ਕਿਸਾਨਾਂ ਨੇ ਪ੍ਰਸ਼ਾਸਨ ਨੂੰ ਪਰਾਲੀ ਚੁਕਵਾਉਣ ਦੀ ਕੀਤੀ ਅਪੀਲ
ਬੇਲਰ ਵਾਲੇ ਸਾਡੇ ਖੇਤ ’ਚੋਂ ਪਰਾਲੀ ਨਹੀਂ ਲੈ ਕੇ ਜਾ ਰਹੇ: ਕਿਸਾਨ
ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਮੂਣਕੇ ਇਲਾਕੇ ਦੇ ਮਹਾਂ ਸਿੰਘ ਵਾਲਾ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਆਪਣੀਆਂ ਮੁਸ਼ਕਿਲਾਂ ਰੱਖਦਿਆਂ ਕਿਹਾ ਕਿ ਅਸੀਂ ਲਗਭਗ ਸਾਰੇ ਪਿੰਡ ਵਿੱਚ ਜਿਆਦਾ ਗਿਣਤੀ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਰ ਚੁੱਕੇ ਹਾਂ, ਪਰ ਬੇਲਰ ਦੇ ਨਾਲ ਪਰਾਲੀ ਚੱਕਣ ਵਾਲੇ ਸਾਡੇ ਖੇਤਾਂ ਦੇ ਵਿੱਚੋਂ ਪਰਾਲੀ ਚੱਕਣ ਨਹੀਂ ਆ ਰਹੇ।
ਕਿਸਾਨਾਂ ਨੇ ਕਿਹਾ ਕਿ ਜਦੋਂ ਅਸੀਂ ਬੇਲਰ ਵਾਲਿਆਂ ਨਾਲ ਸੰਪਰਕ ਕਰਦੇ ਹਾਂ ਤਾਂ ਉਹ ਆਪਣੀਆਂ ਸ਼ਰਤਾਂ ਰੱਖਦੇ ਹਨ। ਕਿਸਾਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ, ਪਰ ਪ੍ਰਸ਼ਾਸਨ ਖੁਦ ਬੇਲਰ ਵਾਲਿਆਂ ਨਾਲ ਸੰਪਰਕ ਕਰਕੇ ਸਾਡੇ ਖੇਤਾਂ ਦੇ ਵਿੱਚ ਉਹਨਾਂ ਨੂੰ ਭੇਜੇ ਅਤੇ ਸਾਡੇ ਖੇਤਾਂ ਵਿੱਚੋਂ ਪਰਾਲੀ ਚੁਕਵਾਏ, ਤਾਂ ਜੋ ਸਾਡੀ ਇਹ ਸਮੱਸਿਆ ਦਾ ਹੱਲ ਹੋ ਸਕੇ।
ਜਦੋਂ ਇਸ ਮਾਮਲੇ ’ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੇਲਰ ਦੇ ਨਾਲ ਪਰਾਲੀ ਚੱਕੀ ਜਾਵੇਗੀ।
ਅਗਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਬੇਲਰ ਵਾਲਾ ਆਪਣੀਆਂ ਸ਼ਰਤਾਂ ਦੱਸਦਾ ਹੈ ਜਾਂ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਚੱਕਣ ਨਹੀਂ ਆ ਰਿਹਾ ਤਾਂ ਕਿਸਾਨ ਸਵੇਰ 8 ਤੋਂ ਸ਼ਾਮ 8 ਤੱਕ ਸੰਗਰੂਰ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01672234196 ਤੇ ਆਪਣੀ ਸਮੱਸਿਆ ਜਾਂ ਅਪੀਲ ਦਰਜ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਸਾਨਾਂ ਤੋਂ ਸਾਥ ਮੰਗਿਆ ਅਤੇ ਉਹਨਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਸਾਡਾ ਸਾਥ ਦੇਣਗੇ ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ।