ਬਲਦਾਂ ਨਾਲ ਚਲਣ ਵਾਲੇ ਹੱਲ ਹੁਣ ਅਜਾਇਬ ਘਰਾਂ ਦਾ ਬਣ ਕੇ ਰਹਿ ਗਏ ਹਨ ਸ਼ਿੰਗਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀ ਦੇ ਸੰਦ ਹਰ ਕਿਸਾਨ ਦੇ ਘਰ ਦਾ ਸ਼ਿੰਗਾਰ ਹੁੰਦੇ ਸਨ।

Image: For representation purpose only.


ਇਹ ਗੱਲ ਉਨ੍ਹਾਂ ਵੇਲਿਆ ਦੀ ਸੀ ਜਦੋਂ ਪੰਜਾਬ ਵਿਚ ਮਸੀਨੀ ਯੁੱਗ ਨਹੀਂ ਸੀ ਆਇਆ। ਉਸ ਵੇਲੇ ਬਲਦਾਂ ਨਾਲ ਹੱਲ ਜੋੜ ਕੇ ਪੈਲੀ ਵਾਹੀ ਜਾਂਦੀ ਸੀ। ਖੇਤੀ ਦੇ ਸੰਦ ਹਰ ਕਿਸਾਨ ਦੇ ਘਰ ਦਾ ਸ਼ਿੰਗਾਰ ਹੁੰਦੇ ਸਨ। ਕਿਸਾਨ ਸਵੇਰੇ ਮੂੰਹ ਹਨੇਰੇ ਉਠ ਕੇ ਬਿਨਾਂ ਕੁੱਝ ਖਾਧੇ ਪੀਤੇ ਬਲਦਾਂ ਦੇ ਗਲ ਵਿਚ ਪੰਜਾਲੀ ਪਾ ਕੇ ਹੱਲ ਮੋਢੇ ਤੇ ਚੁਕ ਕੇ ਖੇਤਾਂ ਵਲ ਚਲ ਪੈਂਦਾ ਸੀ। ਉਸ ਸਮੇਂ ਸਾਰੀ ਖੇਤੀਬਾੜੀ ਇੰਦਰ ਦੇਵਤਾ ਤੇ ਯਾਨੀ ਕਿ ਬਾਰਸ਼, ਮੀਂਹ ’ਤੇ ਨਿਰਭਰ ਸੀ। ਸਾਡੀ ਪੈਲੀ ਰੋਹੀ ਵਾਲੀ ਸੀ। ਜ਼ਿਆਦਾ ਬਾਰਸ਼, ਮੀਂਹ ਪੈਣ ਨਾਲ ਹੜ੍ਹ ਆ ਜਾਂਦੇ ਸੀ। ਪਾਣੀ ਪੈਲੀ ਵਿਚ ਰੁਕ ਜਾਂਦਾ ਸੀ, ਫ਼ਸਲ ਮਾਰੀ ਜਾਂਦੀ ਸੀ। ਸਾਡੀ ਸੱਤ ਕਿਲੇ ਪੈਲੀ ਵਿਚੋਂ ਮਸਾਂ 40 ਭਰੀਆਂ ਕਣਕ ਦੀਆਂ ਨਿਕਲਦੀਆਂ ਸਨ। ਖੂਹ ਵੀ ਉਦੋਂ ਕਿਤੇ ਕਿਤੇ, ਟਾਂਵੇ ਟਾਂਵੇਂ ਹੁੰਦੇ ਸਨ।

ਸੁਆਣੀਆਂ ਖੇਤਾਂ ਵਿਚ ਹਾਲੀਆਂ ਵਾਸਤੇ ਰੋਟੀ ਲੈ ਕੇ ਆਉਂਦੀਆਂ ਸਨ ਜਿਸ ਨਾਲ ਅੰਬ ਦਾ ਅਚਾਰ, ਗੰਢਾ, ਸਬਜ਼ੀ ਰੋਟੀ ਨਾਲ ਖਾਣ ਨੂੰ, ਰੋਟੀ ਖਾਣ ਤੋਂ ਬਾਅਦ ਲੱਸੀ ਪਾਣੀ ਦੀ ਜਗ੍ਹਾ ਪੀਣ ਨੂੰ ਦਿੰਦੀਆਂ ਸਨ। ਬਾਅਦ ਵਿਚ ਮੂੰਹ ਮਿੱਠਾ ਕਰਨ ਲਈ ਗੁੜ ਦਿਤਾ ਜਾਂਦਾ ਸੀ। ਜਦੋਂ ਸਾਝਰੇ ਚਿੜੀਆਂ ਚੂਕਦੀਆਂ ਸਨ ਹਾਲੀ ਬਲਦ ਲੈ ਕੇ ਜਦੋਂ ਹੱਲ ਵਾਹੁਣ ਲਈ ਖੇਤਾਂ ਵਲ ਤੁਰਦੇ ਸੀ ਬਲਦਾਂ ਦੇ ਗਲ ਵਿਚ ਪਈਆਂ ਟਲੀਆਂ ਵਜਦੀਆਂ ਸਨ ਤੇ ਮਧੁਰ ਸੰਗੀਤ ਪੈਦਾ ਹੁੰਦਾ ਸੀ। ਉਸ ਸਮੇਂ ਇਕ ਦੂਸਰੇ ਦੀ ਮਦਦ ਲਈ ਕਈ ਵਾਰੀ ਹਾਲੀਆਂ ਦੀ ਮੰਗ ਵੀ ਪਾ ਲਈ ਜਾਂਦੀ ਸੀ। ਕਣਕ ਵੀ ਫਲਿਆਂ ਨਾਲ ਕੱਢੀ ਜਾਂਦੀ ਸੀ। ਛੱਜ ਨਾਲ ਕਣਕ ਨੂੰ ਛੱਟਣ ਲਈ ਕੁਦਰਤੀ ਹਵਾ ਦਾ ਸਹਾਰਾ ਲੈਣਾ ਪੈਂਦਾ ਸੀ। ਕਈ ਵਾਰੀ ਹਵਾ ਨਾ ਚਲਣ ਕਰ ਕੇ ਕਿਸਾਨ ਪ੍ਰੇਸ਼ਾਨ ਹੋ ਜਾਂਦੇ ਸੀ।

ਇਕ ਵਾਰੀ ਦੀ ਗੱਲ ਹੈ ਮੈਂ ਬਲਦਾਂ ਨਾਲ ਪੈਲੀ ਵਿਚ ਹੱਲ ਵਾਹ, ਚਲਾ ਰਿਹਾ ਸੀ। ਖੇਤ ਦੇ ਅਖ਼ੀਰ ਮੋੜ ਤੇ ਜਾ ਕੇ ਬਲਦ ਨੂੰ ਮੋੜਦੇ ਸਮੇਂ ਬਲਦ ਦੇ ਪਿਛਲੇ ਪੈਰ ਉਤੇ ਹੱਲ ਦਾ ਮੌਹਰਲਾ ਫਾਲਾ ਵੱਜ ਗਿਆ ਜਿਸ ਨਾਲ ਮੇਰੇ ਬਲਦ ਦੇ ਪਿਛਲੇ ਪੈਰ ਵਿਚੋਂ ਖ਼ੂਨ ਨਿਕਲਣ ਲੱਗ ਪਿਆਂ। ਜ਼ਖ਼ਮੀ ਬਲਦ ਨੂੰ ਦਰਦ ਤਾਂ ਹੋਣਾ ਸੀ ਉਸ ਤੋਂ ਵੱਧ ਦਰਦ ਬਲਦ ਦਾ ਮੈਂ ਮਹਿਸੂਸ ਕੀਤਾ। ਮੈਂ ਉਸ ਦਿਨ ਦੁੱਖ ਵਿਚ ਡੁੱਬੇ ਨੇ ਰੋਟੀ ਤਕ ਨਹੀਂ ਖਾਧੀ। ਮੇਰਾ ਬਲਦਾਂ ਤੇ ਹੋਰ ਡੰਗਰਾਂ ਨਾਲ ਇੰਨਾ ਪਿਆਰ ਸੀ ਜਿਸ ਵਿਚ ਸਾਡੀ ਛੁਡਾਰੂ ਮੱਝ ਵੀ ਸ਼ਾਮਲ ਸੀ ਜੋ ਸਿਰਫ਼ ਸਾਡੀ ਬੀਜੀ ਕੋਲੋਂ ਹੀ ਮਿਲਦੀ ਸੀ। ਜਿੰਨਾ ਚਿਰ ਉਨ੍ਹਾਂ ਦਾ ਪੂਰਾ ਘਾਹ ਚਰ ਕੇ ਰੱਜ ਵੱਖੀਆਂ ਨਹੀਂ ਸੀ ਭਰ ਜਾਂਦੀਆਂ ਤੇ ਉਗਾਲੀ ਨਹੀਂ ਸੀ ਕਰਦੇ ਘਰ ਲੈ ਕੇ ਨਹੀਂ ਸੀ ਆਉਂਦਾ। ਸਕੂਲੋਂ ਆਣ ਕੇ ਸੂਏ ਤੋਂ ਡੰਗਰਾਂ ਨੂੰ ਨਹਾ ਧਵਾ ਕੇ ਲਸ਼ਕਾ ਕੇ ਲਿਆਉਂਦਾ ਸੀ। ਉਸ ਸਮੇਂ ਲਾਗੇ ਡੰਗਰਾਂ ਦਾ ਹਸਪਤਾਲ ਵੀ ਨਹੀਂ ਸੀ। ਮੈਂ ਰੋਜ਼ਾਨਾ ਮਿੱਟੀ ਦਾ ਤੇਲ ਪਾ ਕੇ ਅਪਣੇ ਬਲਦ ਦਾ ਜ਼ਖ਼ਮੀ ਪੈਰ ਠੀਕ ਕੀਤਾ ਸੀ।

ਸਮਾਂ ਬਦਲਿਆ ਅੱਜ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਜਿਹੜੀ ਵਾਹੀ ਦਿਨਾਂ ਵਿਚ ਹੁੰਦੀ ਸੀ, ਹੁਣ ਘੰਟਿਆਂ ਵਿਚ ਹੋ ਜਾਦੀ ਹੈ। ਜਿਹੜੇ ਬਲਦਾਂ ਦਾ ਮੰਡੀ ਵਿਚ ਹਜ਼ਾਰਾਂ ਦਾ ਮੁਲ ਪੈਂਦਾ ਸੀ। ਹੁਣ ਬਲਦ ਅਵਾਰਾ ਬਣ ਬਜ਼ਾਰਾਂ ਵਿਚ ਘੁੰਮਦੇ ਫਿਰਦੇ ਹਨ।ਜਿਨ੍ਹਾਂ ਦਾ ਸ਼ਿਕਾਰ ਹਰ ਰੋਜ਼ ਕੋਈ ਨਾ ਕੋਈ ਰਾਹਗੀਰ, ਫ਼ਸਲਾਂ ਦੇ ਉਜਾੜੇ ਨਾਲ ਕਿਸਾਨ ਹੁੰਦਾ ਰਹਿੰਦਾ ਹੈ। ਹੁਣ ਇਨ੍ਹਾਂ ਬਲਦਾਂ ਨਾਲ ਚਲਣ ਵਾਲੇ ਹੱਲ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਇਹ ਇਸ ਲਈ ਰੱਖੇ ਹਨ ਜੋ ਨਵੀਂ ਪੀੜ੍ਹੀ ਅਪਣੇ ਪਿਤਾ ਪੁਰਖਾਂ ਦੀ ਮਿਹਨਤ ਤੋਂ ਅਨਜਾਣ ਨੂੰ ਦਸਣ ਲਈ ਕੇ ਇਹੀ ਹੱਲ ਵਾਹ ਅਪਣੇ ਟੱਬਰ ਦੀ ਰੋਟੀ ਰੋਜ਼ੀ ਦਾ ਗੁਜ਼ਾਰਾ ਕਰਦੇ ਸੀ, ਅਪਣਾ ਟੱਬਰ ਪਾਲਦੇ ਸੀ।

ਅੱਜ ਦੀ ਪੀੜ੍ਹੀ ਅਪਣੇ ਹੱਥੀ ਕਿਰਤ ਨਹੀਂ ਕਰਦੀ। ਉਹ ਤਾਂ ਸਿਰਫ਼ ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੈ। ਅੱਜ ਦਾ ਨੌਜਵਾਨ ਅਪਣੇ ਘਰ ਦਾ ਵਾਹੀ ਦਾ ਹੱਥੀਂ ਕੰਮ ਕਰਨ ਨੂੰ ਤਿਆਰ ਨਹੀਂ। ਦੇਖਾ ਦੇਖੀ ਡਾਲਰਾਂ ਦੀ ਚਮਕ ਦਮਕ ਦੇਖ ਵਿਦੇਸ਼ਾਂ ਵਲ ਅਪਣਾ ਸੱਭ ਕੁੱਛ ਵੇਚ ਵੱਟ ਭੱਜ ਰਿਹਾ ਹੈ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਜਿਹੜੇ 20,22 ਲੱਖ ਲਾ ਕੇ ਬਾਹਰ ਜਾ ਰਿਹਾ ਹੈ। ਕੰਮ ਨਾ ਮਿਲਣ ਕਾਰਨ ਤੇ ਘਰ ਮਹਿੰਗੇ ਮਿਲਣ ਕਰ ਕੇ ਫ਼ੀਸਾਂ ਵੀ ਨਹੀਂ ਪੂਰੀਆਂ ਹੋ ਰਹੀਆਂ। ਖਾਣਾ ਵੀ ਇਕ ਸਮਾਂ ਮਿਲ ਰਿਹਾ ਹੈ। ਡਿਪਰੈਸ਼ਨ ਵਿਚ ਜਾ ਕੇ ਦਿਲ ਦੇ ਦੌਰੇ ਨਾਲ ਮੌਤਾਂ ਹੋ ਰਹੀਆਂ ਹਨ। ਮਾਪਿਆਂ ਨੂੰ ਅਪਣੇ ਬੱਚਿਆਂ ਦੀ ਚਿੰਤਾ ਮਾਰੀ ਜਾ ਰਹੀ ਹੈ। ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਸਾਡੇ ਪੁਰਖੇ ਹੱਲ ਵਾਹ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਹੁਣ ਤਾਂ ਮਸ਼ੀਨੀ ਸੌਖੀ ਵਾਹੀ ਹੈ। ਜੇ ਪ੍ਰਵਾਸੀ ਕਰ ਸਕਦੇ ਹਨ ਤੇ ਅਸੀਂ ਅਪਣੇ ਘਰ ਦੀ ਪੈਲੀ ਵਹਾਉਣ ਤੋਂ ਕਿਉਂ ਗੁਰੇਜ਼ ਕਰਦੇ ਹਾਂ ।ਜੇ ਇਹ ਹਾਲ ਰਿਹਾ ਤਾਂ ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ। ਬੁਢਾਪਾ ਰੁਲੇਗਾ। ਇਸ ਲਈ ਨੌਜਵਾਨਾਂ ਨੂੰ ਬਾਹਰ ਜਾਣ ਦੀ ਬਜਾਏ ਅਪਣੇ ਪੰਜਾਬ ਵਿਚ ਰਹਿ ਹੱਥੀਂ ਕੰਮ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221