Fact Check: ਤ੍ਰਿਪੁਰਾ ਹਿੰਸਾ ਦੇ ਨਾਂਅ ਤੋਂ ਵਾਇਰਲ ਹੋ ਰਹੀ ਇਹ ਵਾਇਰਲ ਪੋਸਟ ਗੁੰਮਰਾਹਕੁਨ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀਆਂ ਤਸਵੀਰਾਂ ਹਾਲੀਆ ਤ੍ਰਿਪੁਰਾ ਹਿੰਸਾ ਸਬੰਧ ਨਹੀਂ ਰੱਖਦੀਆਂ ਹਨ।

Fact Check Unrelated images shared in the name of recent Tripura Violence

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਕੁਝ ਤਸਵੀਰਾਂ ਦਾ ਇਸਤੇਮਾਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲੀਆ ਤ੍ਰਿਪੁਰਾ ਹਿੰਸਾ ਨਾਲ ਸਬੰਧਿਤ ਹਨ। ਇਨ੍ਹਾਂ ਤਸਵੀਰਾਂ ਵਿਚ ਟੁੱਟੇ ਮਕਾਨ, ਰੈਲੀ ਅਤੇ ਸੜਦੀਆਂ ਕਾਰਾਂ ਨੂੰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀਆਂ ਤਸਵੀਰਾਂ ਹਾਲੀਆ ਤ੍ਰਿਪੁਰਾ ਹਿੰਸਾ ਸਬੰਧ ਨਹੀਂ ਰੱਖਦੀਆਂ ਹਨ। ਵੱਖਰੇ-ਵੱਖਰੇ ਮਾਮਲਿਆਂ ਦੀ ਤਸਵੀਰਾਂ ਨੂੰ ਤ੍ਰਿਪੁਰਾ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਨਗਾਰਾ-2021" ਨੇ 4 ਤਸਵੀਰਾਂ ਨੂੰ ਪੋਸਟ ਕਰਦਿਆਂ ਲਿਖਿਆ, "ਤ੍ਰਿਪੁਰਾ ਸੂਬੇ ਵਿਚ ਹਿੰਦੂਤਵੀ ਬ੍ਰਹਾਮਣੀ (ਫਾਸੀਵਾਦੀ) ਧਾੜਵੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੁਸਲਿਮ ਭਾਈਚਾਰੇ ਉੱਤੇ ਖੂਨੀ ਹਮਲੇ ਕਰ ਰਹੇ ਹਨ। ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ, ਘਰ ਅਤੇ ਹੋਰ ਜੈਦਾਦਾਂ ਸਾੜੀਆਂ ਜਾ ਰਹੀਆਂ ਹਨ। ਗੋਦੀ ਮੀਡੀਆ ਪੂਰੀ ਤਰਾ ਚੁੱਪ ਹੈ। ਕੋਈ ਬਦਲਵਾਂ ਮੀਡੀਆ ਵੀ ਇਸ ਦੀ ਰਿਪੋਰਟ ਨਹੀਂ ਕਰ ਪਾ ਰਿਹਾ। ਮੁਸਲਿਮ ਲੋਕਾਂ ਦਾ ਜੀਵਨ ਦੋਜਖ ਵਿਚ ਤਬਦੀਲ ਕਰ ਦਿਤਾ ਗਿਆ ਹੈ। ਜਿਸ ਕਿਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਮਿਲ ਰਹੀਆਂ ਹਨ ਉਸ ਤੋਂ ਲੱਗਦਾ ਹੈ ਕਿ ਗੋਧਰਾ ਅਤੇ ਦਿੱਲੀ ਵਾਂਗ ਮੁਸਲਿਮ ਲੋਕਾਂ ਨੂੰ ਨਿਸ਼ਾਨਾ ਬਨਾਇਆ ਜਾ ਰਿਹਾ ਹੈ। ਇਹ ਕੁੱਝ ਪੰਜਾਬੀਆਂ ਨਾਲ ਦਿੱਲੀ ਵਿਚ 84 ਵੇਲੇ ਕੀਤਾ ਗਿਆ ਸੀ। ਅਸੀਂ ਇਹ ਸਮਝਦੇ ਹਾਂ ਕਿ ਲੋਕਾ ਖਿਲਾਫ ਕੋਈ ਵੀ ਧਾਰਮਿਕ, ਜਾਤੀ ਜਾ ਫਿਰਕੂ ਹਿੰਸਾ ਰਾਜਕੀ ਸ਼ਕਤੀਆਂ ਦੀ ਹਮਾਇਤ ਤੋਂ ਬਿਨਾਂ ਲੰਮਾ ਸਮਾਂ ਨਹੀਂ ਚਲਾਈ ਜਾ ਸਕਦੀ। ਇਹ ਹਮਲੇ ਮਹੀਨਾ ਕ ਪਹਿਲਾਂ ਸੀਪੀਆਈ ਅਤੇ ਸੀਪੀਐਮ ਦੇ ਦਫਤਰਾਂ, ਕਾਰਕੁਨਾਂ ਦੇ ਘਰਾਂ ਅਤੇ ਕਾਰਕੁਨਾਂ ਉੱਤੇ ਵੀ ਕੀਤੀ ਗਈ ਹੈ। ਬੀਜੇਪੀ ਤ੍ਰਿਪੁਰਾ ਵਿਚੋਂ ਆਪਣੇ ਰਾਜਨੀਤਿਕ ਵਿਰੋਧੀਆਂ  ਨੂੰ ਖਦੇੜ ਜਾਂ ਭੈਭੀਤ ਕਰਕੇ ਫਾਸੀਵਾਦੀ ਹਕੂਮਤ ਕਰਨ ਦੇ ਰਾਹ ਤੁਰੀ ਹੈ। ਬੀਜੇਪੀ ਇਸ ਸੂਬੇ ਨੂੰ ਫਾਸੀਵਾਦੀ ਲੈਬਾਟਰੀ ਵਜੋਂ ਵਰਤ ਰਹੀ ਹੈ। ਆਪਣੇ ਧਾੜਵੀਆਂ ਦਾ ਮਨੋ ਬਲ ਉੱਚਾ ਕਰ ਰਹੀ ਹੈ। ਅਜਹੇ ਹਮਲੇ ਜੱਥੇਬੰਦ ਕਰਕੇ ਨਿਪੁੰਨ ਬਨਾਉਣ ਲੱਗੀ ਹੋਈ ਹੈ। ਅਸੀਂ ਅਦਾਰੇ ਵੱਲੋਂ ਸਮੂਹ ਇਨਸਾਫ ਪਸੰਦ ਜਮਹੂਰੀ ਸ਼ਕਤੀਆਂ ਅਤੇ ਮਿਹਨਤਕਸ਼ ਲੋਕਾਈ ਨੂੰ ਅਪੀਲ ਕਰਦੇ ਹਾਂ ਕਿ ਇਸ ਕਿਸਮ ਦੀਆਂ ਫਾਸੀਵਾਦੀ ਅੱਤਵਾਦੀ ਗਤੀਵਿਧੀਆਂ ਦਾ ਵਿਰੋਧ ਕਰੋ।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਨ੍ਹਾਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਜਾਂਚਿਆ। 

ਪਹਿਲੀ ਤਸਵੀਰ

ਪਹਿਲੀ ਤਸਵੀਰ ਵਿਚ ਟੁੱਟੇ ਮਕਾਨਾਂ ਨੂੰ ਵੇਖਿਆ ਜਾ ਸਕਦਾ ਹੈ।

ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਸਥਾਨਕ ਪੰਜਾਬੀ ਨਿਊਜ਼ ਚੈੱਨਲ ਦੇ Youtube ਰਿਪੋਰਟ ਵਿਚ ਮਿਲੀ। ਇਹ Youtube ਵੀਡੀਓ 22 ਅਕਤੂਬਰ 2021 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਇਸਦਾ ਸਿਰਲੇਖ ਲਿਖਿਆ ਗਿਆ, "ਖਸਤਾ ਹਾਲਤ ਮਕਾਨ ਬਣਿਆ 5 ਲੋਕਾਂ ਦੀ ਕਬਰ | Voice Of 5Aab TV"

ਖਬਰ ਅਨੁਸਾਰ ਮਾਮਲਾ ਜੋਨਪੁਰ ਦਾ ਹੈ ਜਿਥੇ ਇੱਕ ਖਸਤਾਹਾਲ ਮਕਾਨ ਡਿੱਗ ਜਾਂਦਾ ਹੈ ਅਤੇ 5 ਲੋਕਾਂ ਦੀ ਮੌਤ ਹੋ ਜਾਂਦੀ ਹੈ।

ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਪੁਸ਼ਟੀ ਹੋਈ ਕਿ ਪਹਿਲੀ ਤਸਵੀਰ ਉੱਤਰ ਪ੍ਰਦੇਸ਼ ਦੇ ਜੋਨਪੁਰ ਦੀ ਹੈ ਜਿਥੇ ਮਕਾਨ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਅਮਰ ਉਜਾਲਾ ਦੀ ਖਬਰ ਵਿਚ ਇਸ ਮਕਾਨ ਦੀਆਂ ਹੋਰ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ।

ਦੂਜੀ ਤਸਵੀਰ

ਦੂਜੀ ਤਸਵੀਰ ਵਿਚ ਕਾਰਾਂ ਨੂੰ ਸੜਦੇ ਵੇਖਿਆ ਜਾ ਸਕਦਾ ਹੈ

ਇਸ ਤਸਵੀਰ ਦੀ ਪੜਤਾਲ ਵੀ ਅਸੀਂ ਰਿਵਰਸ ਇਮੇਜ ਨਾਲ ਕੀਤੀ। ਰਿਵਰਸ ਇਮੇਜ ਸਰਚ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਤ੍ਰਿਪੁਰਾ ਹਿੰਸਾ ਨਾਲ ਹੀ ਸਬੰਧ ਰੱਖਦੀ ਹੈ। ਇਸ ਤਸਵੀਰ ਨਾਲ ਪ੍ਰਕਾਸ਼ਿਤ ਸਾਨੂੰ ਕਈ ਖਬਰਾਂ ਮਿਲੀਆਂ। ਇਨ੍ਹਾਂ ਖਬਰਾਂ ਨੂੰ ਇਥੇ, ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਤੀਜੀ ਤਸਵੀਰ

ਤੀਜੀ ਤਸਵੀਰ ਵਿਚ ਸੜਕ 'ਤੇ ਲੋਕਾਂ ਦੀ ਭੀੜ ਨੂੰ ਚੀਜ਼ਾਂ ਨੂੰ ਅੱਗ ਲਾਉਂਦੇ ਵੇਖਿਆ ਜਾ ਸਕਦਾ ਹੈ।

ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੋਂ ਪਤਾ ਚਲਿਆ ਕਿ ਇਹ ਤਸਵੀਰ ਨਾਗਰਿਕਤਾ ਸੋਧ ਕਾਨੂੰਨਾਂ (Anti CAA Protest) ਕਰਕੇ ਹੋਏ ਦੰਗਿਆਂ ਨਾਲ ਸਬੰਧ ਰੱਖਦੀ ਹੈ। 

ਇਸ ਤਸਵੀਰ ਨੂੰ India Today ਨੇ 13 ਦਿਸੰਬਰ 2019 ਨੂੰ ਆਪਣੀ ਖਬਰ ਵਿਚ ਪ੍ਰਕਾਸ਼ਿਤ ਕੀਤਾ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਦਿਆਂ ਇਸਦਾ ਡਿਸਕ੍ਰਿਪਸ਼ਨ ਦਿੱਤਾ ਗਿਆ, "Protesters in Guwahati burn hoardings during their march against the Citizenship (Amendment) Bill which was passed in the Rajya Sabha on Wednesday. (Photo: PTI)"

ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ ਅਸਮ ਦੇ ਗੁਵਾਹਾਟੀ ਸ਼ਹਿਰ ਦੀ ਹੈ ਜਿਥੇ ਨਾਗਰਿਕਤਾ ਸੋਧ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੀ ਭੀੜ ਨੇ ਸੜਕ 'ਤੇ ਆ ਕੇ ਚੀਜ਼ਾਂ ਨੂੰ ਅੱਗ ਲਾਇਆ।

India Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਚੋਥੀ ਤਸਵੀਰ

ਚੋਥੀ ਤਸਵੀਰ ਵਿਚ ਭਗਵਾ ਝੰਡੇ ਫੜ੍ਹੇ ਲੋਕਾਂ ਨੂੰ ਰੈਲੀ ਕਰਦੇ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਰਿਵਰਸ ਇਮੇਜ ਕਰਨ 'ਤੇ ਪਤਾ ਚਲਿਆ ਕਿ ਇਹ ਤਸਵੀਰ ਵਿਸ਼ਵ ਹਿੰਦੂ ਪਰਿਸ਼ਦ ਦੀ ਰੈਲੀ ਨਾਲ ਸਬੰਧ ਰੱਖਦੀ ਹੈ ਜਿਸਨੂੰ ਰਾਮ ਨਵਮੀ ਵਾਲੇ ਦਿਨ 25 ਮਾਰਚ 2018 ਨੂੰ ਬੰਗਾਲ ਵਿਚ ਕੱਢਿਆ ਗਿਆ ਸੀ। ਇਹ ਤਸਵੀਰ ਸਾਨੂੰ 17 ਮਾਰਚ 2018 ਦੀ ਹਿੰਦੁਸਤਾਨ ਟਾਇਮਸ ਦੀ ਰਿਪੋਰਟ ਵਿਚ ਪ੍ਰਕਾਸ਼ਿਤ ਮਿਲੀ। ਇਸ ਤਸਵੀਰ ਹੇਠਾਂ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ, "VHP supporters take out a religious procession to celebrate Ram Navami in, Jadavpur area in Kolkata, on March 25, 2018.(Samir Jana/HT Photo)"

ਮਤਲਬ ਸਾਫ ਸੀ ਕਿ ਇਹ ਤਸਵੀਰ ਵੀ ਤ੍ਰਿਪੁਰਾ ਦੀ ਨਹੀਂ ਹੈ।

ਹਾਲਾਂਕਿ ਸਾਨੂੰ ਆਪਣੀ ਸਰਚ ਦੌਰਾਨ ਟਾਇਮਸ ਆਫ ਇੰਡੀਆ ਦੀ ਇੱਕ ਹਾਲੀਆ ਖਬਰ ਮਿਲੀ ਜਿਸਤੋਂ ਪੁਸ਼ਟੀ ਹੁੰਦੀ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਤ੍ਰਿਪੁਰਾ ਵਿਚ ਹਾਲੀਆ ਰੈਲੀਆਂ ਕੱਢੀਆਂ ਹਨ।

ਸਾਡੀ ਇਨ੍ਹਾਂ ਤਸਵੀਰਾਂ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ 4 ਵਿਚੋ 3 ਤਸਵੀਰਾਂ ਦਾ ਹਾਲੀਆ ਤ੍ਰਿਪੁਰਾ ਹਿੰਸਾ ਨਾਲ ਕੋਈ ਵੀ ਸਬੰਧ ਨਹੀਂ ਹੈ।

"ਕੁਝ ਦਿਨਾਂ ਪਹਿਲਾਂ ਬੰਗਲਾਦੇਸ਼ ਵਿਚ ਹਿੰਦੂ ਮੰਦਿਰਾਂ 'ਚ ਤੋੜਫੋੜ ਦੀ ਖਬਰ ਸਾਹਮਣੇ ਆਈ ਜਿਸਨੇ ਹਿੰਦੂ ਧਰਮ ਵਿਚ ਰੋਸ਼ ਪੈਦਾ ਕੀਤਾ। ਹੁਣ ਇਸੇ ਰੋਸ਼ ਕਰਕੇ ਤ੍ਰਿਪੁਰਾ ਵਿਚ ਮੁਸਲਮਾਨਾਂ ਖਿਲਾਫ ਹਿੰਸਾ ਭੜਕਾਈ ਗਈ ਅਤੇ ਓਥੇ ਮਸਜਿਦਾਂ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀਆਂ ਤਸਵੀਰਾਂ ਹਾਲੀਆ ਤ੍ਰਿਪੁਰਾ ਹਿੰਸਾ ਸਬੰਧ ਨਹੀਂ ਰੱਖਦੀਆਂ ਹਨ। ਵੱਖਰੇ-ਵੱਖਰੇ ਮਾਮਲਿਆਂ ਦੀ ਤਸਵੀਰਾਂ ਨੂੰ ਤ੍ਰਿਪੁਰਾ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Images of Recent riots in Tripura
Claimed By- FB Page ਨਗਾਰਾ-2021
Fact Check- Misleading