Fact Check: ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਨਹੀਂ ਹੋਇਆ ਕੋਈ ਹਮਲਾ, ਵਾਇਰਲ ਇਹ ਪੋਸਟ ਫਰਜ਼ੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ। 2015 'ਚ ਹੋਏ ਇੱਕ ਮਾਮਲੇ ਦੀ ਤਸਵੀਰ ਨੂੰ ਭਾਈ ਰਣਜੀਤ ਸਿੰਘ ਨਾਲ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Fake Post Going Viral Claiming Bhai Ranjeet singh Attacked Recently

RSFC (Team Mohali)- ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਪੱਗ ਦੀ ਬੇਅਦਬੀ ਕੀਤੀ ਗਈ ਹੈ। ਇਸ ਕੋਲਾਜ ਵਿਚ ਇੱਕ ਤਸਵੀਰ ਵਿਚ ਕਿਸੇ ਸਿੱਖ ਵਿਅਕਤੀ ਨੂੰ ਇੱਕ ਦੂਜੇ ਸਿੱਖ ਵਿਅਕਤੀ ਦੇ ਥੱਪੜ ਮਾਰਦੇ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ। 2015 'ਚ ਹੋਏ ਇੱਕ ਮਾਮਲੇ ਦੀ ਤਸਵੀਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Aaap party pap party" ਨੇ 30 ਨਵੰਬਰ 2022 ਨੂੰ ਵਾਇਰਲ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "ਢੱਡਰੀ ਵਲੋਂ...ਗੁਰੂ ਸਾਹਿਬ ਜੀ ਦੀ ਨਿੰਦਿਆ ਕਰਨ ਤੇ....ਗੁੱਸੇ ਚੇ ਆਏ ਇੱਕ ਸਿੰਘ ਨੇ....ਢੱਡਰੀ ਦੇ ਮੂੰਹ ਦੇ ਜੜਿਆ ਥੱਪੜ ਤੇ ਲਾਹੀ ਪੱਗ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਦੀ Google Reverse Image ਟੂਲ ਜ਼ਰੀਏ ਜਾਂਚ ਕੀਤੀ। 

ਪਹਿਲੀ ਤਸਵੀਰ

ਪਹਿਲੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਪਤਾ ਚਲਿਆ ਕਿ ਇਹ ਤਸਵੀਰ ਅਪ੍ਰੈਲ 2015 ਚ ਵਾਪਰੇ ਇੱਕ ਮਾਮਲੇ ਦੀ ਹੈ। ਸਾਨੂੰ ਇਹ ਤਸਵੀਰ India Today ਦੀ 27 ਅਪ੍ਰੈਲ 2015 ਦੀ ਖਬਰ ਵਿਚ ਅਪਲੋਡ ਮਿਲੀ। ਇਸ ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, "Elderly Sikhs beaten up for reciting the Guru Granth Sahib"

ਖਬਰ ਅਨੁਸਾਰ ਮਾਮਲਾ ਕਪੂਰਥਲਾ ਦਾ ਸੀ ਜਿਥੇ ਅਪ੍ਰੈਲ 2015 'ਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਕੁਝ ਪਾਠੀਆਂ ਦੀ ਕੁੱਟਮਾਰ ਕੀਤੀ ਗਈ ਅਤੇ ਉਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ। ਇਹ ਘਟਨਾ ਸਿਰਫ ਇਸ ਗੱਲ ਕਰਕੇ ਵਾਪਰੀ ਕਿਉਂਕਿ ਸਤਿਕਾਰ ਕਮੇਟੀ ਦੇ ਸਿੰਘ ਪਾਠੀਆਂ ਵੱਲੋਂ ਜਠੇਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੋਂ ਨਰਾਜ਼ ਸਨ।

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਘਟਨਾ ਦੀ ਨਿਖੇਧੀ SGPC ਦੇ ਸਾਬਕਾ ਪ੍ਰਧਾਨ ਮਰਹੂਮ ਗਿਆਨੀ ਜੱਥੇਦਾਰ ਅਵਤਾਰ ਸਿੰਘ ਵੱਲੋਂ ਵੀ ਕੀਤੀ ਗਈ ਸੀ। ਇਸ ਮਾਮਲੇ ਦੀ ਨਿਖੇਦੀ ਨੂੰ ਲੈ ਕੇ SGPC ਦੀ ਵੈੱਬਸਾਈਟ 'ਤੇ ਮੌਜੂਦ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਦੂਜੀ ਤਸਵੀਰ

ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ ਪਰ ਇਸ ਤਸਵੀਰ ਦੇ ਬਾਰੇ ਵਿੱਚ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਹਾਲਾਂਕਿ ਸਾਨੂੰ ਕੀਵਰਡ ਸਰਚ ਜਰੀਏ ਇਹ ਜਾਣਕਾਰੀ ਮਿਲੀ ਕਿ 2016 'ਚ ਲੁਧਿਆਣਾ ਵਿਖੇ ਰਣਜੀਤ ਸਿੰਘ 'ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀਡੀਓ ਜਾਰੀ ਕਰ ਅਪੀਲ ਕੀਤੀ ਸੀ ਅਤੇ ਜੇਕਰ ਉਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਉਸ ਸਮੇਂ ਰਣਜੀਤ ਸਿੰਘ ਨੇ ਜਿਹੜੇ ਕੱਪੜੇ ਪਾਏ ਹੋਏ ਸਨ ਉਹ ਵਾਇਰਲ ਤਸਵੀਰ ਨਾਲ ਮੈਚ ਕਰ ਰਹੇ ਹਨ ਪਰ ਉਨ੍ਹਾਂ ਦੀ ਪੱਗ ਨਾਲ ਕੋਈ ਬੇਅਦਬੀ ਨਹੀਂ ਹੋਈ ਸੀ।

ਮਤਲਬ ਸਾਫ ਸੀ ਕਿ ਵਾਇਰਲ ਦੂਜੀ ਤਸਵੀਰ ਐਡੀਟੇਡ ਹੈ।

"ਹੁਣ ਅਸੀਂ ਮਾਮਲੇ ਨੂੰ ਲੈ ਕੇ ਅਧਿਕਾਰਕ ਪੁਸ਼ਟੀ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮੈਨੇਜਰ ਕੁਲਦੀਪ ਸਿੰਘ ਨਾਲ ਗੱਲ ਕੀਤੀ। ਕੁਲਦੀਪ ਨੇ ਵਾਇਰਲ ਪੋਸਟ ਦੇਖਦਿਆਂ ਇਸਨੂੰ ਫਰਜ਼ੀ ਦੱਸਿਆ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ। 2015 'ਚ ਹੋਏ ਇੱਕ ਮਾਮਲੇ ਦੀ ਤਸਵੀਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Sikh Preacher Ranjit Singh Dhadrianwale Beaten Up Recently
Claimed By- FB Page Aaap party pap party
Fact Check- Fake