ਨਰਿੰਦਰ ਤੋਮਰ ਬੋਲੇ - MSP ਕਮੇਟੀ ਨਾ ਬਣਨ ਲਈ SKM ਜ਼ਿੰਮੇਵਾਰ ਤਾਂ ਕਿਸਾਨ ਆਗੂ ਨੇ ਦਿਤਾ ਇਹ ਜਵਾਬ, ਪੜ੍ਹੋ ਵੇਰਵਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

MSP ਸਬੰਧੀ ਕਮੇਟੀ ਬਣਾਉਣ ਦਾ ਕੰਮ ਅੱਧ ਵਿਚਾਲੇ ਲਟਕਿਆ!

Narendra Singh Tomar

MSP ਕਮੇਟੀ ਲਈ ਕਿਸਾਨ ਨੁਮਾਇੰਦਿਆਂ ਦੇ ਨਾਮ ਨਹੀਂ ਮਿਲੇ - ਨਰਿੰਦਰ ਸਿੰਘ ਤੋਮਰ 
MSP ਕਮੇਟੀ ਬਾਰੇ ਸਰਕਾਰ ਨੂੰ ਲਿਖੀ ਚਿੱਠੀ ਦਾ ਜਵਾਬ ਅੱਜ ਤੱਕ ਨਹੀਂ ਆਇਆ - ਗੁਰਨਾਮ ਸਿੰਘ ਚੜੂਨੀ
ਚੰਡੀਗੜ੍ਹ : ਕਿਸਾਨਾਂ ਵਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰ MSP ਸਬੰਧੀ ਫੈਸਲੇ ਲੈਣ ਬਾਬਤ ਕਮੇਟੀ ਬਣਾਉਣ ਦਾ ਇਹ ਕੰਮ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ।

ਅੱਜ ਇਸ ਮੁੱਦੇ ਬਾਰੇ ਬੋਲਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ MSP ਦਾ ਫੈਸਲਾ ਕਰਨ ਸਬੰਧੀ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਪਰ ਸੰਯੁਕਤ ਕਿਸਾਨ ਮੋਰਚੇ ਵਲੋਂ ਕਮੇਟੀ ਲਈ ਆਪਣੇ ਕਿਸਾਨ ਨੁਮਾਇੰਦਿਆਂ ਦੇ ਨਾਮ ਨਹੀਂ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਨਾਮ ਮਿਲਣ ਮਗਰੋਂ MSP ਕਮੇਟੀ ਦਾ ਗਠਨ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਦੀ ਸਾਬਕਾ ਬੁਲਾਰੀ ਨੂਪੁਰ ਸ਼ਰਮਾ ਬਾਰੇ ਪੁੱਛੇ ਗਏ ਸਵਾਲ ਬਾਰੇ ਬੋਲਣ ਤੋਂ ਉਨ੍ਹਾਂ ਨੇ ਕਿਨਾਰਾ ਕੀਤਾ।

MSP ਕਮੇਟੀ ਬਾਰੇ ਖੇਤੀਬਾੜੀ ਮੰਤਰੀ ਤੋਮਰ ਦੇ ਬਿਆਨ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ  MSP 'ਤੇ ਬਣਨ ਵਾਲੀ ਕਮੇਟੀ ਦੀ ਵਿਸਥਾਰ ਜਾਣਕਾਰੀ ਲਈ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ। ਚਿੱਠੀ ਵਿਚ ਪੁੱਛਿਆ ਗਿਆ ਸੀ ਕਿ ਇਸ ਕਮੇਟੀ ਦੀ ਭੂਮਿਕਾ ਕੀ ਹੋਵੇਗੀ, ਕਿੰਨੇ ਦਿਨ ਵਿਚ ਫ਼ੈਸਲਾ ਲਵੇਗੀ, ਸਰਕਾਰ ਇਸ ਕਮੇਟੀ ਦੀ ਗੱਲ ਮੰਨੇਗੀ ਵੀ ਜਾਂ ਨਹੀਂ ਆਦਿ ਪਰ ਅੱਜ ਤੱਕ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਦਿਤਾ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ MSP ਨਹੀਂ ਦੇਣਾ ਚਾਹੁੰਦੀ ਸਗੋਂ ਮੁੱਦੇ ਤੋਂ ਭਟਕਾਉਣ ਚਾਹੁੰਦੀ ਹੈ। ਆਪਣੀ ਗੱਲ ਨੂੰ ਵੱਡਾ ਦਰਸਾਉਣ ਲਈ ਇਹ ਕਿਸੇ ਵੀ ਹੱਦ ਤੱਕ ਝੂਠ ਬੋਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਅਤੇ ਖੇਤੀ ਨੂੰ ਬਰਬਾਦ ਕਰ ਰਹੇ ਹਨ।