9 ਹਜਾਰ ਦੇਸੀ ਫਸਲੀ ਬੀਜਾਂ ਨੂੰ ਸੰਭਾਲ ਕੇ ਰੱਖਣ ਵਾਲਾ ਬੈਂਕ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਉਤਰਾਖੰਡ ਵਿੱਚ ਦੇਸੀ ਬੀਜਾਂ ਨੂੰ ਬਚਾਅ ਕੇ ਰੱਖਣ ਲਈ ਵਿਆਹ ਮੌਕੇ ਕਿਸੇ ਨਾ ਕਿਸੇ ਕਿਸਮ ਦੇ ਦੇਸੀ ਬੀਜ ਤੋਹਫੇ ਵਜੋਂ ਦਿੱਤੇ ਜਾਂਦੇ ਹ

seeds


      ਦੇਸ਼ ਦੇ ਕਿਸਾਨ ਕਈ ਰਾਜਾਂ ਵਿੱਚ ਕਿਸਾਨਾਂ ਵਲੋਂ ਖੇਤਾਂ ਵਿੱਚ ਬੀਜਾਂ ਦੀ ਪੈਦਾਵਾਰ ਕਰਨੀ ਛੱਡੇ ਜਾਣ ਪਿੱਛੋਂ ਬਹੁਤ ਗਿਣਤੀ ਕਿਸਾਨ ਫਸਲਾਂ, ਫੁੱਲ, ਫਲ, ਸਬਜੀਆਂ ਤੱਕ ਦੇ ਬੀਜਾਂ ਦੀ ਖਰੀਦ ਕਰਨ ਲਈ ਬਜਾਰ 'ਤੇ ਨਿਰਭਰ ਹੋ ਚੁੱਕਿਆ ਹੈ। ਜਦੋਂ ਕਿ ਕਦੇ ਸਮਾਂ ਸੀ ਜਦੋਂ ਕਿਸਾਨ ਰਵਾਇਤੀ ਫਸਲਾਂ ਕਣਕ, ਝੋਨਾ, ਕਪਾਹ, ਛੋਲੇ, ਮੱਕੀ ਆਦਿ ਸਮੇਤ ਕਈ ਫਸਲਾਂ ਦੇ ਬੀਜ ਆਪਣੇ ਖੇਤਾਂ ਵਿੱਚੋਂ ਹੀ ਰੱਖ ਕੇ ਬੀਜ ਲੈਦਾ ਸੀ। ਇਨ੍ਹਾਂ ਫਸਲਾਂ ਦੇ ਬੀਜਾਂ ਨੂੰ ਸੰਭਾਲ ਕੇ ਰੱਖਣ ਦੇ ਅਧੁਨਿਕ ਢੰਗ ਨਾ ਹੋਣ ਕਰਕੇ ਕਣਕ ਦਾ ਬੀਜ ਪੰਜ ਛੇ ਮਹੀਨੇ ਤੂੜੀ ਵਾਲੇ ਕੋਠੇ ਵਿੱਚ ਰੱਖਿਆ ਜਾਦਾ ਸੀ ਤਾਂ ਕਿ ਕੀੜੇ/ਮਕੌੜਿਆਂ ਤੋਂ ਬਚਾਅ ਹੋ ਸਕੇ। ਪਰ ਆਧੁਨਿਕਤਾ ਦੀ ਮਾਰ ਨੇ ਖੇਤਾਂ ਵਿੱਚੋਂ ਬਹੁਤ ਸਾਰੀਆਂ ਦੇਸ਼ੀ ਬੀਜਾਂ ਦੀਆਂ ਕਿਸਮਾਂ ਨੂੰ ਖਤਮ ਕੀਤਾ ਹੈ। ਪਰ ਦੇਸ਼ ਦੇ ਮੱਧ ਪ੍ਰਦੇਸ਼,ਉਤਾਰਖੰਡ ਅਤੇ ਮਹਾਰਾਸ਼ਟਰ ਵਿੱਚ ਦੇਸ਼ੀ ਫਸਲਾਂ ਦੇ ਬੀਜਾਂ ਨੂੰ ਸੰਭਾਲਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਅਜਿਹਾ ਬੈਂਕ ਹੈ। ਜਿਸ ਨੇ ਤਕਰੀਬਨ 9 ਹਜਾਰ ਕਿਸਮਾਂ ਦੇ ਦੇਸੀ ਬੀਜ ਸੰਭਾਲ ਕੇ ਰੱਖੇ ਹੋਏ ਹਨ। ਇਨ੍ਹਾਂ ਵਿੱਚ 7 ਹਜਾਰ ਕਿਸਮਾਂ ਇਕੱਲੇ ਛੋਲਿਆਂ ਨਾਲ ਸਬੰਧਤ ਹਨ। ਉਤਰਾਖੰਡ ਵਿੱਚ ਦੇਸੀ ਬੀਜਾਂ ਨੂੰ ਬਚਾਅ ਕੇ ਰੱਖਣ ਲਈ ਵਿਆਹ ਮੌਕੇ ਕਿਸੇ ਨਾ ਕਿਸੇ ਕਿਸਮ ਦੇ ਦੇਸੀ ਬੀਜ ਤੋਹਫੇ ਵਜੋਂ ਦਿੱਤੇ ਜਾਂਦੇ ਹਨ। ਮਹਾਰਾਸ਼ਟਰ ਦੇ ਵਰਧਾ ਜਿਲ੍ਹੇ ਦੀ ਤਹਿਸੀਲ ਸਮੁੰਦਰਪੁਰ ਦੇ ਗੀਰੜ ਪਿੰਡ ਵਿੱਚ ਵੀ ਦੇਸੀ ਬੀਜਾਂ ਨੂੰ ਸੰਭਾਲ ਕੇ ਰੱਖਣ ਦੀ ਮੁਹਿੰਮ ਚਲਾਈ ਗਈ ਹੈ ਅਤੇ ਪੰਜਾਬ ਦੇ ਕਈ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਵੀ ਜਿਆਦਾਤਰ ਕਣਕ,ਪਾਲਕ, ਕਮਾਦ,ਮਟਰ,ਛੋਲੇ ਆਦਿ ਸਮੇਤ ਕਈ ਤਰ੍ਹਾਂ ਦੇ ਦੇਸੀ ਬੀਜਾਂ ਨਾਲ ਹੀ ਖੇਤੀ ਕਰਦੇ ਹਨ। ਹਾਈਬਰੀਡ ਬੀਜਾਂ ਦੇ ਮੁਕਾਬਲੇ ਦੇਸੀ ਬੀਜਾਂ ਦੀਆਂ ਕਿਸਮਾਂ ਮੌਸਮੀ ਤਬਦੀਲੀਆਂ ਨਾਲ ਟਾਕਰਾ ਕਰਨ ਦੀ ਹਿੰਮਤ ਰਖਦੀਆਂ ਹਨ ਅਤੇ ਇਨ੍ਹਾਂ ਦੇਸੀ ਕਿਸਮਾਂ ਦੀ ਪੈਦਾਵਾਰ ਲਈ ਕੀੜੇਮਾਰ ਦਵਾਈਆਂ,ਰਸਾਇਣਿਕ ਖਾਦਾਂ ਆਦਿ ਦੀ ਜਰੂਰਤ ਨਹੀ ਪੈਂਦੀ। ਦੁਸਮਣ ਕੀੜਿਆਂ ਨੂੰ ਦੋਸਤ ਕੀੜੇ ਆਪਣੇ ਆਪ ਹੀ ਖਤਮ ਕਰ ਦਿੰਦੇ ਹਨ ਅਤੇ ਦੇਸੀ ਕਿਸਮਾਂ ਆਪਣੇ ਫਲ ਕੁਦਰਤੀ ਤੌਰ 'ਤੇ ਪੈਦਾ ਕਰਦੀਆਂ ਹਨ। ਜਦੋਂ ਕਿ ਹਾਈਬਰੀਡ ਕਿਸਮਾਂ ਕੋਲੋਂ ਕਈ ਗੁਣਾਂ ਵੱਧ ਝਾੜ ਲੈਣ ਲਈ ਨਸ਼ੇ ਵਰਗੀ ਖਾਧ/ਦਵਾਈ ਆਦਿ ਦੇਣੀ ਪੈਦੀ ਹੈ। ਜਿਸ ਦੀ ਵਰਤੋ ਨਾਲ ਦੁਸਮਣ ਕੀੜਿਆਂ ਦੇ ਨਾਲ ਹੀ ਦੋਸਤ ਕੀੜੇ ਵੀ ਖਤਮ ਹੋ ਜਾਂਦੇ ਹਨ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਇੱਕ ਨਾ ਇੱਕ ਦਿਨ ਦੇਸੀ ਬੀਜਾਂ ਵਾਲੀਆਂ ਫਸਲਾਂ ਦੀ ਕਾਸ਼ਤ ਕਰਨ ਵੱਲ ਮੁੜਨਾ ਪੈਣਾ ਹੈ। ਬਾਜਾਰ ਵਾਸਤੇ ਫਸਲਾਂ ਦੀ ਪੈਦਾਵਾਰ ਕਰ ਰਹੇ ਕਿਸਾਨ ਨੂੰ ਖੁਦ ਆਪਣੇ ਲਈ ਅਤੇ ਮਨੁੱਖ ਜਾਤੀ ਲਈ ਖਾਧ ਪਦਾਰਥਾਂ ਦੀ ਪੈਦਾਵਾਰ ਕਰਨੀ ਪੈਣੀ ਹੈ। ਹਾਈਬਰੀਡ ਕਿਸਮਾਂ ਤੋਂ ਤਿਆਰ ਹੋ ਕੇ ਆ ਰਹੀਆਂ ਸ਼ਬਜੀਆਂ/ਫਲ ਆਦਿ ਨੇ ਮਨੁੱਖ ਦੀ ਸਿਹਤ ਨੂੰ ਬੀਮਾਰ ਕੀਤਾ ਹੈ। ਕੈਂਸਰ ਵਰਗੀਆਂ ਬੀਮਾਰੀਆਂ ਦਾ ਮੁੱਢ ਬੰਨਿਆ ਗਿਆ ਹੈ। ਬਲੱਡ ਪ੍ਰੈਸ਼ਰ, ਸੂਗਰ,ਹਾਰਟ ਅਟੈਕ ਤੋਂ ਲੈ ਕੇ ਦਰਜਨ ਭਰ ਅਜਿਹੀਆਂ ਬੀਮਾਰੀਆਂ ਨੇ ਮਨੁੱਖ ਨੂੰ ਘੇਰਿਆ ਹੈ ਕਿ ਹਰ ਪਰਿਵਾਰ ਦੇ 5 ਵਿੱਚੋਂ ਤਿੰਨ ਮੈਬਰ ਦੀ ਕਿਸੇ ਨਾ ਕਿਸੇ ਰੂਪ ਵਿੱਚ ਦਵਾਈ ਚਲਦੀ ਹੈ। ਬਹੁਤ ਗਿਣਤੀ ਅਜਿਹੇ ਪਰਿਵਾਰਾਂ ਦੀ ਵੀ ਹੈ। ਜਿਨ੍ਹਾਂ ਦੇ ਸਾਰੇ ਹੀ ਮੈਂਬਰ ਦਵਾਈ ਖਾ ਰਹੇ ਹਨ। ਦੇਸੀ ਬੀਜਾਂ ਦੇ ਨਾਲ ਹੀ ਹੋਰ ਅਜਿਹੀ ਬਨਸਪਤੀ ਵੀ ਖਤਮ ਹੋਈ ਹੈ। ਜਿਹੜੀ ਸਰੀਰਕ ਲੋੜ੍ਹਾਂ ਨੂੰ ਪੂਰਾ ਕਰਦੀ ਸੀ। ਜਿਸ ਕਰਕੇ ਵਿਟਾਮਿਨ,ਆਇਰਨ, ਕੈਲਸੀਅਮ ਆਦਿ ਦੀ ਘਾਟ ਨੂੰ ਪੂਰਾ ਕਰਨ ਲਈ ਮੈਡੀਕਲ ਸਟੋਰ ਭਰੇ ਪਏ ਹਨ। ਕਿਉਕਿ ਵੰਨ-ਸੁਵੰਨੇ ਕੁਦਰਤੀ ਸਰੋਤ ਖਤਮ ਹੋਣ ਖੇਤ ਇਨ੍ਹਾਂ ਚੀਜ਼ਾਂ ਤੋਂ ਖਾਲੀ ਹੋ ਗਏ ਹਨ। ਕਿਸਾਨ ਦੇਸੀ ਕਿਸਮ ਦੇ ਬੀਜਾਂ ਨੂੰ ਹਰ ਵਾਰ ਉਸ ਹੀ ਫਸਲ ਤੋਂ ਲੈ ਕੇ ਬੀਜ ਸਕਦਾ ਹੈ ਪਰ ਹਾਈਬਰੀਡ ਕਿਸਮ ਦਾ ਬੀਜ ਕਿਸਾਨ ਨੂੰ ਹਰ ਸਾਲ ਨਵਾਂ ਹੀ ਖਰੀਦਣਾ ਪੈਂਦਾ ਹੈ। ਜੇਕਰ ਅਜਿਹੀਆਂ ਵੱਧ ਝਾੜ ਦੇਣ ਵਾਲੀਆਂ ਹਾਈਬਰੀਡ ਕਿਸਮਾਂ ਕਾਰਨ ਵਪਾਰੀ ਕਮਾਈ ਜਿਆਦਾ ਦੇ ਰਿਹਾ ਹੈ ਤਾਂ ਬੀਮਾਰੀਆਂ ਅਤੇ ਹੋਰ ਅਲਾਮਤਾਂ ਦੇ ਰੂਪ ਵਿੱਚ ਬਜਾਰ ਕਈ ਗੁਣਾਂ ਪੈਸਾ ਕਿਸਾਨ ਕੋਲੋਂ ਵਸੂਲ ਵੀ ਰਿਹਾ ਹੈ। ਜੇਕਰ ਦੇਸ਼ ਭਰ ਦਾ ਕਿਸਾਨ ਬਜਾਰ ਛੱਡ ਕੇ ਸਿਰਫ ਆਪਣੇ ਪਰਿਵਾਰ ਦੇ ਖਾਣ ਲਈ ਹੀ ਦੇਸੀ ਬੀਜਾਂ ਵਾਲੀ ਫਸਲ ਬੀਜ ਸਕਦਾ ਹੋਵੇ ਤਾਂ ਉਸ ਨਾਲ ਵੀ ਭਲਾ ਹੋ ਸਕਦਾ ਹੈ। 
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜਿਲ੍ਹਾ ਪਟਿਆਲਾ