਰਾ ਕਰਨ 'ਤੇ ਰਾਮ ਨਾਥ ਕੋਵਿੰਦ ਭਾਵੁਕ ਹੋ ਗਏ ਸੀ ਅਤੇ ਉਨ੍ਹਾਂ ਨੇ ਆਪਣੇ ਜਨਮ ਅਸਥਾਨ ਦੀ ਮਿੱਟੀ ਦਾ ਅਸ਼ੀਰਵਾਦ ਲਿਆ ਸੀ।
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਦੇਸ਼ ਦੇ ਰਾਸ਼ਟਰਪਤੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਮਿਲੀ। 27 ਜੂਨ 2021 ਨੂੰ ਇਹ ਤਸਵੀਰ ਟਵੀਟ ਕਰਦਿਆਂ ਲਿਖਿਆ ਗਿਆ, "In a rare emotional gesture, after landing at the helipad near his village, Paraunkh of Kanpur Dehat district of Uttar Pradesh, President Ram Nath Kovind bowed and touched the soil to pay obeisance to the land of his birth."
ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਰਾਸ਼ਟਰਪਤੀ ਦੇ ਹਾਲੀਆ ਕਾਨਪੁਰ ਦੌਰੇ ਦੀ ਹੈ ਜਦੋਂ ਰਾਮ ਨਾਥ ਕੋਵਿੰਦ ਨੇ ਆਪਣੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕੀਤਾ ਸੀ। ਹੁਣ ਉਸੇ ਤਸਵੀਰ ਨੂੰ ਫਰਜ਼ੀ ਜਾਤੀਵਾਦ ਐਂਗਲ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Post defaming president
Claimed By- ਫੇਸਬੁੱਕ ਪੇਜ ਭੂਤਾਂ ਵਾਲਾ ਪੇਜ
Fact Check- Fake