ਕਿਸਾਨਾਂ ਵੱਲੋਂ 3 ਘੰਟੇ ਲਈ ਰੇਲਵੇ ਟਰੈਕ ਜਾਮ, ਸੂਬਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਦਾ ਇਹ ਪ੍ਰਦਰਸ਼ਨ ਵਿਲੇਜ ਲੈਂਡ ਐਕਟ 1961 ਵਿਚ ਕੀਤੀ ਗਈ ਸੋਧ ਵਿਰੁੱਧ ਹੈ

Farmers ProtestRailway track jam by farmers for 3 hours

 

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਵੱਲੋਂ ਅੱਜ 3 ਘੰਟੇ ਲਈ ਰੇਲਵੇ ਟਰੈਕ ਜਾਮ ਕੀਤੇ ਗਏ। ਕਿਸਾਨਾਂ ਨੇ ਦੁਪਹਿਰ 12 ਵਜੇ ਤੋਂ ਕਰੀਬ 3 ਵਜੇ ਤੱਕ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਉਹਨਾਂ ਦੀਆਂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਇਹ ਪ੍ਰਦਰਸ਼ਨ ਵਿਲੇਜ ਲੈਂਡ ਐਕਟ 1961 ਵਿਚ ਕੀਤੀ ਗਈ ਸੋਧ ਵਿਰੁੱਧ ਹੈ। ਇਸ ਦੌਰਾਨ ਕਿਸਾਨ ਅੰਮ੍ਰਿਤਸਰ ਵਿਚ ਵੱਲਾ ਫਾਟਕ ਵਿਖੇ ਕਿਸਾਨ ਇਕੱਠੇ ਹੋਏ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਇਸ ਐਕਟ ਵਿਚ ਸੋਧ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿਚ ਜ਼ਮੀਨ ਵੱਡੇ ਨਿੱਜੀ ਘਰਾਣਿਆਂ ਨੂੰ ਦੇ ਸਕਦੀ ਹੈ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦਾ ਗੁੱਸਾ ਕੇਂਦਰ ਵਿਰੁੱਧ ਸੀ ਪਰ ਹੁਣ ਪੰਜਾਬ ਸਰਕਾਰ ਵੀ ਉਸੇ ਰਾਹ ’ਤੇ ਚੱਲ ਰਹੀ ਹੈ। ਸਰਕਾਰ ਨੇ ਕਾਮਨ ਵਿਲੇਜ ਲੈਂਡ ਐਕਟ 1961 ਵਿਚ ਸੋਧ ਕੀਤੀ ਹੈ। ਇਸ  ਤਹਿਤ ਮੁਸ਼ਤਰਕਾ ਮਲਕਣ ਵਾਲੀ ਜ਼ਮੀਨ ਦੀ ਮਲਕੀਅਤ ਪੰਚਾਇਤ ਨੂੰ ਦੇਣ ਦੀ ਤਿਆਰੀ ਚੱਲ ਰਹੀ ਹੈ।

ਕਿਸਾਨਾਂ ਦਾ ਦੋਸ਼ ਹੈ ਕਿ ਪਿੰਡਾਂ ਵਿਚ ਪੰਚਾਇਤਾਂ ਉਹਨਾਂ ਵੱਲੋਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਸੂਬੇ ਵਿਚ ਸਰਕਾਰ ਹੈ। ਅਜਿਹੇ 'ਚ ਜੇਕਰ ਪੰਚਾਇਤਾਂ ਨੂੰ ਮੁਸ਼ਤਰਕਾ ਮਲਕਣ ਦੀਆਂ ਜ਼ਮੀਨਾਂ ਦਾ ਅਧਿਕਾਰ ਮਿਲ ਜਾਵੇਗਾ ਤਾਂ ਉਹ ਸਿੱਧੇ ਤੌਰ 'ਤੇ ਆਪਣੀ ਮਰਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਇਹ ਸਪੱਸ਼ਟ ਹੈ ਕਿ ਸਰਕਾਰਾਂ ਇਹ ਜ਼ਮੀਨਾਂ ਪਿੰਡਾਂ ਦੇ ਕਿਸਾਨਾਂ ਤੋਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣਗੀਆਂ, ਪਰ ਇਹ ਕਿਸਾਨ ਕਦੇ ਵੀ ਮਨਜ਼ੂਰ ਨਹੀਂ ਹੋਣ ਦੇਣਗੇ।

ਕਿਸਾਨਾਂ ਵੱਲੋਂ ਬਿਜਲੀ ਅਲਾਟਮੈਂਟ ਐਕਟ ਵਿਚ ਕੀਤੀ ਗਈ ਸੋਧ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਬਿਜਲੀ ਦੀ ਵੰਡ ਨਿੱਜੀ ਹੱਥਾਂ ਵਿਚ ਦੇਣ ਜਾ ਰਹੀ ਹੈ। ਹੌਲੀ-ਹੌਲੀ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਖੋਹ ਲਈਆਂ ਜਾਣਗੀਆਂ। ਬਿਜਲੀ ਵੰਡ ਦਾ ਅਧਿਕਾਰ ਸੂਬਾ ਸਰਕਾਰ ਦੇ ਹੱਥਾਂ ਵਿਚ ਹੈ ਪਰ ਕੇਂਦਰ ਸਰਕਾਰ ਉਹਨਾਂ ਤੋਂ ਇਹ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨਾਂ ਦੇ ਪ੍ਰਦਰਸ਼ਨ ਦੇ ਚਲਦਿਆਂ ਸ਼ਾਨ-ਏ-ਪੰਜਾਬ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਮੁੰਬਈ-ਅੰਮ੍ਰਿਤਸਰ, ਜੰਮੂ ਤਵੀ, ਸੱਚਖੰਡ ਸਾਹਿਬ ਆਦਿ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਰੇਲਵੇ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਟਰੈਕ 'ਤੇ ਬੈਠਣ ਤੋਂ ਬਾਅਦ ਰੇਲ ਗੱਡੀਆਂ ਨੂੰ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਟ੍ਰੈਕ 'ਤੇ ਰੋਕ ਦਿੱਤਾ ਗਿਆ।