ਛਪੜੀ ਵਿਚ ਉਗਾਉ ਕਮਲ ਫੁੱਲ, ਲੱਖਾਂ ਰੁਪਏ ਕਮਾਉ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਮਲ ਦਾ ਫੁੱਲ ਸ਼ਾਂਤੀ, ਖੇੜੇ ਅਤੇ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Lotus Flower

ਕਮਲ ਦਾ ਫੁੱਲ ਸ਼ਾਂਤੀ, ਖੇੜੇ ਅਤੇ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਕੁੱਝ ਹਿੱਸੇ ਦਵਾਈਆਂ ਲਈ ਵਰਤੇ ਜਾਂਦੇ ਹਨ। ਇਸ ਦੀਆਂ ਜੜ੍ਹਾਂ ਦੇ ਟੰਡਨ (ਭੇਂਅ) ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ-ਅਚਾਰਾਂ ਲਈ ਵਰਤੇ ਜਾਂਦੇ ਹਨ ਜੋ ਬਹੁਤ ਸਵਾਦੀ ਹੁੰਦੇ ਹਨ। ਇਸ ਦੇ ਕੋਫ਼ਤੇ ਅਤੇ ਆਚਾਰ ਆਮ ਵਰਤੋਂ 'ਚ ਆਉਂਦੇ ਹਨ। ਇਸ ਦੇ ਬੀਜ ਕੌਲ ਡੋਡੇ ਦਾ ਰੂਪ ਲੈਂਦੇ ਹਨ।

ਅੱਜ-ਕਲ ਇਸ ਦੀ ਫ਼ਸਲ ਆਮ ਬੀਜੀ ਜਾ ਰਹੀ ਅਤੇ ਇਸ ਨੂੰ ਵਪਾਰਕ-ਧੰਦੇ ਵਜੋਂ ਲੋਕ ਅਪਣਾ ਰਹੇ ਹਨ। ਦੂਜੀਆਂ ਫ਼ਸਲਾਂ ਨਾਲੋਂ ਇਸ 'ਚ ਆਰਥਕ ਲਾਭ ਵਧੀਆ ਹੈ ਤੇ ਮਿਹਨਤ ਵੀ ਦਰਮਿਆਨੀ ਕਰਨੀ ਪੈਂਦੀ ਹੈ। ਗੁਰਦਾਸਪੁਰ ਸ਼ਹਿਰ ਤੋਂ ਲਗਭਗ ਤਿੰਨ ਕਿਲੋਮੀਟਰ ਦੂਰੀ ਤੇ ਸਰਕਾਰੀ ਕਾਲਜ ਰੋਡ ਵਲ ਸੜਕ ਦੇ ਨਜ਼ਦੀਕ ਹੀ ਹੈ ਪਿੰਡ ਪੁਕਰਾ ਹੈ।

ਪਿੰਡ ਪੁਕਰੇ ਦੀ ਜ਼ਮੀਨ ਵਿਚ ਹੈ ਇਸ ਫ਼ਸਲ ਦੀ ਭਰਮਾਰ। ਇਸ ਫ਼ਸਲ ਨੂੰ ਤਿਆਰ ਕਰਨ ਵਾਲੇ ਇਕ ਕਿਸਾਨ ਅਨੁਸਾਰ ਉਸ ਕੋਲ ਸੱਤ ਕਿੱਲਿਆਂ ਦਾ ਛੱਪੜ ਹੈ ਜਿਸ ਵਿਚ ਉਹ ਭੇਂਆਂ ਤੇ ਕੌਲ ਡੋਡਿਆਂ ਦੀ ਫ਼ਸਲ ਉਗਾਉਂਦੇ ਹਨ। ਬੀਜਾਂ ਅਤੇ ਜੜ੍ਹਾਂ (ਭੇਂਆਂ) ਤੋਂ ਵੀ ਫ਼ਸਲ ਤਿਆਰ ਕੀਤੀ ਜਾ ਸਕਦੀ ਹੈ। ਬੀਜ ਬੀਜਣ ਨਾਲ ਸਮਾਂ ਬਹੁਤ ਲਗਦਾ ਹੈ

ਜਦਕਿ ਭੇਂਆਂ ਦੇ ਛੋਟੇ-ਛੋਟੇ ਟੁਕੜੇ ਕਰ ਕੇ ਗੰਨਾ ਪ੍ਰਣਾਲੀ ਵਾਂਗ ਇਨ੍ਹਾਂ ਨੂੰ ਜ਼ਮੀਨ ਵਿਚ ਨੱਪ ਦਿਤਾ ਜਾਂਦਾ ਹੈ। ਕੁੱਝ ਦਿਨਾਂ 'ਚ ਇਸ ਦੇ ਤਣੇ ਦਾ ਪੱਤਰ ਪਾਣੀ ਦੀ ਸਤ੍ਹਾ 'ਤੇ ਫੈਲ ਜਾਂਦਾ ਹੈ ਜੋ ਵੇਖਣ ਨੂੰ ਬਹੁਤ ਸੁੰਦਰ ਲਗਦਾ ਹੈ। ਫਿਰ ਕੁੱਝ ਦਿਨਾਂ 'ਚ ਫੁੱਲ ਪੈ ਜਾਂਦੇ ਹਨ। ਪੱਤੇ ਦੇ ਵਜੂਦ 'ਚੋਂ ਤਣੇ ਨਾਲ ਡੋਡੀ ਬਣਦੀ ਹੈ ਅਤੇ ਫੁੱਲ ਅਪਣੀ ਹੋਂਦ ਤਣੇ ਨਾਲ ਬਰਕਰਾਰ ਰਖਦਾ ਹੈ।

ਕੌਲ ਡੋਡੇ ਪੱਕਣ ਤੋਂ ਬਾਅਦ ਛੱਪੜ ਦਾ ਪਾਣੀ ਘਟਾਇਆ ਜਾਂਦਾ ਹੈ ਜਦੋਂ ਇਹ ਸਮਝ ਲਿਆ ਜਾਵੇ ਕਿ ਭੇਂਅ ਜ਼ਮੀਨ 'ਚ ਤਿਆਰ ਹੋ ਗਏ ਹੋਣਗੇ। ਭੇਂਆਂ ਨੂੰ ਪੁੱਟਣ ਦਾ ਕੰਮ ਮੁਸ਼ਕਲ ਅਤੇ ਤਕਨੀਕ ਯੁਕਤ ਹੁੰਦਾ ਹੈ। ਭੇਂਆਂ ਨੂੰ ਸਾਫ਼ ਕਰ ਕੇ ਵੇਚਿਆ ਜਾਂਦਾ ਹੈ।

ਇਹ ਭਾਰਤ 'ਚ ਨਹੀਂ ਵਿਦੇਸ਼ਾਂ 'ਚ ਵੀ ਭੇਜੇ ਜਾਂਦੇ ਹਨ। ਪੰਜਾਬ 'ਚ ਇਹ ਦਸ ਰੁਪਏ ਤੋਂ ਲੈ ਕੇ ਵੀਹ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੇ ਹਨ। ਸਾਲ ਵਿਚ ਦੋ ਵਾਰੀ ਫ਼ਸਲ ਤਿਆਰ ਕੀਤੀ ਜਾ ਸਕਦੀ ਹੈ। ਸਰਕਾਰ ਇਸ 'ਤੇ ਕਰਜ਼ਾ ਵੀ ਦਿੰਦੀ ਹੈ। ਅੱਜ-ਕਲ ਇਸ ਫ਼ੁੱਲ ਦੀ ਮੰਗ ਵਧਦੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।