ਕਿਸਾਨਾਂ ’ਤੇ ਇੱਕ ਹੋਰ ਆਰਥਿਕ ਬੋਝ! DAP ਤੋਂ ਬਾਅਦ ਕੇਂਦਰ ਨੇ ਚੁੱਪ ਚੁਪੀਤੇ ਵਧਾਈ ਪੋਟਾਸ਼ ਦੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹੁਣ ਕਿਸਾਨਾਂ ਨੂੰ 50 ਕਿਲੋ ਪੋਟਾਸ਼ ਦਾ ਗੱਟਾ 1100 ਦੀ ਥਾਂ 1700 ਰੁਪਏ ਵਿਚ ਮਿਲੇਗਾ

Potash Fertilizer Price hike

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਦੇ ਫ਼ੈਸਲੇ ਬਾਅਦ ਡੀ.ਏ.ਪੀ. ਖਾਦ ਦੀਆਂ ਕੀਮਤਾਂ ਵਿਚ ਵਾਧੇ ਮਗਰੋਂ ਹੁਣ ਖਾਦ ਕੰਪਨੀਆਂ ਨੇ ਚੁੱਪ ਚੁਪੀਤੇ ਹੀ ਪੋਟਾਸ਼ ਦੀਆਂ ਕੀਮਤਾਂ ਵਿਚ ਵੀ ਵਾਧਾ ਕਰ ਦਿਤਾ ਹੈ। ਕਿਸਾਨ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹਨ ਪਰ ਖਾਦ ਕੰਪਨੀਆਂ ਨੇ ਡੀ.ਏ.ਪੀ ਅਤੇ ਪੋਟਾਸ਼ ਦੀਆਂ ਕੀਮਤਾਂ ਵਿਚ ਵਾਧੇ ਨਾਲ ਇਨ੍ਹਾਂ ਦੀ ਆਉਣ ਵਾਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਪ੍ਰੇਸ਼ਾਨੀ ਹੋਰ ਵਧਾ ਦਿਤੀ ਹੈ।

Potash Fertilizer Price hike

ਮਿਲੀ ਜਾਣਕਾਰੀ ਮੁਤਾਬਕ ਖਾਦ ਕੰਪਨੀਆਂ ਨੇ ਹੁਣ ਕੇਂਦਰ ਦੀ ਪ੍ਰਵਾਨਗੀ ਬਾਅਦ ਪੋਟਾਸ਼ ਦੀ ਕੀਮਤ ਵਿਚ 50 ਕਿਲੋ ਦੇ ਗੱਟੇ ਵਿਚ 600 ਰੁਪਏ ਦਾ ਵਾਧਾ ਕੀਤਾ ਹੈ। ਪਹਿਲਾਂ ਇਹ ਰੇਟ 1100 ਰੁਪਏ ਸੀ ਜੋ ਹੁਣ 1700 ਰੁਪਏ ਪ੍ਰਤੀ ਗੱਟਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡੀ.ਏ.ਪੀ. ਦੀ ਕੀਮਤ ਵਿਚ ਪਿਛਲੇ ਦਿਨਾਂ ਵਿਚ 150 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਾਉਣੀ ਦੀ ਫ਼ਸਲ ਦੀ ਬੀਜਾਈ ਬਾਅਦ ਦੇਸ਼ ਭਰ ਵਿਚ 9.81 ਲੱਖ ਟਨ ਪੋਟਾਸ਼ ਅਤੇ 58.82 ਲੱਖ ਟਨ ਡੀ.ਏ.ਪੀ. ਦੀ ਖਪਤ ਹੋਈ ਹੈ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੋਟਾਸ਼ ਦੀ ਕੀਮਤ ਵਿਚ ਭਾਰੀ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਪਾਸੇ ਕੇਂਦਰ ਸਰਕਾਰ ਸਬਸਿਡੀ ਵਧਾਉਣ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਖਾਦਾਂ ਦੇ ਰੇਟਾਂ ਵਿਚ ਵੱਡੇ ਵਾਧੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਬਸਿਡੀ ਵਿਚ ਵਾਧਾ ਵੀ ਬਹੁਤ ਘੱਟ ਹੈ ਅਤੇ ਇਸ ਲਈ ਘੱਟੋ ਘੱਟ 3 ਲੱਖ ਕਰੋੜ ਰੁਪਏ ਦਾ ਬਜਟ ਰਖਿਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਪੋਟਾਸ਼ ਤੇ ਡੀ.ਏ.ਪੀ. ਵਿਚ ਵਾਧੇ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ।