ਪੁਰਾਣੀ ਕੰਢਿਆਲੀ ਤਾਰ ਦੀ ਥਾਂ ਮੁੜ ਕਬਜ਼ਾ ਕਰਨ ਦਾ ਮਾਮਲਾ
ਕੰਢਿਆਲੀ ਤਾਰ ਨਾਲ ਛੇੜਛਾੜ ਕਾਰਨ ਸਰਹੱਦੀ ਪਿੰਡਾਂ ਦੇ ਕਿਸਾਨ ਭੜਕੇ
ਭਾਰਤ-ਪਾਕਿ ਸਰਹੱਦ 'ਤੇ ਪੰਜਾਬ ਅੰਦਰ ਸੰਤਾਪ ਭਰੇ ਦਿਨਾਂ ਦੌਰਾਨ ਤਿੰਨ ਦਹਾਕਿਆਂ ਤੋਂ ਪਹਿਲਾਂ (1986) ਭਾਰਤ ਨੇ ਅਪਣੇ ਵਾਲੇ ਪਾਸੇ ਕੰਡਿਆਲੀ ਤਾਰ ਲਗਾ ਦਿਤੀ ਤਾਂ ਜੋ ਇਸ ਥਾਂ ਤੋਂ ਅਕਸਰ ਪਾਕਿਸਤਾਨ ਵਾਲੇ ਪਾਸੇ ਤੋਂ ਹੁੰਦੀ ਘੁਸਪੈਠ ਨੂੰ ਰੋਕਿਆ ਜਾ ਸਕੇ। ਇਸ ਤੋਂ ਬਾਅਦ ਸਰਹੱਦੀ ਕਿਸਾਨਾਂ ਦੀ ਲਗਾਤਾਰ ਲਟਕਦੀ ਆ ਰਹੀ ਮੰਗ ਦੇ ਮੱਦੇਨਜ਼ਰ ਕਰੀਬ ਪੰਜ ਸਾਲ ਪਹਿਲਾਂ ਕੰਡਿਆਲੀ ਤਾਰ ਨੂੰ ਠੀਕ ਜਗ੍ਹਾ 'ਤੇ ਲਗਾ ਦਿਤਾ ਸੀ। ਜਦਕਿ ਪੁਰਾਣੀ ਪੁੱਟੀ ਤਾਰ ਦੀ ਥਾਂ 'ਤੇ ਅੱਜ ਠੇਕੇਦਾਰਾਂ ਵਲੋਂ ਮੁੜ ਤਾਰ ਲਗਾਉਣੀ ਸ਼ੁਰੂ ਕੀਤੀ ਤਾਂ ਇਸ ਦੇ ਵਿਰੋਧ ਵਿਚ ਤਿੰਨ ਸਰਹੱਦੀ ਪਿੰਡਾਂ ਦੇ ਕਿਸਾਨ ਅਤੇ ਹੋਰ ਲੋਕ ਭਾਰੀ ਗੁੱਸੇ ਅਤੇ ਰੋਸ ਵਿਚ ਆ ਗਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਬੀਐਸਐਫ਼ ਵਿਰੁਧ ਡਟਵਾਂ ਵਿਰੋਧ ਸ਼ੁਰੂ ਕਰ ਕੇ ਜ਼ੋਰਦਾਰ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਕਿਸਾਨਾਂ ਨੇ ਕਿਹਾ ਕਿ ਅਜੇ ਤਕ ਤਾਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਮੁੜ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਜਾ ਰਿਹਾ ਹੇ। ਇਸ ਮੌਕੇ ਸਰਹੱਦੀ ਪਿੰਡਾਂ ਰੋਸਾ, ਚੰਦੂਵਡਾਲਾ ਅਤੇ ਬੇਚਿਰਾਗ ਪਿੰਡ ਚੱਜਤਖ਼ਤੂਪਰ ਦੇ ਕਿਸਾਨ ਸਰਪੰਚ ਪ੍ਰਭਸ਼ਰਨ ਸਿੰਘ ਰੋਸੇ, ਪਰਮਜੀਤ ਸਿੰਘ, ਕਰਲਜੀਤ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਰਛਪਾਲ ਸਿੰਘ, ਅਜੀਤ ਸਿੰਘ, ਲੱਖਾ ਸਿੰਘ, ਗੁਰਮੋਹਨ ਸਿੰਘ ਆਦਿ ਨੇ ਦਸਿਆ ਕਿ ਤਿੰਨ ਦਹਾਕੇ ਪਹਿਲਾਂ ਲਾਈ ਕੰਡਿਆਲੀ ਤਾਰ ਸਮੇਂ ਵੀ ਉਨ੍ਹਾਂ ਦਾ ਕਾਫ਼ੀ ਉਜਾੜਾ ਹੋਇਆ ਸੀ।
ਉਸ ਸਮੇਂ ਵੀ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੀਆਂ ਜ਼ਮੀਨਾਂ 'ਚ ਗ਼ਲਤ ਢੰਗ ਨਾਲ ਤਾਰ ਲਗਾ ਦਿਤੀ ਸੀ। ਜੋ ਵੀ ਕਿਸਾਨ ਉਸ ਸਮੇਂ ਬੋਲਿਆ ਵੀ ਤਾਂ ਉਸ ਨੂੰ ਚੁੱਪ ਕਰਵਾ ਦਿਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਹੁਣ ਸਹੀ ਜਗ੍ਹਾ 'ਤੇ ਕੰਢਿਆਲੀ ਤਾਰ ਲਗਾ ਦਿਤੀ ਹੈ ਜਿਸ ਨਾਲ ਕਿਸਾਨਾਂ ਨੂੰ ਅਪਣੀਆਂ ਸੈਂਕੜੇ ਏਕੜ ਜ਼ਮੀਨਾਂ ਵਿਚ ਖੇਤੀ ਕਰਨ ਦੀ ਆਜ਼ਾਦੀ ਮਿਲ ਗਈ ਹੈ ਜਦਕਿ ਹੁਣ ਮੁੜ ਸਬੰਧਤ ਵਿਭਾਗ ਉਨ੍ਹਾਂ ਦੀ ਆਜ਼ਾਦੀ ਵਿਚ ਰੁਕਾਵਟ ਪਾ ਕੇ ਉਸ ਨੂੰ ਰੋਕਣਾ ਚਾਹੁੰਦੇ ਹਨ। ਜਿਸ ਕਾਰਨ ਪੁੱਟੀ ਕੰਢਿਆਲੀ ਤਾਰ ਦੀ ਜਗ੍ਹਾ ਵਿਚ ਤਾਰ ਲਗਾਉਣੀ ਸ਼ੁਰੂ ਕਰ ਦਿਤੀ ਹੈ। ਕਿਸਾਨਾਂ ਨੇ ਕਿਹਾ ਹੁਣ ਪਿੱਛੇ ਤਾਰ ਨਹੀਂ ਲਗਾਉਣ ਦੇਣਗੇ ਜਿਸ ਤਹਿਤ ਉਨ੍ਹਾਂ ਵਲੋਂ ਮਾਨਯੋਗ ਸੁਪਰੀਮ ਕੋਰਟ ਵਿਚ ਕੇਸ ਵੀ ਦਾਖ਼ਲ ਕਰਵਾਇਆ ਹੈ ਜਿਸ 'ਤੇ ਸਟੇਅ ਦੇ ਹੁਕਮ ਵਾਸਤੇ 23 ਅਪ੍ਰੈਲ ਤਰੀਕ ਹੈ। ਸੀਮਾ ਸੁਰੱਖਿਆ ਬਲ ਸੈਕਟਰ ਹੈਡਕੁਆਰਟਰ ਗੁਰਦਾਸਪੁਰ ਦੇ ਡੀਆਈ ਜੀ ਸ੍ਰੀ ਆਰ.ਕੇ. ਸ਼ਰਮਾ ਨੇ ਗੱਲਬਾਤ ਦੌਰਾਨ ਦਸਿਆ ਕਿ ਬੀਐਸਐਫ਼ ਸਰਹੱਦੀ ਲੋਕਾਂ ਅਤੇ ਕਿਸਾਨਾਂ ਦੀ ਹਰ ਇਕ ਮੁਸ਼ਕਲ ਨੂੰ ਹੱਲ ਕਰਨ ਲਈ ਸੰਜੀਦਾ ਹਨ।