Farming News: ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ, ਖੇਤਾਂ ਵਿਚ ਖੜੀ ਫ਼ਸਲ ਵਿਛੀ
Farming News: ਮੀਂਹ ਤੇ ਗੜੇਮਾਰੀ ਨਾਲ ਕਣਕ ਦੇ ਝਾੜ 'ਤੇ ਪੈ ਸਕਦੈ ਅਸਰ
Unseasonal rain and hail have raised the concern of farmers News: ਪਿਛਲੇ ਦੋ ਦਿਨਾਂ ਤੋਂ ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਸਰ੍ਹੋਂ, ਕਣਕ, ਫਲਾਂ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਿਸਾਨ ਪ੍ਰੇਸ਼ਾਨ ਹਨ। ਅਧਿਕਾਰੀਆਂ ਅਨੁਸਾਰ, ਇਹ 10 ਦਿਨਾਂ ਦੇ ਅੰਦਰ ਖ਼ਰਾਬ ਮੌਸਮ ਦੀ ਦੂਜੀ ਘਟਨਾ ਹੈ, ਜਿਸ ਨਾਲ ਕਣਕ, ਆਲੂ, ਮੱਕੀ ਅਤੇ ਸੂਰਜਮੁਖੀ ਵਰਗੀਆਂ ਪ੍ਰਮੁੱਖ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ।
ਕਿਸਾਨ ਖਾਸ ਤੌਰ 'ਤੇ ਕਣਕ ਦੀ ਫ਼ਸਲ ਨੂੰ ਲੈ ਕੇ ਚਿੰਤਤ ਹਨ, ਮੀਂਹ ਤੇ ਗੜੇਮਾਰੀ ਨਾਲ ਝਾੜ 'ਤੇ ਅਸਰ ਪੈ ਸਕਦਾ ਹੈ। ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਬਹੁਤ ਸਾਰੀਆਂ ਪੱਕ ਰਹੀਆਂ ਫ਼ਸਲਾਂ ਨੂੰ ਖੇਤਾਂ ਵਿਚ ਹੀ ਵਿਛਾ ਦਿੱਤਾ ਹੈ, ਜਿਸ ਕਾਰਨ ਫ਼ਸਲਾਂ ਦੀ ਗੁਣਵੱਤਾ ’ਤੇ ਕਾਫ਼ੀ ਪ੍ਰਭਾਵ ਪਵੇਗਾ। ਇਸ ਬਸੰਤ ਰੁੱਤ ’ਚ ਕਣਕ ਦੀ ਫ਼ਸਲ ਦੇ ਨਾਲ-ਨਾਲ ਸਰ੍ਹੋਂ ਅਤੇ ਪੱਠਿਆਂ ਦੀਆਂ ਫ਼ਸਲਾਂ ਵੀ ਕਾਫ਼ੀ ਪ੍ਰਭਾਵਿਤ ਹੋ ਸਕਦੀਆਂ ਹਨ।
ਇਸ ਕਾਰਨ ਕਿਸਾਨਾਂ ਨੂੰ ਇਸ ਸੀਜ਼ਨ ’ਚ ਦੋਹਰੀ ਮਾਰ ਝੱਲਣੀ ਪੈ ਸਕਦੀ ਹੈ। ਦੂਜੇ ਪਾਸੇ ਗੜੇਮਾਰੀ ਕਾਰਨ ਕਈ ਪਿੰਡਾਂ ’ਚ ਕੱਚੇ ਘਰਾਂ ਦੀਆਂ ਛੱਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਕੱਚੇ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਗੀ ਧੁੱਪ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਸਨ ਕਿਉਂਕਿ ਧੁੱਪ ਕਾਰਨ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਫ਼ਸਲ ਬਹੁਤ ਵਧੀਆ ਹੋਵੇਗੀ ਅਤੇ ਆਮਦਨ ਵੀ ਕਾਫ਼ੀ ਚੰਗੀ ਹੋਵੇਗੀ ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਅਚਾਨਕ ਖ਼ਰਾਬ ਮੌਸਮ ਕਾਰਨ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਗਿਆ।