Farmer: ਕਿਸਾਨ ਹਰਮਨਦੀਪ ਸਿੰਘ ਪਰਾਲੀ ਨੂੰ ਬਿਨਾ ਅੱਗ ਲਾਏ ਪਿਛਲੇ 8 ਸਾਲਾਂ ਤੋਂ ਕਰ ਰਿਹੈ ਲਾਹੇਵੰਦ ਖੇਤੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਆਲੂਆਂ ਦੀ ਫ਼ਸਲ ਉਪਰ ਪੈਣ ਵਾਲੀ ਪੋਟਾਸ਼, ਡੀ.ਏ.ਪੀ., ਯੂਰੀਆ ਦੀ ਲਾਗਤ ਹੋਈ ਅੱਧੀ : ਕਿਸਾਨ ਹਰਮਨਦੀਪ ਸਿੰਘ

Farmer Harmandeep Singh has been doing profitable farming for the last 8 years without burning the stubble

ਮੋਗਾ (ਅਮਜਦ ਖ਼ਾਨ) : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ’ਤੇ ਜਿਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਥੇ ਹੀ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਉਪਰ ਵੀ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ। ਅਜੋਕੇ ਸਮੇਂ ਜਿਥੇ ਕਿ ਕਿਸਾਨਾਂ ਲਈ ਪਰਾਲੀ ਦੀ ਸੁਚੱਜੀ ਵਰਤੋਂ ਇਕ ਚੁਣੌਤੀ ਬਣੀ ਹੈ, ਉਥੇ ਹੀ ਮੋਗਾ-1 ਬਲਾਕ ਦੇ ਪਿੰਡ ਕੋਕਰੀ ਫੂਲਾ ਦਾ ਅਗਾਂਹਵਧੂ ਕਿਸਾਨ ਹਰਮਨਦੀਪ ਸਿੰਘ ਇਨ੍ਹਾਂ ਚੁਣੌਤੀਆਂ ਤੋਂ ਉਪਰ ਉਠ ਕੇ  ਅਪਣੀ 20 ਏਕੜ ਜ਼ਮੀਨ ਵਿਚ ਪਿਛਲੇ 8 ਸਾਲਾਂ ਤੋਂ ਬਿਨਾਂ ਅੱਗ ਲਗਾਏ ਸਫ਼ਲਤਾਪੂਰਵਕ ਖੇਤੀ ਕਰ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।

ਹਰਮਨਦੀਪ ਸਿੰਘ ਸਿੰਘ 20 ਏਕੜ ਵਿਚ ਕਣਕ, ਆਲੂ ਅਤੇ ਝੋਨੇ ਦੀ ਖੇਤੀ ਕਰਦਾ ਹੈ। ਉਸ ਨੇ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਮਲਚਰ ਤੇ ਉਲਟਾਵੇ ਹਲ ਮਾਰ ਕੇ, ਕਣਕ ਦੀ ਬਿਜਾਈ ਕਰਦਾ ਹੈ ਜਿਸ ਨਾਲ ਨਾ ਤਾਂ ਵਾਤਾਵਰਣ ਉਪਰ ਮਾੜਾ ਪ੍ਰਭਾਵ ਪੈਂਦਾ ਅਤੇ ਨਾ ਹੀ ਕਿਸਾਨ ਦੀ ਜੇਬ ਤੇ ਕਿਉਂਕਿ ਇਸ ਨਾਲ ਫ਼ਸਲ ਦੇ ਝਾੜ ਉਪਰ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ।

ਉਸ ਨੇ ਕਿਹਾ ਕਿ ਇਸ ਨਾਲ ਉਸ ਦੀ ਆਲੂ ਦੀ ਫ਼ਸਲ ਉਪਰ ਪੈਣ ਵਾਲੀ ਪੋਟਾਸ਼, ਡੀ.ਏ.ਪੀ., ਯੂਰੀਆ ਦੀ ਲਾਗਤ ਅੱਧੀ ਹੋ ਗਈ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਦਿਲੋਂ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਵਾਤਾਵਰਨ ਦੀ ਸ਼ੁੱਧਤਾ ਵਿਚ ਅਪਣਾ ਅਹਿਮ ਯੋਗਦਾਨ ਦੇ ਰਿਹਾ ਹੈ।  ਕਿਸਾਨ ਹਰਮਨਦੀਪ ਸਿੰਘ ਨੇ ਦਸਿਆ ਕਿ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਮਾਹਰਾਂ ਦੀਆਂ ਸੇਧਾਂ ’ਤੇ ਚਲ ਕੇ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹ ਰਿਹਾ ਹੈ, ਜਿਸ ਨਾਲ ਅਗਲੀ ਫ਼ਸਲ ਵਿਚ ਖਾਦਾਂ ਦੀ ਵਰਤੋਂ ਨਾ-ਮਾਤਰ ਹੀ ਹੁੰਦੀ ਹੈ ਅਤੇ ਝਾੜ ਵਿਚ ਵੀ ਵਾਧਾ ਹੋ ਰਿਹਾ ਹੈ।

ਕਿਸਾਨ ਦਾ ਕਹਿਣਾ ਹੈ ਕਿ ਪਰਾਲੀ ਨੂੰ ਜ਼ਮੀਨ ਵਿਚ ਮਿਲਾਉਣ ਨਾਲ ਮਿੱਟੀ ਪੋਲੀ ਅਤੇ ਭੂਰਪੁਰੀ ਹੋਈ ਹੈ ਅਤੇ ਗੁਣਵੱਤਾ ਵਿਚ ਵੀ ਸੁਧਾਰ ਆਇਆ ਹੈ। ਕਿਸਾਨ ਹਰਮਨਦੀਪ ਸਿੰਘ ਨੇ ਜ਼ਿਲ੍ਹਾ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ੀਰੋ ਸਟਬਲ ਬਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਅਪਣਾ ਯੋਗਦਾਨ ਪਾਉਣ ਤਾਕਿ ਅਸੀਂ ਸਾਰੇ ਸ਼ੁੱਧ ਵਾਤਾਵਰਨ ਵਿਚ ਸਾਹ ਲੈ ਸਕੀਏ।