2014 ਤੋਂ 2016 ਤਕ 36000 ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦੇਸ਼ ਭਰ 'ਚ ਦਿਵਾਲੀਆਪਨ ਜਾਂ ਕਰਜ਼ੇ ਦੇ ਕਾਰਨ 8007 ਕਿਸਾਨਾਂ ਅਤੇ 4595 ਖੇਤੀਬਾੜੀ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ

farmer

ਕੇਂਦਰ ਸਰਕਾਰ ਨੇ ਦੱਸਿਆ ਕਿ ਦੇਸ਼ 'ਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਦੇ ਦੌਰਾਨ ਕਰਜ਼ੇ, ਦਿਵਾਲੀਆਪਨ ਤੇ ਹੋਰ ਕਾਰਨਾਂ ਨਾਲ ਕਰੀਬ 36 ਹਜ਼ਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ | ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ 2014, 2015 ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਅਤੇ ਸਾਲ 2016 ਦੇ ਅੰਤਿਮ ਅੰਕੜਿਆਂ ਦੇ ਹਵਾਲੇ ਨਾਲ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ | ਲੋਕ ਸਭਾ 'ਚ ਐਡਵੋਕੇਟ ਜੋਏਸ ਜਾਰਜ ਦੇ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ 'ਭਾਰਤ 'ਚ ਹਾਦਸੇ 'ਚ ਮੌਤਾਂ ਅਤੇ ਖ਼ੁਦਕੁਸ਼ੀਆਂ' ਨਾਂਅ ਦੇ ਪ੍ਰਕਾਸ਼ਨ 'ਚ ਖ਼ੁਦਕੁਸ਼ੀਆਂ ਨਾਲ ਜੁੜੀ ਰਿਪੋਰਟ ਦੇ ਅਨੁਸਾਰ ਸਾਲ 2014 'ਚ 12360, 2015 'ਚ 12602 ਅਤੇ 2016 'ਚ 11370 ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ | ਖੇਤੀਬਾੜੀ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2015 ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਭਰ 'ਚ ਦਿਵਾਲੀਆਪਨ ਜਾਂ ਕਰਜ਼ੇ ਦੇ ਕਾਰਨ 8007 ਕਿਸਾਨਾਂ ਅਤੇ 4595 ਖੇਤੀਬਾੜੀ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ | ਇਸ ਤੋਂ ਇਲਾਵਾ ਦੇਸ਼ 'ਚ 52 ਫ਼ੀਸਦੀ ਖੇਤੀਬਾੜੀ ਪਰਿਵਾਰਾਂ ਦੇ ਕਰਜ਼ਦਾਰ ਹੋਣ ਦਾ ਅਨੁਮਾਨ ਹੈ ਅਤੇ ਪ੍ਰਤੀ ਖੇਤੀਬਾੜੀ ਪਰਿਵਾਰ 'ਤੇ ਬਕਾਇਆ ਔਸਤ ਕਰਜ਼ਾ 47000 ਰੁਪਏ ਹੈ | ਰਾਧਾ ਮੋਹਨ ਸਿੰਘ ਨੇ ਰਾਸ਼ਟਰੀ ਨਮੂਨਾ ਸਰਵੇਖ਼ਣ ਦਫ਼ਤਰ ਦੇ ਖੇਤੀਬਾੜੀ ਵਰ੍ਹੇ ਜੁਲਾਈ 2012-ਜੂਨ 2013 ਦੇ ਸੰਦਰਭ ਦੇ ਲਈ ਦੇਸ਼ ਦੇ ਪੇਂਡੂ ਖ਼ੇਤਰਾਂ 'ਚ 70ਵੇਂ ਦੌਰ ਦੇ ਖੇਤੀਬਾੜੀ ਪਰਿਵਾਰ ਦੇ ਸਰਵੇਖ਼ਣ ਅੰਕੜਿਆਂ ਦੇ ਆਧਾਰ 'ਤੇ ਇਹ ਗੱਲ ਕਹੀ | ਉਨ੍ਹਾਂ ਦੱਸਿਆ ਕਿ ਅਖਿਲ ਭਾਰਤੀ ਪੱਧਰ 'ਤੇ ਬਕਾਇਆ ਕਰਜ਼ੇ ਦਾ ਲਗਪਗ 60 ਫ਼ੀਸਦੀ ਸੰਸਥਾਗਤ ਸ੍ਰੋਤਾਂ ਰਾਹੀਂ ਲਿਆ ਗਿਆ ਸੀ ਜਿਸ 'ਚ ਸਰਕਾਰ ਤੋਂ 2.1 ਫ਼ੀਸਦੀ, ਸਹਿਕਾਰੀ ਸਮਿਤੀ ਤੋਂ 14.8 ਫ਼ੀਸਦੀ ਅਤੇ ਬੈਂਕਾਂ ਤੋਂ ਲਿਆ ਗਿਆ ਕਰਜ਼ਾ 42.9 ਫ਼ੀਸਦੀ ਸੀ | ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਪਰਿਵਾਰਾਂ ਵਲੋਂ ਗ਼ੈਰ-ਸੰਸਥਾਗਤ ਸ੍ਰੋਤਾਂ ਤੋਂ ਲਏ ਗਏ ਬਕਾਇਆ ਕਰਜ਼ੇ 'ਚ ਖੇਤੀ ਅਤੇ ਕਾਰੋਬਾਰੀ ਸ਼ਾਹੂਕਾਰਾਂ ਤੋਂ 25.8 ਫ਼ੀਸਦੀ, ਦੁਕਾਨਦਾਰਾਂ ਤੇ ਵਪਾਰੀਆਂ ਤੋਂ 2.9 ਫ਼ੀਸਦੀ, ਨੌਕਰੀਪੇਸ਼ਾ ਜਾਂ ਜ਼ਮੀਨ ਦੇ ਮਾਲਕਾਂ ਤੋਂ 0.8 ਫ਼ੀਸਦੀ, ਰਿਸ਼ਤੇਦਾਰਾਂ ਤੇ ਮਿੱਤਰਾਂ ਤੋਂ 9.1 ਫ਼ੀਸਦੀ ਅਤੇ ਹੋਰਨਾਂ ਤੋਂ 1.6 ਫ਼ੀਸਦੀ ਕਰਜ਼ਾ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਪ੍ਰਤੀ ਖੇਤੀਬਾੜੀ ਪਰਿਵਾਰ ਬਕਾਇਆ ਕਰਜ਼ ਦੀ ਔਸਤ ਰਾਸ਼ੀ 47000 ਰੁਪਏ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਸਥਾਗਤ ਕਰਜ਼ ਪ੍ਰਵਾਹ ਵਧਾਉਣ ਅਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਸਮੇਤ ਵੱਧ ਤੋਂ ਵੱਧ ਕਿਸਾਨਾਂ ਨੂੰ ਸੰਸਥਾਗਤ ਕਰਜ਼ ਦੇ ਤਹਿਤ ਲਿਆਉਣ ਦੇ ਲਈ ਕਈ ਉਪਾਅ ਕੀਤੇ ਹਨ | ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਫ਼ਸਲੀ ਕਰਜ਼ਾ ਪ੍ਰਦਾਨ ਕਰਨ ਦੇ ਲਈ ਕਦਮ ਉਠਾਏ ਗਏ ਹਨ |