ਮਜ਼ਦੂਰਾਂ ਦੀ ਕਮੀ ਦੇ ਚਲਦੇ ਝੋਨੇ ਹੇਠਲਾ ਰਕਬਾ ਘਟਣ ਦੇ ਆਸਾਰ
ਕੋਰੋਨਾ ਮਹਾਂਮਾਰੀ ਦੌਰਾਨ ਝੋਨਾ ਲਗਾਉਣ ਨੂੰ ਲੈ ਕੇ ਪੰਜਾਬ ਦੇ ਕਿਸਾਨ ਚਿੰਤਾ 'ਚ ਡੁੱਬ ਗਏ ਹਨ
ਬਠਿੰਡਾ, 1 ਮਈ (ਸੁਖਜਿੰਦਰ ਮਾਨ): ਕੋਰੋਨਾ ਮਹਾਂਮਾਰੀ ਦੌਰਾਨ ਝੋਨਾ ਲਗਾਉਣ ਨੂੰ ਲੈ ਕੇ ਪੰਜਾਬ ਦੇ ਕਿਸਾਨ ਚਿੰਤਾ 'ਚ ਡੁੱਬ ਗਏ ਹਨ। ਪਹਿਲਾਂ ਹੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ 'ਤੇ ਲੱਗੀ ਰੋਕ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਵਲੋਂ ਵਾਪਸੀ ਦੀ ਝਾਕ 'ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਲਈ ਰਾਹ ਖੋਲ੍ਹਣ 'ਤੇ ਕਿਸਾਨਾਂ ਲਈ ਹੋਰ ਵੱਡੀ ਮੁਸੀਬਤ ਖੜੀ ਹੋ ਗਈ ਹੈ। ਸੂਚਨਾ ਮੁਤਾਬਕ ਪੰਜਾਬੀ ਮਜ਼ਦੂਰ ਝੋਨੇ ਦੀ ਲਗਾਈ ਲਈ ਤਿਆਰ ਹਨ ਪਰ ਉਨ੍ਹਾਂ ਵਲੋਂ ਮੰਗੇ ਜਾ ਰਹੇ ਮਿਹਨਤਾਨੇ ਕਿਸਾਨਾਂ ਲਈ ਵੀ ਵਾਰੇ ਨਹੀਂ ਖਾ ਰਹੇ ਹਨ।
ਉਂਜ ਸੂਬੇ 'ਚ ਬਾਸਮਤੀ ਸਹਿਤ ਸੰਭਾਵਤ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਗਾਈ ਲਈ ਵੱਡੀ ਪੱਧਰ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਵੀ ਜ਼ਰੂਰਤ ਪੈਣੀ ਹੈ। ਹਾਲਾਂਕਿ ਸਰਕਾਰੀ ਹਲਕਿਆਂ ਨੂੰ ਉਮੀਦ ਹੈ ਕਿ ਕਣਕ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਮੰਡੀਆਂ 'ਚ ਲੱਗੀ ਲੇਬਰ ਤੋਂ ਇਲਾਵਾ ਪਿੰਡਾਂ 'ਚ ਨਰੇਗਾ ਨਾਲ ਸਬੰਧਤ ਰਜਿਟਰਡ ਮਜ਼ਦੂਰਾਂ ਸਹਿਤ ਆੜਤੀਆਂ ਕੋਲ ਉਪਲਬਧ ਲੇਬਰ ਇਸ ਕੰਮ ਵਿਚ ਸਹਾਈ ਹੋਵੇਗੀ। ਗੌਰਤਲਬ ਹੈ ਕਿ ਸੂਬੇ 'ਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਮੰਨਿਆਂ ਜਾਂਦਾ ਹੈ। ਹਾਲਾਂਕਿ ਬਠਿੰਡਾ ਪੱਟੀ ਦੇ ਕੁੱਝ ਜ਼ਿਲ੍ਹਿਆਂ 'ਚ ਨਰਮਾ ਵੀ ਬੀਜਿਆ ਜਾਂਦਾ ਹੈ ਪ੍ਰੰਤੂ ਕਿਸਾਨਾਂ ਦਾ ਜ਼ਿਆਦਾ ਦਾਰੋਮਦਾਰ ਝੋਨੇ ਦੀ ਫ਼ਸਲ ਉਪਰ ਹੀ ਰਹਿੰਦਾ ਹੈ।
ਪਿਛਲੇ ਸੀਜ਼ਨ ਦੌਰਾਨ ਬਾਸਮਤੀ ਸਹਿਤ ਪੰਜਾਬ ਦੇ 29.30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਸੀ। ਪ੍ਰੰਤੂ ਇਸ ਵਾਰ ਝੋਨੇ ਹੇਠ ਰਕਬੇ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਖੇਤੀਬਾੜੀ ਮਾਹਰਾਂ ਨੂੰ ਉਮੀਦ ਹੈ ਕਿ ਇਸ ਵਾਰ ਨਰਮੇ ਤੇ ਹੋਰ ਬਦਲਵੀਆਂ ਫ਼ਸਲਾਂ ਹੇਠ ਰਕਬਾ ਵਧਣ ਦੇ ਚੱਲਦੇ ਝੋਨੇ ਹੇਠਲਾ ਰਕਬਾ ਘਟ ਸਕਦਾ ਹੈ। ਕੁਦਰਤੀ ਕਹਿਰ ਤੋਂ ਇਲਾਵਾ ਮਜ਼ਦੂਰਾਂ ਦੀ ਕਮੀ ਅਤੇ ਸਰਕਾਰ ਵਲੋਂ ਪੂਸਾ ਕਿਸਮ ਦੀ ਬੀਜਾਈ ਉਪਰ ਪਾਬੰਦੀ ਕਾਰਨ ਕਿਸਾਨਾਂ ਵਲੋਂ ਇਸ ਤੋਂ ਪਾਸਾ ਵੱਟਿਆ ਜਾ ਸਕਦਾ ਹੈ।
ਖੇਤੀਬਾੜੀ ਵਿਭਾਗ ਵਲੋਂ ਇਸ ਵਾਰ ਬਾਸਮਤੀ ਹੇਠ ਰਕਬੇ ਨੂੰ ਪਿਛਲੇ ਸਾਲ ਨਾਲੋਂ 70 ਹਜ਼ਾਰ ਹੈਕਟੇਅਰ ਵਧਾ ਕੇ 7 ਲੱਖ ਹੈਕਟੇਅਰ, ਮੱਕੀ ਨੂੰ 1.60 ਲੱਖ ਹੈਕਟੇਅਰ ਤੋਂ ਵਧਾ ਕੇ 3 ਲੱਖ ਹੈਕਟੇਅਰ ਅਤੇ ਨਰਮੇ ਨੂੰ 4 ਲੱਖ ਹੈਕਟੇਅਰ ਤੋਂ ਵਧਾ ਕੇ ਸਾਢੇ ਪੰਜ ਲੱਖ ਹੈਕਟੇਅਰ ਤਕ ਲਿਜਾਣ ਦੀ ਯੋਜਨਾ ਹੈ। ਇਸ ਦੇ ਲਈ ਉਪਰ ਤੋਂ ਲੈ ਕੇ ਹੇਠਲੇ ਪੱਧਰ ਤਕ ਮਿਹਨਤ ਕੀਤੀ ਜਾ ਰਹੀ ਹੈ। ਖੇਤੀ ਮਾਹਰਾਂ ਮੁਤਾਬਕ ਜੇਕਰ ਖੇਤੀਬਾੜੀ ਵਿਭਾਗ ਅਪਣੇ ਉਕਤ ਟੀਚੇ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਬਾਸਮਤੀ ਨੂੰ ਝੋਨੇ ਹੇਠਲਾ ਰਕਬਾ 20 ਲੱਖ ਹੈਕਟੇਅਰ ਤਕ ਪੁੱਜ ਸਕਦਾ ਹੈ।
ਉਧਰ ਝੋਨੇ ਦੀ ਲਗਾਈ ਦੌਰਾਨ ਮਜ਼ਦੂਰਾਂ ਦੀ ਸੰਭਾਵਤ ਕਮੀ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਵਲੋਂ ਸਿੱਧੀ ਬਿਜਾਈ 'ਤੇ ਜ਼ੋਰ ਪਾਇਆ ਜਾ ਰਿਹਾ। ਹਾਲਾਂਕਿ ਕਿਸਾਨਾਂ ਦਾ ਤਰਕ ਹੈ ਕਿ ਸਿੱਧੀ ਬੀਜਾਈ ਨਾਲ ਝੋਨੇ ਦੇ ਝਾੜ ਉਪਰ ਅਸਰ ਪੈਦਾ ਹੈ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਮੁਤਾਬਕ ਬੇਸ਼ੱਕ ਪਿਛਲੇ ਸਾਲ ਨਰਮੇ ਦੀ ਫ਼ਸਲ ਵਧੀਆਂ ਹੋਈ ਸੀ, ਜਿਸ ਦਾ ਅਸਰ ਹੁਣ ਬੀਜਾਈ 'ਤੇ ਪੈ ਰਿਹਾ ਹੈ ਪ੍ਰੰਤੂ ਇਸ ਦੇ ਐਲਾਨੇ ਘੱਟੋ-ਘੱਟ ਭਾਅ ਤੋਂ ਵੀ ਹੇਠਾਂ ਨਰਮਾ ਵਿਕਣ ਕਾਰਨ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਤੀ ਵਿਭੰਨਤਾ ਨੀਤੀ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੀਆਂ ਕੁਦਰਤੀ ਫ਼ਸਲਾਂ ਦੇ ਬੀਜਾਂ ਉਪਰ ਸਬਸਿਡੀ ਦੇਵੇ। ਇਸ ਦੇ ਨਾਲ ਹੀ ਇੰਨ੍ਹਾਂ ਫ਼ਸਲਾਂ ਦੇ ਮੰਡੀਕਰਨ ਨੂੰ ਵੀ ਯਕੀਨੀ ਬਣਾਏ। ਉਧਰ ਇਹ ਵੀ ਪਤਾ ਚਲਿਆ ਹੈ ਕਿ ਝੋਨੇ ਦੀ ਲਗਾਈ 'ਚ ਸੰਭਾਵਿਤ ਦਿੱਕਤਾਂ ਨੂੰ ਦੇਖਦੇ ਹੋਏ ਜ਼ਮੀਨ ਮਾਲਕਾਂ ਅਤੇ ਚਕੌਤੇ 'ਤੇ ਲੈਣ ਵਾਲਿਆਂ ਵਿਚਕਾਰ ਵੀ ਜ਼ਮੀਨਾਂ ਦੇ ਠੇਕੇ ਨੂੰ ਲੈ ਕੇ ਵਿਵਾਦ ਉਠ ਰਹੇ ਹਨ। ਜ਼ਿਆਦਾ ਕਿਸਾਨਾਂ ਵਲੋਂ ਖੇਤ ਵਿਚ ਝੋਨੇ ਦੀ ਲਗਾਈ ਹੋਣ 'ਤੇ ਹੀ ਪਹਿਲੀ ਕਿਸ਼ਤ ਦੇਣ ਬਾਰੇ ਕਿਹਾ ਜਾ ਰਿਹਾ ਹੈ। ਜਦੋਂਕਿ ਜ਼ਮੀਨ ਮਾਲਕਾਂ ਨੂੰ ਵੀ ਅਪਣੀ ਜ਼ਮੀਨ ਠੇਕੇ 'ਤੇ ਲੱਗਣ ਨੂੰ ਲੈ ਕੇ ਅਨਿਸਚਿਤਾ ਵਾਲਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ।