ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਫੂਕੇ ਗਏ ਮੋਦੀ ਸਰਕਾਰ ਦੇ ਪੁਤਲੇ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਭ ਦੋਸ਼ੀਆਂ 'ਤੇ ਤੁਰੰਤ ਬਣਦੀ ਕਾਰਵਾਈ ਕਰ ਕੇ ਜੇਲ੍ਹਾਂ ਵਿਚ ਸੁੱਟਿਆ ਜਾਵੇ ਅਤੇ ਉਲਟਾ ਪੀੜਤ ਪਰਿਵਾਰਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ

Farmers Protest

ਅੰਮ੍ਰਿਤਸਰ -  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਬੰਡਾਲਾ, ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਵਿਚ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਅੱਜ ਭਾਰਤ ਪੱਧਰੀ ਕਾਲ ਦੇ ਚਲਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ 46 ਥਾਵਾਂ 'ਤੇ ਅਜੈ ਮਿਸ਼ਰਾ ਟੈਨੀ, ਆਸ਼ੀਸ਼ ਮਿਸ਼ਰਾ ਟੈਨੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ, ਜ਼ਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਲਾਖੀਮਪੁਰ ਖੇੜੀ ਅੰਦਰ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚਾੜ੍ਹ ਕੇ 4 ਕਿਸਾਨ ਅਤੇ ਇੱਕ ਪਤਰਕਾਰ ਸਮੇਤ 5 ਕਤਲ ਕਰਨ ਵਾਲੇ ਆਸ਼ੀਸ਼ ਮਿਸ਼ਰਾ ਟੈਨੀ ਅਤੇ ਉਸ ਦੇ ਬਾਪ 'ਤੇ 120 ਬੀ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅੱਜ ਵੀ ਸਲਾਖ਼ਾਂ ਤੋਂ ਬਾਹਰ ਹਨ ਅਤੇ ਮੋਦੀ ਸਰਕਾਰ ਵਿਚ ਅੱਜ ਵੀ ਟੈਨੀ ਮਿਸ਼ਰਾ ਮੰਤਰੀ ਪਦ 'ਤੇ ਬੈਠਾ ਹੋਇਆ ਹੈ

 ਜੋ ਕਿ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰ ਦੱਸੇ ਜਾਣ ਵਾਲੇ ਭਾਰਤ ਦੇਸ਼ ਵਿਚਲੇ ਲੋਕਤੰਤਰਿਕ ਕਦਰਾਂ ਕੀਮਤਾਂ, ਨਿਆਂ ਪ੍ਰਣਾਲੀ ਅਤੇ ਪੁਲਿਸ ਤੰਤਰ ਦੀ ਕਾਰਗੁਜਾਰੀ ਤੇ ਇੱਕ ਵੱਡਾ ਸਵਾਲ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਇਸ ਘਟਨਾ ਦਾ ਇਨਸਾਫ਼ ਲੈਣ ਤੱਕ ਲੜਾਈ ਜਾਰੀ ਰੱਖਣਗੇ ਅਤੇ ਮੋਦੀ ਸਰਕਾਰ ਅਜਿਹੇ ਦੋਸ਼ੀਆਂ ਨੂੰ ਸ਼ਰਨ ਦੇਣੀ ਬੰਦ ਕਰੇ ਨਹੀਂ ਤਾਂ 2024 ਦੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਵੱਡਾ ਸਬਕ ਸਿਖਾਉਣਗੇ।

ਉਹਨਾਂ ਕਿਹਾ ਕਿ ਅਸੀਂ ਉਹਨਾਂ 5 ਸ਼ਹੀਦਾਂ ਸਮੇਤ 750 ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ ਜਿੰਨਾ ਦੀ ਕੁਰਬਾਨੀ ਸਦਕਾ ਦਿੱਲੀ ਮੋਰਚੇ ਵਿਚ ਕਿਸਾਨ ਮਜ਼ਦੂਰ ਦੀ ਜਿੱਤ ਹੋਈ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਭ ਦੋਸ਼ੀਆਂ 'ਤੇ ਤੁਰੰਤ ਬਣਦੀ ਕਾਰਵਾਈ ਕਰ ਕੇ ਜੇਲ੍ਹਾਂ ਵਿਚ ਸੁੱਟਿਆ ਜਾਵੇ ਅਤੇ ਉਲਟਾ ਪੀੜਤ ਪਰਿਵਾਰਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਥਾਵਾਂ ਤੇ ਸਮੂਹ ਜ਼ਿਲ੍ਹਾ, ਜ਼ੋਨ ਅਤੇ ਪਿੰਡ ਪੱਧਰੀ ਆਗੂਆਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਔਰਤਾਂ ਹਾਜ਼ਿਰ ਰਹੇ।